ਚੰਡੀਗੜ੍ਹ (ਸੁਸ਼ੀਲ) : ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਦੇ ਵਿਆਹ 'ਚ ਤੋਹਫੇ ਵਜੋਂ ਮਿਲਿਆ ਡਾਇਮੰਡ ਨੈਕਲੈੱਸ ਚੋਰੀ ਹੋ ਗਿਆ ਹੈ। ਨੈਕਲੈੱਸ ਦੇ ਬਾਕਸ ਅੰਦਰ 2 ਡਾਇਮੰਡ ਈਅਰਰਿੰਗ ਹੀ ਮਿਲੇ। ਸੁਖਪਾਲ ਖਹਿਰਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਉਨ੍ਹਾਂ ਨੇ ਚੋਰੀ ਕਰਨ ਦਾ ਸ਼ੱਕ ਉਨ੍ਹਾਂ ਨਾਲ ਕਈ ਸਾਲ ਤੋਂ ਕੰਮ ਕਰਨ ਵਾਲਿਆਂ 'ਤੇ ਜਤਾਇਆ ਹੈ। ਸੈਕਟਰ-3 ਥਾਣਾ ਪੁਲਸ ਨੇ ਸੁਖਪਾਲ ਖਹਿਰਾ ਦੀ ਸ਼ਿਕਾਇਤ 'ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਡਰਾਈਵਰ ਸੀਟ ਹੇਠਾਂ ਮਿਲਿਆ ਖੁੱਲ੍ਹਿਆ ਬਾਕਸ
ਸੁਖਪਾਲ ਖਹਿਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸੈਕਟਰ-5 ਸਥਿਤ ਕੋਠੀ 'ਚ ਰਹਿੰਦੇ ਹਨ। 10 ਨਵੰਬਰ, 2019 ਨੂੰ ਉਨ੍ਹਾਂ ਦੇ ਬੇਟੇ ਵਕੀਲ ਮਹਿਤਾਬ ਸਿੰਘ ਦਾ ਵਿਆਹ ਨਾਭਾ-ਪਟਿਆਲਾ ਰੋਡ ਸਥਿਤ ਲੱਛਮੀ ਰਿਜ਼ੋਰਟ 'ਚ ਆਯੋਜਿਤ ਕੀਤਾ ਗਿਆ ਸੀ। ਵਿਆਹ 'ਚ ਤੋਹਫੇ ਅਤੇ ਸ਼ਗਨ ਲੈਣ ਦੀ ਜ਼ਿੰਮੇਵਾਰੀ ਪੀ. ਏ. ਮਨੀਸ਼ ਦੀ ਲਾਈ ਹੋਈ ਸੀ। ਉਨ੍ਹਾਂ ਨੇ ਵਿਆਹ 'ਚ ਬਾਕਸ 'ਚ ਮਿਲਿਆ ਇਕ ਗਿਫਟ ਪੀ. ਏ. ਮਨੀਸ਼ ਨੂੰ ਸੰਭਾਲਣ ਲਈ ਦੇ ਦਿੱਤਾ ਸੀ। ਪੀ. ਏ. ਨੇ ਇਹ ਗਿਫਟ ਅੱਗੇ ਪੀ. ਐੱਸ. ਓ. ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਓਂਕਾਰ ਸਿੰਘ ਦੇ ਹਵਾਲ ਕਰ ਦਿੱਤਾ। ਉਸੇ ਦਿਨ ਸ਼ਾਮ ਨੂੰ ਕਰੀਬ 6 ਵਜੇ ਪਟਿਆਲਾ ਤੋਂ ਸਾਰੇ ਲੋਕ ਚੰਡੀਗੜ੍ਹ ਪੁੱਜੇ। ਉਨ੍ਹਾਂ ਨੇ ਸਾਰੇ ਗਿਫਟ ਕੋਠੀ 'ਚ ਰੱਖ ਦਿੱਤੇ। ਪੀ. ਏ. ਮਨੀਸ਼ ਨੂੰ ਨੈਕਲੈੱਸ ਵਾਲਾ ਬਾਕਸ ਇਨੋਵਾ ਗੱਡੀ 'ਚ ਡਰਾਈਵਰ ਸੀਟ ਦੇ ਹੇਠਾਂ ਖੁੱਲ੍ਹਿਆ ਹੋਇਆ ਮਿਲਿਆ। ਬਾਕਸ ਦੀ ਚੇਨ ਖੁੱਲ੍ਹੀ ਹੋਈ ਸੀ ਅਤੇ ਉਸਦੇ ਅੰਦਰੋਂ ਨੈਕਲੈੱਸ ਗਾਇਬ ਸੀ। ਸਿਰਫ ਦੋ ਡਾਇਮੰਡ ਈਅਰਰਿੰਗ ਹੀ ਮਿਲੇ ਸਨ। ਮਨੀਸ਼ ਨੇ ਨੈਕਲੈੱਸ ਗਾਇਬ ਹੋਣ ਦੀ ਜਾਣਕਾਰ ਸੁਖਪਾਲ ਖਹਿਰਾ ਨੂੰ ਦਿੱਤੀ।
ਗੱਡੀ 'ਚ ਸਿਰਫ ਡਰਾਈਵਰ ਤੇ ਪੀ. ਏ. ਦਾ ਦੋਸਤ ਸੀ
ਪਟਿਆਲਾ ਤੋਂ ਚੰਡੀਗੜ੍ਹ ਆਉਣ ਵਾਲੀ ਇਨੋਵਾ ਗੱਡੀ 'ਚ ਸਿਰਫ ਡਰਾਈਵਰ ਹੈੱਡ ਕਾਂਸਟੇਬਲ ਹਰਿੰਦਰ ਸਿੰਘ ਤੇ ਪੀ. ਏ. ਮਨੀਸ਼ ਦਾ ਦੋਸਤ ਪਵਨ ਕੁਮਾਰ ਆਇਆ ਸੀ। ਸੁਖਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਆਪਣੇ ਪੱਧਰ 'ਤੇ ਜਾਂਚ ਕੀਤੀ। ਉਨ੍ਹਾਂ ਨਾਲ ਕਈ ਸਾਲ ਤੋਂ ਕੰਮ ਕਰਨ ਵਾਲੇ ਸਟਾਫ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੁਝ ਨਹੀਂ ਦੱਸਿਆ। ਸੈਕਟਰ-3 ਥਾਣਾ ਪੁਲਸ ਨੇ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਅਣਪਛਾਤੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਫੋਨ ਟੈਪ ਮਾਮਲੇ 'ਚ ਅਕਾਲੀ ਦਲ ਦਾ ਹੱਲਾ ਬੋਲ, ਵਿਧਾਨ ਸਭਾ ਸਪੀਕਰ ਤੋਂ ਮੰਗੀ ਕਾਰਵਾਈ
NEXT STORY