ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਦੇ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦੀ ਮਨਜ਼ੂਰੀ ਤੋਂ ਬਾਅਦ ਮੰਗ ਕੀਤੀ ਹੈ ਕਿ ਕਾਂਗਰਸ ਨੂੰ ਹੁਣ ਰਾਣਾ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਨਾਲ-ਨਾਲ ਈ. ਡੀ. ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ। ਵਿਧਾਇਕ ਬੈਂਸ ਅਤੇ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਵਿਰੋਧੀ ਧਿਰ ਦੀ ਭੂਮਿਕਾ ਡਟ ਕੇ ਨਿਭਾਉਂਦੇ ਰਹੇ ਹਨ ਅਤੇ ਇਸ ਕਰ ਕੇ ਹੀ ਅੱਜ ਕਾਂਗਰਸ ਪਾਰਟੀ ਨੂੰ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਰਾਣਾ ਦੇ ਅਸਤੀਫੇ ਦੀ ਮਨਜ਼ੂਰੀ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਮੂਹ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਜੇਕਰ ਆਉਣ ਵਾਲੇ ਸਮੇਂ 'ਚ ਵੀ ਕੋਈ ਕਾਂਗਰਸੀ ਮੰਤਰੀ ਜਾਂ ਵਿਧਾਇਕ ਜਾਂ ਕੋਈ ਸਰਕਾਰੀ ਅਧਿਕਾਰੀ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰੇਗਾ ਤਾਂ ਉਹ ਉਸ ਦਾ ਡਟ ਕੇ ਵਿਰੋਧ ਕਰਨਗੇ ਤੇ ਉਸ ਖਿਲਾਫ ਕਾਰਵਾਈ ਕਰਨ ਤੱਕ ਪਿੱਛਾ ਵੀ ਕਰਨਗੇ। ਦੋਵਾਂ ਆਗੂਆਂ ਨੇ ਕਿਹਾ ਕਿ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਜੇਕਰ ਕਾਂਗਰਸ ਸੱਚੀ ਹੈ ਤਾਂ ਰਾਣਾ ਖਿਲਾਫ ਮਾਮਲਾ ਦਰਜ ਕਰ ਕੇ ਇਸ ਦੀ ਵਿਜੀਲੈਂਸ ਦੇ ਨਾਲ ਆਮਦਨ ਕਰ ਵਿਭਾਗ ਅਤੇ ਈ. ਡੀ. ਕੋਲੋਂ ਜਾਂਚ ਕਰਵਾਏ ਤਾਂ ਜੋ ਪੂਰੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਰਾਣਾ ਨੇ ਆਪਣੇ ਨੌਕਰਾਂ ਅਤੇ ਰਸੋਈਏ ਤੱਕ ਦੇ ਨਾਂ 'ਤੇ ਬੋਗਸ ਕਾਗਜ਼ ਤਿਆਰ ਕਰ ਕੇ ਕਰੋੜਾਂ ਰੁਪਏ ਜਮ੍ਹਾ ਕਰਵਾਏ ਜਾਂ ਰੇਤ ਮਾਫੀਆ ਦੇ ਨਾਂ 'ਤੇ ਠੱਗੀ ਮਾਰੀ ਹੈ, ਇਸ ਦੀ ਜਾਂਚ ਹਰ ਹਾਲਤ ਵਿਚ ਹੋਣੀ ਚਾਹੀਦੀ ਹੈ।
ਲੋਕਾਂ ਲਈ ਵੱਡੀ ਰਾਹਤ : ਪ੍ਰਾਈਵੇਟ ਦਲਾਲਾਂ ਤੋਂ ਮੁਕਤੀ, ਹੁਣ ਸਰਕਾਰੀ ਦਫਤਰਾਂ 'ਚ ਮੁਫਤ ਬਣਨਗੇ ਆਧਾਰ ਕਾਰਡ
NEXT STORY