ਹੁਸ਼ਿਆਰਪੁਰ(ਘੁੰਮਣ)-'ਆਪ' ਪੰਜਾਬ 'ਚੋਂ ਆਪਣਾ-ਆਪ ਸਮੇਟਣ ਦੇ ਨਜ਼ਦੀਕ ਪਹੁੰਚਦੀ ਜਾ ਰਹੀ ਹੈ ਅਤੇ ਲੀਡਰਾਂ ਦਾ ਕਾਟੋ-ਕਲੇਸ਼ ਪਾਰਟੀ ਨੂੰ ਪੰਜਾਬ ਦੀ ਸਿਆਸਤ ਤੋਂ ਦੂਰ ਕਰ ਸਕਦਾ ਹੈ। ਗਲਤੀਆਂ ਦਾ 'ਪੁਤਲਾ' ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ 'ਚ ਕੁਝ ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ। ਜਿੱਤ ਦੇ ਨੇੜੇ ਪਹੁੰਚੀ 'ਆਪ' ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਅਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪੰਜਾਬ ਦੇ ਪੜ੍ਹੇ-ਲਿਖੇ ਲੋਕਾਂ ਨੇ 'ਆਪ' ਹਾਈ ਕਮਾਨ ਦੇ ਹਾਵ-ਭਾਵ ਦੇਖਦਿਆਂ ਆਪਣਾ ਮੂੰਹ ਐਨ ਆਖਰੀ ਮੌਕੇ 'ਤੇ ਕਾਂਗਰਸ ਵੱਲ ਕਰ ਲਿਆ। ਵਿਧਾਨ ਸਭਾ ਦੇ ਵਿਰੋਧੀ ਧਿਰ ਆਗੂ ਨੂੰ ਲੈ ਕੇ ਲੜਾਈ ਅੱਜ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਪਾਰਟੀ ਤੀਲਾ-ਤੀਲਾ ਹੋਣ ਕੰਢੇ ਪਹੁੰਚ ਗਈ ਹੈ। ਆਮ ਲੋਕਾਂ ਦੇ ਮਨ ਵਿਚ ਸਵਾਲ ਹੈ ਕਿ ਕੀ 'ਆਪ' ਪੰਜਾਬ ਿਵਚੋਂ ਆਪਣੇ-ਆਪ ਨੂੰ ਸਮੇਟਣ ਜਾ ਰਹੀ ਹੈ? 'ਆਪ' ਵੱਲੋਂ ਸਭ ਤੋਂ ਪਹਿਲਾਂ ਐੱਚ. ਐੱਸ. ਫੂਲਕਾ ਨੂੰ ਵਿਰੋਧੀ ਧਿਰ ਆਗੂ ਬਣਾਇਆ ਗਿਆ ਪਰ ਕੁਝ ਸਮੇਂ ਬਾਅਦ ਹੀ ਉਹ ਆਪਣੀਆਂ ਮਜਬੂਰੀਆਂ ਕਾਰਨ ਜਾਂ ਪੰਜਾਬ ਦੀ ਸਿਆਸਤ ਨੂੰ ਨੇੜਿਓਂ ਦੇਖਣ ਤੋਂ ਬਾਅਦ ਪਿੱਛੇ ਹਟ ਗਏ ਅਤੇ ਦਿੱਲੀ ਹਾਈ ਕਮਾਨ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਆਗੂ ਬਣਾ ਦਿੱਤਾ ਗਿਆ। ਇਸੇ ਸਮੇਂ ਦੌਰਾਨ ਸਿਆਸੀ ਲੋਕਾਂ 'ਚ ਇਹ ਚਰਚਾ ਚੱਲ ਪਈ ਕਿ 'ਆਪ' ਨੇ ਇਕ ਵਧੀਆ ਪੱਤਾ ਖੇਡਿਆ ਅਤੇ ਇਕ ਅਜਿਹੇ ਰਾਜਨੀਤਿਕ ਲੀਡਰ ਨੂੰ ਕਮਾਨ ਸੌਂਪੀ ਹੈ ਜਿਹੜਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਹਰ ਥਾਂ ਅਤੇ ਹੋਰ ਮੁੱਦੇ 'ਤੇ ਘੇਰਨ ਦੇ ਕਾਬਿਲ ਹੈ। ਵਿਧਾਨ ਸਭਾ ਦੇ ਅੰਦਰ ਤੇ ਬਾਹਰ ਸੁਖਪਾਲ ਸਿੰਘ ਖਹਿਰਾ ਇਕ ਵੱਡੇ ਆਗੂ ਬਣ ਕੇ ਨਿਕਲੇ। ਇਹ ਸਭ ਕੁਝ ਰਵਾਇਤੀ ਪਾਰਟੀਆਂ ਨੂੰ ਵੀ ਹਜ਼ਮ ਨਹੀਂ ਹੋ ਰਿਹਾ ਸੀ ਅਤੇ ਕਿਸੇ ਨਾ ਕਿਸੇ ਢੰਗ ਨਾਲ ਉਹ ਖਹਿਰਾ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਮੰਗਦੀਆਂ ਰਹੀਆਂ।
ਭਾਵੇਂ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ 2019 ਦੀਆਂ ਚੋਣਾਂ ਵਿਚ 'ਆਪ' ਸ਼ਾਇਦ ਦਿੱਲੀ, ਹਰਿਆਣਾ ਅਤੇ ਪੰਜਾਬ ਵਿਚ ਆਪਣੇ ਭਾਜਪਾ ਵਿਰੋਧੀ ਗੱਠਜੋੜ ਦਾ ਹਿੱਸਾ ਬਣੇ, ਜਿਸ ਨੂੰ ਲੈ ਕੇ ਚਰਚਾਵਾਂ ਬਹੁਤ ਤੇਜ਼ ਹਨ ਅਤੇ ਇਹ ਗੱਲ ਆਖਰੀ ਪੜਾਅ 'ਚ ਪਹੁੰਚ ਚੁੱਕੀ ਹੈ। ਇਸ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਲੱਗਦਾ ਹੈ ਕਿ ਕੇਜਰੀਵਾਲ ਨੇ ਵੀ ਸੁਖਪਾਲ ਸਿੰਘ ਖਹਿਰਾ ਦੇ ਤਿੱਖੇ ਤੇਵਰਾਂ ਤੋਂ ਘਬਰਾ ਕੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਵੀ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਦਾ ਖਹਿਰਾ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ। ਆਉਣ ਵਾਲੇ ਸਮੇਂ ਵਿਚ 'ਆਪ' ਦਾ ਦੋਫਾੜ ਹੋਣਾ ਯਕੀਨੀ ਲੱਗਦਾ ਹੈ। ਜਿਹੜੀ ਪਾਰਟੀ ਪੰਜਾਬ 'ਚ 100 ਸੀਟਾਂ ਪ੍ਰਾਪਤ ਕਰਨ ਦੀਆਂ ਆਸਾਂ ਲਾਈ ਬੈਠੀ ਸੀ, ਉਸ ਲਈ ਸ਼ਾਇਦ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਪੈਰ ਲਾਉਣੇ ਵੀ ਔਖੇ ਹੋ ਜਾਣ। ਰਵਾਇਤੀ ਪਾਰਟੀਆਂ ਤੋਂ ਦੁਖੀ ਸਿਆਸਤ ਵਿਚ ਬਦਲਾਅ ਦਾ ਸੁਪਨਾ ਦੇਖ ਰਹੇ ਲੋਕਾਂ ਦੀਆਂ ਆਸਾਂ 'ਤੇ ਵੀ 'ਆਪ' ਹਾਈ ਕਮਾਨ ਦੇ ਫੈਸਲੇ ਨਾਲ ਪਾਣੀ ਫਿਰ ਸਕਦਾ ਹੈ ਪਰ ਖਹਿਰਾ ਤੇ ਬੈਂਸ ਬ੍ਰਦਰਜ਼ ਵੱਲੋਂ ਜੋ ਨਵੀਂ ਪਾਰਟੀ ਬਣਾਉਣ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਪੰਜਾਬ ਦੀ ਸਿਆਸਤ 'ਚ ਇਕ ਵਾਰ ਫਿਰ ਸਿਆਸੀ ਤੂਫਾਨ ਆ ਸਕਦਾ ਹੈ, ਜਿਸ ਨਾਲ ਰਵਾਇਤੀ ਪਾਰਟੀਆਂ ਨੂੰ ਹੱਥਾਂ-ਪੈਰਾਂ ਦੀ ਪੈ ਸਕਦੀ ਹੈ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਵੱਲ ਅਜੇ ਤੱਕ ਵਾਪਸ ਮੁੜਦੇ ਨਜ਼ਰ ਨਹੀਂ ਆ ਰਹੇ, ਭਾਵੇਂ ਅਕਾਲੀ ਦਲ ਆਪਣੀ ਸਾਖ ਨੂੰ ਬਹਾਲ ਕਰਨ ਲਈ ਹੌਲੀ-ਹੌਲੀ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਉਭਾਰਨ ਦੀ ਸਿਆਸਤ ਲਈ ਪਰ ਤੋਲ ਰਿਹਾ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਕੁਝ ਵਾਅਦੇ ਉਸ ਵੱਲੋਂ ਪੂਰੇ ਨਾ ਕਰਨ ਕਾਰਨ ਉਸ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਲੋਕ ਕਾਂਗਰਸ ਸਰਕਾਰ ਦੇ ਕੰਮਾਂ ਤੋਂ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਅਤੇ ਪਾਰਟੀ ਦੇ ਲੀਡਰਾਂ ਅੰਦਰ ਵੀ ਮਾਯੂਸੀ ਛਾਈ ਹੋਈ ਹੈ। ਅਜਿਹੇ ਦੌਰ ਵਿਚ ਬੈਂਸ ਬ੍ਰਦਰਜ਼ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੀ ਸਿਆਸਤ 'ਚੋਂ ਵੱਡਾ ਹੁੰਗਾਰਾ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਾਂਝੇ ਅਧਿਆਪਕ ਮੋਰਚੇ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY