ਆਮ ਆਦਮੀ ਪਾਰਟੀ ਵੱਲੋਂ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਪਾਰਟੀ ਦਾ ਮੁੱਖ ਟੀਚਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਦਮ-ਖਮ ਦਿਖਾਉਣ ਦਾ ਹੀ ਨਜ਼ਰ ਆ ਰਿਹਾ ਹੈ। ਹਾਲਾਂਕਿ ਪਾਰਟੀ ਗੁਰਦਾਸਪੁਰ ਦੀ ਚੋਣ ਜ਼ਰੂਰ ਲੜਨ ਜਾ ਰਹੀ ਹੈ ਪਰ ਇਹ ਲੜਾਈ ਪਾਰਟੀ ਸੰਗਠਨ ਨੂੰ ਇਕਜੁਟ ਕਰਨ ਦੇ ਇਰਾਦੇ ਨਾਲ ਹੀ ਲੜ ਰਹੀ ਹੈ। ਪਾਰਟੀ ਵੱਲੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨਵੇਂ ਥਾਪੇ ਗਏ ਆਗੂ ਸੁਖਪਾਲ ਸਿੰਘ ਖਹਿਰਾ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਖਾਸ ਇੰਟਰਵਿਊ ਦੌਰਾਨ ਪਾਰਟੀ ਦੀ ਚੋਣ ਰਣਨੀਤੀ ਸਮੇਤ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਸਰਕਾਰ ਦੀ ਕਾਰਗੁਜ਼ਾਰੀ ਅਤੇ ਅਕਾਲੀ ਦਲ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਪੇਸ਼ ਹੈ ਖਹਿਰਾ ਦਾ ਪੂਰਾ ਇੰਟਰਵਿਊ...
ਪ੍ਰਸ਼ਨ : ਇਸ ਨਵੀਂ ਜ਼ਿੰਮੇਵਾਰੀ ਦੌਰਾਨ ਕੀ ਚੁਣੌਤੀਆਂ ਸਾਹਮਣੇ ਆਉਣਗੀਆਂ?
ਉਤਰ : ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਨਾਲ ਲੜਨ ਦੀ ਹੈ। ਇਸ ਦੀ ਮਿਸਾਲ ਪਿਛਲੇ ਦਿਨੀਂ ਹਲਕੀ ਬਾਰਿਸ਼ ਤੋਂ ਮਿਲਦੀ ਹੈ। ਥੋੜ੍ਹੇ ਜਿਹੇ ਮੀਂਹ ਨਾਲ ਹੀ ਵੱਡੇ ਸ਼ਹਿਰਾਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ। ਇਸ ਤੋਂ ਸਾਬਤ ਹੁੰਦਾ ਹੈ ਕਿ ਜਨਤਾ ਦਾ ਪੈਸਾ ਸਹੀ ਢੰਗ ਨਾਲ ਵਿਕਾਸ 'ਚ ਨਹੀਂ ਲੱਗ ਰਿਹਾ। ਕਾਂਗਰਸ ਨੇ 10 ਸਾਲ ਵਿਧਾਨ ਸਭਾ ਵਿਚ ਅਕਾਲੀ ਦਲ 'ਤੇ ਸਿਰਫ ਇਲਜ਼ਾਮ ਹੀ ਨਹੀਂ ਲਗਾਏ ਸਗੋਂ ਸਰਕਾਰੀ ਭ੍ਰਿਸ਼ਟਾਚਾਰ ਵਿਚ ਹਿੱਸੇਦਾਰੀ ਵੀ ਪਾਈ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਪਰ ਉਹ ਅਜੇ ਤੱਕ ਕਿਸੇ ਵੀ ਕਿਸਾਨ ਦੇ ਘਰ ਨਹੀਂ ਗਏ।
ਪ੍ਰਸ਼ਨ : ਕਾਂਗਰਸ ਦਾ ਕਹਿਣਾ ਹੈ ਕਿ ਖਹਿਰਾ ਮੀਡੀਆ 'ਚ ਗੱਲਾਂ ਨੂੰ ਜ਼ਿਆਦਾ ਚੁੱਕਦੇ ਨੇ?
ਉਤਰ : ਪੰਜਾਬ ਵਿਚ ਜਦੋਂ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ, ਗਰੀਬਾਂ ਨਾਲ ਧੱਕਾ ਕੀਤਾ ਜਾਂਦਾ ਹੈ, ਸਕੀਮਾਂ 'ਚੋਂ ਕਮੀਸ਼ਨ ਖਾਧਾ ਜਾਂਦਾ ਹੈ, ਕੁਦਰਤੀ ਸਰੋਤਾਂ ਨੂੰ ਲੁੱਟਿਆ ਜਾਂਦਾ ਹੈ, ਇਸ ਨੂੰ ਦੇਖ ਕੇ ਕੋਈ ਵੀ ਜਾਗਦੇ ਜ਼ਮੀਰ ਵਾਲਾ ਪੰਜਾਬੀ ਹਮਲਾਵਰ ਜ਼ਰੂਰ ਹੋਵੇਗਾ। ਜੇ ਮੈਨੂੰ ਵਿਧਾਨ ਸਭਾ ਵਿਚ ਬੋਲਣ ਦਾ ਮੌਕਾ ਮਿਲੇਗਾ ਤਾਂ ਮੈਂ ਮੀਡੀਆ ਵਿਚ ਕਿਉਂ ਜਾਵਾਂਗਾ। ਮੈਂ ਹਰ ਵਰਗ ਦਾ ਸਤਿਕਾਰ ਕਰਦਾ ਹਾਂ ਅਤੇ ਹਰ ਕਿਸੇ ਨੂੰ ਜਵਾਬਦੇਹ ਹਾਂ।
ਪ੍ਰਸ਼ਨ : ਭਗਵੰਤ ਮਾਨ ਨਾਲ ਤੁਹਾਡੇ ਰਿਸ਼ਤੇ ਅਚਾਨਕ ਕਿਵੇਂ ਬਦਲ ਗਏ?
ਉਤਰ : ਭਗਵੰਤ ਮੇਰਾ ਛੋਟਾ ਭਰਾ ਹੈ। ਭਗਵੰਤ ਮਾਨ ਇਕ ਚੰਗੇ ਕਲਾਕਾਰ ਦੇ ਨਾਲ-ਨਾਲ ਇਕ ਚੰਗਾ ਲੀਡਰ ਵੀ ਹੈ। ਜਿਹੜੀਆਂ ਗੱਲਾਂ ਭਗਵੰਤ ਮਾਨ ਪਾਰਲੀਮੈਂਟ ਵਿਚ ਚੁੱਕਦਾ ਹੈ ਉਸ ਦਾ ਅਸਰ ਬਹੁਤ ਦੂਰ ਤੱਕ ਪੈਂਦਾ ਹੈ। ਉਂਝ ਹੀ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਹਨ ਪਰ ਅਸੀਂ ਸਾਰੇ ਇਕੱਠੇ ਹਾਂ।
ਪ੍ਰਸ਼ਨ : ਇਹ ਚਰਚਾ ਸੀ ਕਿ ਮਾਨ ਦੇ ਪ੍ਰਧਾਨ ਬਣਨ 'ਤੇ ਖਹਿਰਾ ਨੇ ਰੋਸ ਵਜੋਂ ਅਸਤੀਫਾ ਦਿੱਤਾ। ਕੀ ਕਹੋਗੇ?
ਉਤਰ : ਇਹ ਪਾਰਟੀ ਡੈਮੋਕਰੇਸੀ ਹੈ। ਜਦੋਂ ਮੈਨੂੰ ਅਹੁਦਾ ਦਿੱਤਾ ਜਾਣਾ ਸੀ ਤਾਂ ਕੁਝ ਆਗੂਆਂ ਦੇ ਸੁਰ ਮੇਰੇ ਖਿਲਾਫ ਸਨ। ਸਾਰਿਆਂ ਵਿਚ ਇਹ ਤਵੱਜੋ ਹੁੰਦੀ ਹੈ ਕਿ ਸਾਨੂੰ ਵੀ ਅਹੁਦਾ ਮਿਲੇ ਪਰ ਪਾਰਟੀ ਹਾਈਕਮਾਨ ਨੇ ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਮੇਰੇ ਹੱਕ ਵਿਚ ਫੈਸਲਾ ਲਿਆ। ਇਹ ਸਿਰਫ ਆਮ ਆਦਮੀ ਪਾਰਟੀ ਹੈ ਜਿਹੜੀ ਵਿਧਾਇਕਾਂ ਦੇ ਕਹਿਣ 'ਤੇ ਆਪਣਾ ਲੀਡਰ ਚੁਣਦੀ ਹੈ। ਐੱਸ. ਜੀ. ਪੀ. ਸੀ. ਤੋਂ ਲੈ ਕੇ ਭਾਜਪਾ ਪ੍ਰਧਾਨ ਅਤੇ ਕਾਂਗਰਸ ਦੇ ਪ੍ਰਧਾਨ ਵੀ ਲਿਫਾਫੇ 'ਚੋਂ ਨਿਕਲਦੇ ਹਨ।
ਪ੍ਰਸ਼ਨ : ਗੁਰਦਾਸਪੁਰ ਜ਼ਿਮਨੀ ਚੋਣ 'ਚ 'ਆਪ' ਕਾਂਗਰਸ ਨੂੰ ਫਾਇਦਾ ਦੇਵੇਗੀ ਜਾਂ ਟੱਕਰ?
ਉਤਰ : ਅਸੀਂ ਨਾ ਕਿਸੇ ਨੂੰ ਫਾਇਦਾ ਦਿੰਦੇ ਹਾਂ ਅਤੇ ਨਾ ਮਿੱਥ ਕੇ ਕੰਮ ਕਰਦੇ ਹਾਂ। ਮੈਂ ਆਪਣੀ ਸਾਰੀ ਜ਼ਿੰਦਗੀ ਦੀ ਸਿਆਸਤ 'ਚ ਕਿਸੇ ਨਾਲ ਸਮਝੌਤਾ ਨਹੀਂ ਕੀਤਾ। ਜੇ ਮੈਂ ਕਿਸੇ ਦੇ ਖਿਲਾਫ ਹਾਂ ਤਾਂ ਉਸ ਦੇ ਖਿਲਾਫ ਹੀ ਰਹਾਂਗਾ। ਜੇ ਮੈਂ ਅਕਾਲੀਆਂ ਨਾਲ 10 ਸਾਲ ਲੜਿਆ ਤਾਂ ਮੈਂ ਲੜਦਾ ਹੀ ਰਹਾਂਗਾ। ਮੇਰੇ ਸਾਥੀ ਕਾਂਗਰਸੀ ਆਗੂਆਂ ਕਿਸੇ ਨੇ ਬੱਸਾਂ ਦੇ ਰੂਟ ਲੈਣੇ ਸੀ, ਕਿਸੇ ਨੇ ਮਿੱਲਾਂ ਅਤੇ ਸ਼ਰਾਬ ਦੀ ਫੈਕਟਰੀ ਦੇ ਲਾਇਸੈਂਸ ਲੈਣੇ ਸੀ ਤਾਂ ਉਨ੍ਹਾਂ ਨੇ ਸਮਝੌਤਾ ਕੀਤਾ ਪਰ ਮੈਂ ਕਿਸੇ ਨਾਲ ਸਮਝੌਤਾ ਨਹੀਂ ਕੀਤਾ। ਗੁਰਦਾਸਪੁਰ ਦੀ ਚੋਣ ਸਾਡੇ ਲਈ ਜ਼ਰੂਰੀ ਹੈ। ਅਸੀਂ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਲੜਾਂਗੇ। ਇਸ ਵਿਚ ਕਿਸ ਨੂੰ ਫਾਇਦਾ ਹੁੰਦਾ ਅਤੇ ਕਿਸ ਨੂੰ ਨੁਕਸਾਨ ਇਸ ਨਾਲ ਸਾਡਾ ਕੋਈ ਮਤਲਬ ਨਹੀਂ। ਮੇਰਾ ਇਹ ਮੰਨਣਾ ਹੈ ਕਿ ਸਾਨੂੰ ਟੀਚਾ 2019 ਦਾ ਹੀ ਰੱਖਣਾ ਚਾਹੀਦਾ ਹੈ ਅਤੇ ਇਸ ਗੱਲ ਨੂੰ ਮੈਂ ਪਾਰਟੀ ਹਾਈਕਮਾਨ ਸਾਹਮਣੇ ਵੀ ਰੱਖ ਚੁੱਕਾ ਹਾਂ। ਜ਼ਿਮਨੀ ਚੋਣਾਂ ਦੌਰਾਨ ਸੱਤਾਧਾਰੀ ਲੀਡਰ ਵੱਡੇ-ਵੱਡੇ ਲਾਲਚ ਦਿੰਦੇ ਹਨ ਅਤੇ ਲੋਕ ਵੀ ਇਹ ਸੋਚਦੇ ਹਨ ਕਿ ਜੇ ਮੈਂ ਇਸ ਨੂੰ ਵੋਟ ਨਾ ਦਿੱਤੀ ਤਾਂ ਮੇਰੀ ਗਲੀ ਮੁਹੱਲੇ ਦਾ ਵਿਕਾਸ ਨਹੀਂ ਹੋਣਾ। ਫਿਰ ਪੰਚਾਇਤਾਂ ਇਹ ਸੋਚਦੀਆਂ ਹਨ ਕਿ ਜੇ ਮੈਂ ਸਰਕਾਰ ਦੀ ਗੱਲ ਨਾ ਮੰਨੀ ਤਾਂ ਗ੍ਰਾਂਟ ਨਹੀਂ ਮਿਲਣੀ। ਅਸਲ ਚੋਣਾਂ ਜਿਸ 'ਚ ਆਮ ਆਦਮੀ ਪਾਰਟੀ ਦਾ ਇਮਤਿਹਾਨ ਹੈ ਉਹ 2019 ਦੀਆਂ ਲੋਕ ਸਭਾ ਚੋਣਾਂ ਹਨ।
ਪ੍ਰਸ਼ਨ : ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਉਤਰ : ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਜੀ ਸੁਖਜਿੰਦਰ ਸਿੰਘ ਦੇ ਸਾਥੀ ਰਹੇ ਹਨ। ਮੇਰੇ ਪਿਤਾ ਸਮਾਨ ਹਨ। ਹਾਲ ਹੀ 'ਚ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ, ਇਸ 'ਤੇ ਅਸੀਂ ਅਫਸੋਸਨਾਮਾ ਲਿਖ ਕੇ ਭੇਜਿਆ। ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ ਪਰ ਕੈਪਟਨ ਦੀ ਕਾਰਗੁਜ਼ਾਰੀ ਬਹੁਤ ਕਮਜ਼ੋਰ ਹੈ। ਕੈਪਟਨ ਸਿਰਫ ਕੁਝ ਲੋਕਾਂ ਤੱਕ ਸੀਮਿਤ ਹਨ, ਜਿਸ ਕਾਰਨ ਉਹ ਪੰਜਾਬ ਦੀ ਅਸਲ ਤਸਵੀਰ ਤੋਂ ਅਣਜਾਣ ਹਨ।
ਪ੍ਰਸ਼ਨ : ਕੀ ਤੁਸੀਂ ਮੁੱਖ ਮੰਤਰੀ ਨੂੰ ਕੋਈ ਮਸ਼ਵਰਾ ਦੇਣਾ ਚਾਹੋਗੇ?
ਉਤਰ : ਜੇਕਰ ਕੈਪਟਨ ਅਮਰਿੰਦਰ ਸਿੰਘ ਮੇਰੀ ਮੰਨਣ ਤਾਂ ਮੈਂ ਉਨ੍ਹਾਂ ਨੂੰ ਖੇਤੀਬਾੜੀ ਸਬੰਧੀ ਕੁਝ ਸੁਝਾਅ ਦੇਣਾ ਚਾਹਾਂਗਾ। ਖੇਤੀਬਾੜੀ 'ਚ ਸੁਧਾਰ ਲਈ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਨੂੰ ਵੱਖ-ਵੱਖ ਫਸਲੀ ਚੱਕਰਾਂ ਵਿਚ ਪਾ ਕੇ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ੋਨਾਂ ਵਿਚ ਵੰਡ ਕੇ ਫਸਲਾਂ ਦੀ ਮਾਰਕੀਟ ਲੱਭਣੀ ਚਾਹੀਦੀ ਹੈ। ਪੰਜਾਬ 'ਚ ਹੋਣ ਵਾਲੀ ਫਸਲ ਨੂੰ ਗੁਆਂਢੀ ਦੇਸ਼ਾਂ 'ਚ ਭੇਜਣਾ ਚਾਹੀਦਾ ਹੈ। ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਨੌਜਵਾਨ ਵੀ ਆਪਣੇ ਆਪ ਨਸ਼ੇ 'ਚੋਂ ਨਿਕਲਣਗੇ।
ਪ੍ਰਸ਼ਨ : ਤੁਸੀਂ ਨਵਜੋਤ ਸਿੱਧੂ ਦੇ ਕੰਮ ਨੂੰ ਕਿਵੇਂ ਦੇਖਦੇ ਹੋ?
ਉਤਰ : ਨਵਜੋਤ ਸਿੱਧੂ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦਾ ਵੱਸ ਨਹੀਂ ਚੱਲ ਰਿਹਾ। ਕੇਬਲ ਮਾਫੀਆ ਖਿਲਾਫ ਜਿਹੜਾ ਮੁੱਦਾ ਸਿੱਧੂ ਨੇ ਚੁੱਕਿਆ ਹੈ ਉਸ ਪਿੱਛੇ ਬਾਦਲ ਪਰਿਵਾਰ ਹੈ ਪਰ ਕੈਪਟਨ ਬਾਦਲ ਪਰਿਵਾਰ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਾਦਲ ਸੱਤਾ 'ਚੋਂ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੱਲਦੇ ਤਿੰਨ ਵੱਡੇ ਕੇਸਾਂ ਵਿਚ ਰਾਹਤ ਦੇ ਕੇ ਗਏ ਹਨ। ਇਸ ਲਈ ਅਮਰਿੰਦਰ ਸਿੰਘ ਬਾਦਲਾਂ ਖਿਲਾਫ ਕਾਰਵਾਈ ਨਹੀਂ ਕਰ ਰਹੇ।
ਪ੍ਰਸ਼ਨ : ਰਾਣਾ ਗੁਰਜੀਤ ਸਿੰਘ ਦੇ ਕੰਮ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਉਤਰ : ਰਾਣਾ ਗੁਰਜੀਤ ਸਿੰਘ 'ਤੇ ਥੋੜ੍ਹੇ ਸਮੇਂ ਵਿਚ ਹੀ ਕਿੰਨੇ ਦੋਸ਼ ਲੱਗ ਚੁੱਕੇ ਹਨ। ਪਿਛਲੇ ਦਿਨੀਂ ਉਨ੍ਹਾਂ ਦਾ ਇਹ ਬਿਆਨ ਆਇਆ ਸੀ ਕਿ ਉਹ ਹਾਥੀ ਹਨ ਪਰ ਮੈਨੂੰ ਇਹ ਲੱਗਦਾ ਹੈ ਕਿ ਰਾਣਾ ਕੈਪਟਨ ਅਮਰਿੰਦਰ ਸਿੰਘ ਦੇ ਡਰਾਇੰਗ ਰੂਮ 'ਚ ਪਿਆ ਚਿੱਟਾ ਹਾਥੀ ਸਾਬਤ ਹੋ ਰਹੇ ਹਨ।
ਪ੍ਰਸ਼ਨ : ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਜਾ ਰਹੇ ਜਬਰ ਵਿਰੋਧੀ ਪ੍ਰੋਗਰਾਮ ਬਾਰੇ ਕੀ ਕਹੋਗੇ?
ਉਤਰ : ਅਕਾਲੀ ਦਲ ਦੀ ਜਬਰ ਰੋਕੋ ਮੁਹਿੰਮ ਹਾਸੋ-ਹੀਣੀ ਹੈ। ਜਿੰਨਾ ਜਬਰ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਉਨਾ ਕਦੇ ਨਹੀਂ ਹੋਇਆ। 6 ਪਰਚੇ ਤਾਂ ਬਾਦਲਾਂ ਨੇ ਮੇਰੇ 'ਤੇ ਹੀ ਝੂਠੇ ਦਰਜ ਕਰਵਾਏ। ਅਕਾਲੀ ਦਲ ਦੇ ਰਾਜ ਦੌਰਾਨ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਹਜ਼ਾਰਾਂ ਕੇਸ ਦਰਜ ਹੋਏ। ਪਿਛਲੇ ਦਿਨੀਂ ਕਾਂਗਰਸੀ ਵਰਕਰਾਂ ਵੱਲੋਂ ਅੰਮ੍ਰਿਤਸਰ ਵਿਚ ਅਕਾਲੀ ਸਰਪੰਚ ਦਾ ਕਤਲ ਅਤੇ ਫਿਰੋਜ਼ਪੁਰ 'ਚ ਅਕਾਲੀ ਆਗੂ ਦਾ ਕਤਲ ਕੀਤਾ ਗਿਆ। ਇਹ ਦੋਵੇਂ ਘਟਨਾਵਾਂ ਨਿੰਦਣਯੋਗ ਹਨ ਪਰ ਇਹ ਕਹਿਣਾ ਕਿ ਅਕਾਲੀ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਗਲਤ ਹੋਵੇਗਾ। ਬਾਦਲਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਜੇ ਅਸਲ ਵਿਚ ਅਕਾਲੀ ਜਬਰ ਵਿਰੋਧੀ ਲਹਿਰ ਛੇੜਨਾ ਚਾਹੁੰਦੇ ਹਨ ਤਾਂ ਪਹਿਲਾਂ ਬਾਦਲ ਪਰਿਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਗ੍ਰਿਫਤਾਰ ਕੀਤੇ ਸਿੱਖ ਵਰਕਰਾਂ ਦੇ ਸਮਰਥਨ ਵਿਚ 3 ਜਥੇਦਾਰਾਂ ਦੀ ਅਗਵਾਈ 'ਚ ਹੋਈ ਹੰਗਾਮੀ ਮੀਟਿੰਗ
NEXT STORY