ਜਲੰਧਰ (ਵੈੱਬ ਡੈਸਕ)— ਬੀਤੇ ਦਿਨ ਦਿਨ-ਦਿਹਾੜੇ ਸ਼ਰੇਆਮ ਮਾਨਸਾ ’ਚ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸੁਖਪਾਲ ਸਿੰਘ ਖਹਿਰਾ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਨੂੰ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਖ਼ੁਦ ਨੂੰ ਸਸਪੈਂਡ ਕਰਨ ਲਈ ਕਿਹਾ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਮਾਨਸਾ ’ਚ ਕੱਲ੍ਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਸਿੱਧੂ ਮੂਸੇਵਾਲਾ ਦਾ ਮਾਨਸਾ ’ਚ ਦਿਨ-ਦਿਹਾੜੇ ਬਹੁਤ ਹੀ ਦੁਖ਼ਦਾਈ, ਬਹੁਤ ਹੀ ਭਿਆਨਕ, ਦਿਲ ਨੂੰ ਦਹਿਲਾਉਣ ਵਾਲਾ ਅਤੇ ਕਾਇਰਾਨਾ ਕਤਲ ਕੀਤਾ ਗਿਆ ਹੈ। ਇਹ ਕਤਲ ਦਿਨ-ਦਿਹਾੜੇ ਕੀਤਾ ਗਿਆ ਹੈ। 30 ਗੋਲ਼ੀਆਂ ਸਿੱਧੂ ਦੇ ਜਿਸਮ ’ਚ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਸ ਦਾ ਕਤਲ ਕੀਤਾ ਗਿਆ ਹੈ ਇਥੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਕਾਤਲ ਕਿੰਨੇ ਨਿਡਰ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਅਤੇ ਪੁਲਸ ਦਾ ਕੋਈ ਵੀ ਡਰ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਏ. ਸੀ. ਪੀ. ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ
ਮਾਨ ਸਰਕਾਰ ਨੂੰ ਖ਼ਰੀਆਂ-ਖ਼ਰੀਆਂ ਸੁਣਾਉਂਦਿਆਂ ਖਹਿਰਾ ਨੇ ਕਿਹਾ ਕਿ ਪੰਜਾਬੀ ਗਾਇਕ ਸਮੇਤ ਕਈ ਸਿਆਸੀ ਲੀਡਰਾਂ ਤੋਂ ਸਕਿਓਰਿਟੀ ਵਾਪਸ ਲੈ ਕੇ ਆਮ ਆਦਮੀ ਪਾਰਟੀ ਨੂੰ ਸੋਸ਼ਲ ਮੀਡੀਆ ’ਚ ਬੱਲੇ-ਬੱਲੇ ਕਰਵਾਉਣ ਦਾ ਇਕ ਚਾਅ ਚੜਿ੍ਹਆ ਹੋਇਆ ਸੀ। ਬੱਲੇ-ਬੱਲੇ ਕਰਵਾਉਣ ਦੇ ਚੱਕਰ ਇਕ ਹੋਣਹਾਰ ਸਿਤਾਰਾ ਗਵਾ ਲਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਰੋੜਾਂ ਲੋਕ ਸੁਣਦੇ ਸਨ। ਜਦੋਂ ਕਿਸੇ ਦੇ ਕਰੋੜਾਂ ਦੇ ਕਰੀਬ ਫਾਲੋਅਰਜ਼ ਹੁੰਦੇ ਹਨ ਤਾਂ ਦੁਸ਼ਮਣ ਵੀ ਹੁੰਦੇ ਹਨ। ਇਹ ਗੱਲ ਇਕ ਆਮ ਸਾਧਾਰਨ ਵਿਅਕਤੀ ਵੀ ਸਮਝ ਸਕਦਾ ਹੈ ਪਰ ਸਰਕਾਰ ਨੂੰ ਇਸ ਗੱਲ ਦੀ ਸਮਝ ਨਹੀਂ ਆਈ। ਮੂਸੇਵਾਲਾ ਵਰਗੇ ਕਿੰਨੇ ਲੋਕ ਇਸ ਮੁਕਾਮ ਤੱਕ ਪਹੁੰਚਦੇ ਹਨ। ਮੂਸੇਵਾਲਾ ਇੰਟਰਨੈਸ਼ਨਲ ਪੱਧਰ ਦਾ ਇਕ ਵਧੀਆ ਗਾਇਕ ਸੀ। ਉਸ ਦੇ ਬਹੁਤੇ ਗਾਣੇ ਅਜਿਹੇ ਸਨ, ਜਿਨ੍ਹਾਂ ’ਚ ਉਸ ਨੇ ਮੌਜੂਦਾ ਸਥਿਤੀ ਬਿਆਨ ਕੀਤੀ। ਇਹ ਉਸ ਦੀ ਕਾਬਲੀਅਤ ਸੀ।
ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਂ ’ਤੇ ਬਣਾਇਆ ਫੇਕ ਟਵਿੱਟਰ ਅਕਾਊਂਟ, ਸਾਈਬਲ ਸੈੱਲ ਕੋਲ ਪੁੱਜੀ ਸ਼ਿਕਾਇਤ
ਖਹਿਰਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇਕ ਸਿਆਸੀ ਕਤਲ ਦੱਸਦਿਆਂ ਕਿਹਾ ਕਿ ਕਤਲ ਭਾਵੇਂ ਕਿਸੇ ਨੇ ਵੀ ਕੀਤਾ ਹੋਵੇ ਪਰ ਇਸ ਦੇ ਪਿੱਛੇ ਸਿਆਸੀ ਮੰਸ਼ਾ ਨਜ਼ਰ ਆਈ ਹੈ। ਡੀ. ਜੀ. ਪੀ. ਦਾ ਬਿਆਨ ਵੀ ਕਾਫ਼ੀ ਹੈਰਾਨ ਕਰਦਾ ਸੀ ਕਿ ਮੂਸੇਵਾਲਾ ਕੋਲ ਬੁਲੇਟ ਪਰੂਫ਼ ਗੱਡੀ ਸੀ ਪਰ ਉਸ ਨੇ ਇਸਤੇਮਾਲ ਨਹੀਂ ਕੀਤੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਕਿਓਰਿਟੀ ਹੀ ਵਾਪਸ ਲੈ ਲਈ ਤਾਂ ਬੁਲੇਟ ਪਰੂਫ਼ ਗੱਡੀ ਨੂੰ ਉਸ ਨੇ ਕੀ ਖ਼ੁਦ ਚਲਾਉਣਾ ਸੀ। ਕੀ ਅਸੀਂ ਚਾਰ ਦਰਵਾਜਿਆਂ ’ਚ ਹੀ ਸੇਫ ਹਾਂ ਅਤੇ ਬਾਹਰ ਨਿਕਲੇ ਤਾਂ ਕੋਈ ਗੋਲ਼ੀ ਮਾਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਕਤਲ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੂੰ ਲੈਣੀ ਚਾਹੀਦੀ ਹੈ ਅਤੇ ਖ਼ੁਦ ਨੂੰ ਸਸਪੈਂਡ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਅਸੀਂ ਛੋਟੇ ਵੀਰ ਸਿੱਧੂ ਮੂਸੇਵਾਲਾ ਨੂੰ ਅਲਵਿਦਾ ਕਹਿਣ ਅਤੇ ਉਸ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਮਾਨਸਾ ਜਾ ਰਹੇ ਹਾਂ। ਮਾਪਿਆਂ ਦਾ ਪੁੱਤ ਤਾਂ ਵਾਪਸ ਨਹੀਂ ਆਉਣਾ ਪਰ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਿੱਧੂ ਮੂਸੇਵਾਲਾ ਦੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੀ ਗਲਤੀ ਕਬੂਲ ਕਰਨ ਅਤੇ ਬਤੌਰ ਗ੍ਰਹਿ ਮੰਤਰੀ ਸਮੇਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ। ਜੇਕਰ ਪੰਜਾਬ ’ਚ ਕਿਸੇ ਦੀ ਜਾਨ ਹੀ ਮਹਿਫ਼ੂਜ਼ ਨਹੀਂ ਤਾਂ ਸਰਕਾਰ ਦੀਆਂ ਸਕੀਮਾਂ ਨੂੰ ਕੀ ਕਰਨਾ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜੇ ਸੁੱਟੀ ਖ਼ੂਨ ਨਾਲ ਲੱਥਪਥ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਿਰੌਤੀ ਦੀ ਲਪੇਟ ’ਚ ਪੰਜਾਬੀ ਗਾਇਕ, ਮੂਸੇਵਾਲਾ ਦੇ ਕਤਲ ਮਗਰੋਂ ਫਿਰ ਉੱਭਰਿਆ ਸੁਰੱਖਿਆ ਦਾ ਮਾਮਲਾ
NEXT STORY