ਸ਼ਹਿਣਾ/ਬਰਨਾਲਾ (ਵਿਵੇਕ ਸਿੰਧਵਾਨੀ, ਗਗਨ): ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਕਿਸੇ ਵਿਅਕਤੀ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ਵਿਚ ਤਣਾਅ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਮ੍ਰਿਤਕ ਦੇ ਸਮਰਥਕਾਂ ਨੇ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ ਹੈ।
ਬੱਸ ਸਟੈਂਡ 'ਤੇ ਪ੍ਰਾਪਰਟੀ ਡੀਲਰ ਦੀ ਦੁਕਾਨ 'ਚ ਵਾਪਰੀ ਘਟਨਾ
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਣਾ ਬੱਸ ਸਟੈਂਡ 'ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੀ ਦੁਕਾਨ ਵਿਚ ਵਾਪਰੀ। ਜਿਸ ਵੇਲੇ ਸੁਖਵਿੰਦਰ ਸਿੰਘ ਕਲਕੱਤਾ ਦੁਕਾਨ ਅੰਦਰ ਕੁਰਸੀ 'ਤੇ ਬੈਠਾ ਸੀ, ਉਸੇ ਵੇਲੇ ਹਮਲਾਵਰ ਅੰਦਰ ਦਾਖਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਕੁਰਸੀ 'ਤੇ ਬੈਠੇ ਹੀ ਗੋਲੀਆਂ ਮਾਰ ਦਿੱਤੀਆਂ ਅਤੇ ਫ਼ਰਾਰ ਹੋ ਗਿਆ। ਗੰਭੀਰ ਸੱਟਾਂ ਕਾਰਨ ਸੁਖਵਿੰਦਰ ਸਿੰਘ ਕਲਕੱਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁਖਵਿੰਦਰ ਸਿੰਘ ਕਲਕੱਤਾ ਉਸ ਵੇਲੇ ਚਰਚਾ ਵਿੱਚ ਆਇਆ ਸੀ, ਜਦੋਂ ਪੰਚਾਇਤ ਦੀ ਪਿਛਲੀ ਟਰਮ ਦੌਰਾਨ ਉਸ ਦੀ ਮਾਤਾ ਪਿੰਡ ਸ਼ਹਿਣਾ ਦੀ ਸਰਪੰਚ ਬਣੀ ਸੀ।
ਇਹ ਖ਼ਬਰ ਵੀ ਪੜ੍ਹੋ - 11 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਸ ਇਲਾਕੇ 'ਚ ਲੱਗਣ ਜਾ ਰਿਹੈ ਲੰਮਾ Power Cut
ਸੁਖਵਿੰਦਰ ਕਲਕੱਤਾ ਦੀ ਰਾਜਨੀਤਿਕ ਸਰਗਰਮੀ
ਸੁਖਵਿੰਦਰ ਸਿੰਘ ਕਲਕੱਤਾ ਬਾਗ਼ੀ ਤਬੀਅਤ ਦਾ ਮਾਲਕ ਸੀ ਅਤੇ ਆਪਣੀ ਬੇਬਾਕ ਰਾਏ ਲਈ ਜਾਣਿਆ ਜਾਂਦਾ ਸੀ। ਉਹ ਅਕਸਰ ਸਮੇਂ ਦੀਆਂ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਵੀਡੀਓ ਕਲਿੱਪ ਪੋਸਟ ਕਰਦਾ ਰਹਿੰਦਾ ਸੀ।ਇਸ ਤੋਂ ਇਲਾਵਾ, ਕਲਕੱਤਾ ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਦੀਆਂ ਸਟੇਜਾਂ 'ਤੇ ਵੀ ਸਰਗਰਮ ਰਹਿੰਦਾ ਸੀ। ਉਹ ਇਨ੍ਹਾਂ ਮੰਚਾਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮੁੱਦਿਆਂ 'ਤੇ ਹਕੂਮਤਾਂ ਦੇ ਖਿਲਾਫ ਜ਼ੋਰ-ਸ਼ੋਰ ਨਾਲ ਆਪਣੀ ਆਵਾਜ਼ ਬੁਲੰਦ ਕਰਦਾ ਸੀ।
ਪੁਰਾਣੀ ਰੰਜਿਸ਼ 'ਤੇ ਪੁਲਸ ਦੀ ਜਾਂਚ
ਸੁਖਵਿੰਦਰ ਸਿੰਘ ਕਲਕੱਤਾ 'ਤੇ ਹਮਲਾ ਕਰਨ ਵਾਲੇ ਨੌਜਵਾਨ ਸਬੰਧੀ ਭਾਵੇਂ ਪੁਲਸ ਨੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪ੍ਰੰਤੂ ਆਫ ਦਿ ਰਿਕਾਰਡ ਸੂਤਰਾਂ ਤੋਂ ਇਹ ਸਾਹਮਣੇ ਆ ਰਿਹਾ ਹੈ ਕਿ ਹਮਲਾਵਰ ਨੌਜਵਾਨ ਪਿੰਡ ਸ਼ਹਿਣਾ ਨਾਲ ਹੀ ਸਬੰਧਿਤ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਲੰਘੇ ਸਮੇਂ ਦੌਰਾਨ ਕਥਿਤ ਹਮਲਾਵਰ ਦੀ ਸੁਖਵਿੰਦਰ ਸਿੰਘ ਨਾਲ ਚੰਗੀ ਨੇੜਤਾ ਸੀ, ਪ੍ਰੰਤੂ ਕੁਝ ਸਮਾਂ ਪਹਿਲਾਂ ਦੋਵਾਂ ਵਿਚਕਾਰ ਕੁੜੱਤਣ ਪੈਦਾ ਹੋ ਗਈ ਸੀ। ਪੁਲਸ ਇਸ ਰੰਜਿਸ਼ ਦੇ ਪਹਿਲੂ ਤੋਂ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ ਨੂੰ ਸਵੇਰੇ-ਸਵੇਰੇ ਪੈ ਗਿਆ ਘੇਰਾ! ਚਾਰੇ ਪਾਸੇ ਪੁਲਸ ਹੀ ਪੁਲਸ
ਸਮਰਥਕਾਂ ਵੱਲੋਂ ਸੜਕ ਜਾਮ
ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਦੇ ਹੀ ਵੱਡੀ ਗਿਣਤੀ ਵਿਚ ਉਸ ਦੇ ਸਮਰਥਕ ਮੌਕੇ 'ਤੇ ਇਕੱਠੇ ਹੋ ਗਏ। ਗੁੱਸੇ ਵਿਚ ਆਏ ਲੋਕਾਂ ਨੇ ਮੁੱਖ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਕਸਬਾ ਸ਼ਹਿਣਾ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਜਿੱਥੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਧਰਨੇ 'ਤੇ ਬੈਠੇ ਲੋਕਾਂ ਨੇ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਮੰਗ ਕੀਤੀ ਹੈ ਕਿ ਹਮਲਾਵਰ ਨਸ਼ੇ ਦਾ ਆਦੀ ਹੈ ਅਤੇ ਇਸ ਕਤਲ ਨੂੰ ਕਿਸ ਦੀ ਸ਼ਹਿ 'ਤੇ ਅੰਜਾਮ ਦਿੱਤਾ ਗਿਆ ਹੈ, ਇਸ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾਵੇ। ਸਮਰਥਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਇਸ ਸਾਜ਼ਿਸ਼ ਦਾ ਪੂਰੀ ਤਰ੍ਹਾਂ ਪਰਦਾਫਾਸ਼ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦੇਹ ਨੂੰ ਕਿਸੇ ਨੂੰ ਹੱਥ ਨਹੀਂ ਲਗਾਉਣ ਦੇਣਗੇ ਅਤੇ ਨਾ ਹੀ ਦੇਹ ਦਾ ਪੋਸਟਮਾਰਟਮ ਹੋਣ ਦੇਣਗੇ। ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕ ਦੇਹ ਨੂੰ ਚੁੱਕਣ ਤੋਂ ਪਹਿਲਾਂ ਦੋਸ਼ੀਆਂ ਦੇ ਨਾਂ ਜਨਤਕ ਕੀਤੇ ਜਾਣ। ਪੁਲਸ ਪ੍ਰਸ਼ਾਸਨ ਇਸ ਸਮੇਂ ਲੋਕਾਂ ਨੂੰ ਸ਼ਾਂਤ ਕਰਨ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਸਖ਼ਤ, ਓਵਰਲੋਡ ਸਕੂਲੀ ਵਾਹਨ ਸਮੇਤ ਕੀਤੇ 60 ਚਲਾਨ
NEXT STORY