ਸੁਲਤਾਨਪੁਰ ਲੋਧੀ (ਸੋਢੀ) : ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ 'ਚ ਤਕਰੀਬਨ 15 ਸਾਲ ਤੋਂ ਵੱਧ ਸਮਾਂ ਗੁਜ਼ਾਰਿਆ ਤੇ ਅਨੇਕਾਂ ਕੌਤਕ ਵਰਤਾਏ। ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦੇਸ਼-ਵਿਦੇਸ਼ ਤੋਂ ਰੋਜ਼ਾਨਾਂ ਲੱਖਾਂ ਸ਼ਰਧਾਲੂ ਸੁਲਤਾਨਪੁਰ ਲੋਧੀ ਪੁੱਜ ਕੇ ਜਿਥੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋ ਰਹੇ ਹਨ, ਉੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਵਿਖੇ ਸੁਸ਼ੋਬਿਤ ਸਤਿਗੁਰੂ ਜੀ ਪਾਤਸ਼ਾਹ ਦੇ ਪਾਵਨ ਹਸਤ ਕਮਲਾਂ ਦੀ ਛੋਹ ਪ੍ਰਾਪਤ ਸਦੀਆਂ ਪੁਰਾਣੇ ਮੋਦੀਖਾਨੇ ਦੇ ਪਾਵਨ ਵੱਟਿਆਂ ਦੇ ਸ਼ਰਧਾ ਭਾਵ ਨਾਲ ਦਰਸ਼ਨ ਕਰ ਰਹੇ ਹਨ।
ਪਾਤਸ਼ਾਹ ਜੀ ਨੇ ਇਸ ਅਸਥਾਨ 'ਤੇ ਰਸਦਾਂ ਤੋਲਦੇ ਸਮੇਂ 'ਤੇਰਾ ਹੈ-ਤੇਰਾ ਹੈ' ਦਾ ਹੋਕਾ ਦਿੱਤਾ। ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਦੇਖ ਕੇ ਕੁਝ ਘੱਟ ਬੁੱਧੀ ਵਾਲੇ ਲੋਕ ਭਾਵੇਂ ਸਮਝ ਨਾ ਸਕੇ ਪਰ ਜੋ ਲੋਕ ਇਹ ਜਾਣ ਗਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਖੁਦ ਨਿਰੰਕਾਰ ਹਨ, ਉਹ ਸਤਿਗੁਰੂ ਜੀ ਦੀਆਂ ਰਮਝਾਂ ਨੂੰ ਨੀਝਾਂ ਲਾ ਕੇ ਦੇਖ ਰਹੇ ਸਨ ਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਪੁਕਾਰ ਰਹੇ ਸਨ। ਸਤਿਗੁਰੂ ਜੀ ਨੇ ਇਥੇ ਖੁਦ ਧਰਮ ਦੀ ਕਿਰਤ ਕੀਤੀ, ਨਾਮ ਜਪਿਆ ਤੇ ਆਪਣੀ ਕਿਰਤ ਕਮਾਈ 'ਚੋਂ ਵੰਡ ਛਕਣ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਵਾਉਂਦੇ ਹੋਏ ਮੋਦੀਖਾਨੇ 'ਚੋਂ ਰਸਦਾਂ ਲੈਣ ਆਏ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ 'ਤੇਰਾ ਤੇਰਾ' ਪੁਕਾਰਦੇ ਝੋਲੀਆਂ ਭਰ ਦਿੱਤੀਆਂ।
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸੱਤ ਗੁਰਦੁਆਰੇ ਸੁਸ਼ੋਬਿਤ ਹਨ। ਹਰੇਕ ਦਾ ਆਪਣਾ ਇਤਿਹਾਸ ਹੈ। ਉਂਜ ਤਾਂ ਇਥੇ ਪੂਰਾ ਸਾਲ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਰਹਿੰਦੀਆਂ ਹਨ ਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇਸ ਨਗਰੀ 'ਚ ਪ੍ਰਕਾਸ਼ ਪੁਰਬ ਵਾਲੇ ਮਹੀਨੇ 'ਚ 60 ਲੱਖ ਦੇ ਕਰੀਬ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਣ ਦੀ ਆਸ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਵਿਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਹੋਇਆ ਸੀ। ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਤੇ ਜੀਜਾ ਭਾਈ ਜੈ ਰਾਮ ਜੀ ਨੂੰ ਸਤਿਗੁਰੂ ਜੀ ਦੇ ਮਾਤਾ-ਪਿਤਾ ਨੇ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਨੌਕਰੀ ਲੱਭਣ ਦੀ ਗੁਜਾਰਿਸ਼ ਕੀਤੀ ਸੀ। ਭੈਣ ਜੀ ਦੇ ਸੱਦੇ 'ਤੇ ਗੁਰੂ ਜੀ ਸੁਲਤਾਨਪੁਰ ਲੋਧੀ ਆ ਗਏ ਤੇ ਦੇ ਮੋਦੀਖਾਨੇ ਵਿਚ ਨੌਕਰੀ ਕਰਨ ਲੱਗ ਪਏ। ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਗੁਰੂ ਜੀ ਨੇ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕੀਤਾ ਅਤੇ ਇਥੋਂ ਵੱਖ-ਵੱਖ ਦਿਸ਼ਾਵਾਂ ਵੱਲ ਜਾ ਕੇ ਮਨੁੱਖਤਾ ਦੇ ਭਲੇ ਲਈ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ।
ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਲੋਹੀਆਂ ਵਾਲੀ ਰੋਡ 'ਤੇ ਗੁਰਦੁਆਰਾ ਹੱਟ ਸਾਹਿਬ ਜੀ ਸੁਸ਼ੋਬਿਤ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਕੋਲ ਮੋਦੀ ਦੀ ਨੌਕਰੀ ਕਰਦੇ ਸਨ ਅਤੇ ਆਪਣੀ ਕਿਰਤ ਕਮਾਈ ਨੂੰ ਲੋੜਵੰਦਾਂ ਵਿਚ ਰਾਸ਼ਨ ਵੰਡ ਦਿੰਦੇ ਸਨ। ਜਿਨ੍ਹਾਂ ਪਾਵਨ ਵੱਟਿਆਂ ਨਾਲ ਗੁਰੂ ਜੀ ਮੋਦੀਖਾਨੇ ਦਾ ਸੌਦਾ ਤੋਲਦੇ ਸਨ ਉਹ ਸਦੀਆਂ ਪੁਰਾਣੇ ਪਵਿੱਤਰ ਵੱਟੇ ਅੱਜ ਵੀ ਇਥੇ ਮੌਜੂਦ ਹਨ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਸ਼ੀਸ਼ੇ ਦੀ ਸੁੰਦਰ ਅਲਮਾਰੀ ਤਿਆਰ ਕਰਵਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਸ਼ਰਧਾ ਸਤਿਕਾਰ ਨਾਲ ਰੱਖੇ ਹੋਏ ਹਨ।
ਇਤਿਹਾਸ ਅਨੁਸਾਰ ਜਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੋਕਾਂ ਤੇਰਾ ਹੈ ਤੇਰਾ ਹੈ ਪੁਕਾਰਦੇ ਹੋਏ ਲੋਕਾਂ ਦੀਆਂ ਝੋਲੀਆਂ ਰਸਦਾਂ ਨਾਲ ਭਰਦੇ ਹੋਏ ਦੇਖਿਆ ਤਾਂ ਉਨ੍ਹਾਂ ਇਸਦੀ ਸ਼ਿਕਾਇਤ ਨਵਾਬ ਦੌਲਤ ਖਾਂ ਨੂੰ ਕੀਤੀ ਕਿ ਤੇਰਾ ਮੋਦੀ ਗੁਰੂ ਨਾਨਕ ਸਾਹਿਬ ਤਾਂ ਸਾਰਾ ਮੋਦੀਖਾਨਾ ਲੋਕਾਂ ਨੂੰ ਲੁਟਾਈ ਜਾ ਰਿਹਾ ਹੈ। ਲੋਕਾਂ ਦੀ ਸ਼ਿਕਾਇਤ 'ਤੇ ਨਵਾਬ ਦੌਲਤ ਖਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਰਾ ਹਿਸਾਬ ਕਿਤਾਬ ਕਰਨ ਲਈ ਮੁਣਸ਼ੀ ਨੂੰ ਕਿਹਾ ਕਿ ਪੂਰੀ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੂੰ ਹਿਸਾਬ ਕਿਤਾਬ ਕਰਨ ਸਮੇਂ ਇਕ ਕੋਠੜੀ ਵਿਚ ਬੰਦ ਕਰ ਕੇ ਰੱਖਿਆ।
ਲੋਕਾਂ ਨੇ ਨਵਾਬ ਦੌਲਤ ਖਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰੂ ਜੀ ਵੱਧ ਤੋਲ ਕੇ ਮੋਦੀਖਾਨੇ ਨੂੰ ਘਾਟਾ ਪਾ ਰਹੇ ਹਨ। ਜਦੋਂ ਮੋਦੀਖਾਨੇ ਦਾ ਸਾਰਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਗੁਰੂ ਜੀ ਦੇ 760 ਰੁਪਏ ਨਵਾਬ ਵੱਲ ਵੱਧ ਨਿਕਲੇ ਤਾਂ ਸ਼ਰਮਿੰਦਾ ਹੋਇਆ ਨਵਾਬ ਦੌਲਤ ਖਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਡਿੱਗ ਪਿਆ ਤੇ ਆਪਣੀ ਭੁੱਲ ਬਖਸ਼ਾਈ। ਨਵਾਬ ਨੇ ਖੁਸ਼ ਹੋ ਕੇ ਸਤਿਗੁਰੂ ਜੀ ਵਧੀ ਹੋਈ ਰਕਮ ਤੇ ਹੋਰ ਮਾਇਆ ਦੇਣ ਲਈ ਕਿਹਾ ਪਰ ਸਤਿਗੁਰੂ ਸਾਹਿਬ ਨੇ ਮਾਇਆ ਲੈਣ ਤੋਂ ਸਾਫ ਇਨਕਾਰ ਕਰਦੇ ਹੋਏ ਇਹ ਸਾਰੀ ਮਾਇਆ ਲੋੜਵੰਦਾਂ 'ਚ ਵੰਡ ਦੇਣ ਲਈ ਕਿਹਾ। ਸਤਿਗੁਰੂ ਜੀ ਨੂੰ ਮੋਦੀਖਾਨੇ ਦੇ ਹਿਸਾਬ ਕਿਤਾਬ ਸਮੇਂ ਜਿਸ ਕੋਠੜੀ 'ਚ ਬੰਦ ਕੀਤਾ ਸੀ ਉਸ ਅਸਥਾਨ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਨੇੜੇ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਸ਼ੋਬਿਤ ਹੈ। ਸਿੱਖਾਂ ਦਾ ਦੂਸਰਾ ਨਨਕਾਣਾ ਸਾਹਿਬ ਸਮਝੇ ਜਾਂਦੇ ਵਿਰਾਸਤੀ ਸ਼ਹਿਰ ਕਪੂਰਥਲਾ ਜ਼ਿਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਕਰਕੇ ਪੂਰੀ ਦੁਨੀਆ 'ਚ ਸਤਿਕਾਰਤ ਥਾਂ ਰੱਖਦੀ ਹੈ।
ਸੇਵਾ ਮੁਕਤ ਤੇ ਮਰ ਚੁੱਕੇ ਕਰਮਚਾਰੀਆਂ ਨੂੰ ਪ੍ਰਸ਼ਾਸਨ ਨੇ ਸੌਂਪੀ ਇਹ ਵੱਡੀ ਜ਼ਿੰਮੇਵਾਰੀ!
NEXT STORY