ਚੰਡੀਗੜ੍ਹ,(ਭੁੱਲਰ): ਸੋਨੀਆ ਗਾਂਧੀ ਆਲ ਇੰਡੀਆ ਕਾਂਗਰਸ ਦੀ ਅੰਤਰਿਮ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੈਠਕ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਗੈਰ-ਹਾਜ਼ਰੀ 'ਚ ਹੋਈ। ਭਾਵੇਂ ਕਿ ਹਾਲੇ ਉਨ੍ਹਾਂ ਦਾ ਅਸਤੀਫ਼ਾ ਪਾਰਟੀ ਵਲੋਂ ਮਨਜ਼ੂਰ ਨਹੀਂ ਕੀਤਾ ਗਿਆ। ਅੱਜ ਹੋਈ ਮੀਟਿੰਗ 'ਚ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਮਨਾਉਣ ਲਈ ਪ੍ਰੋਗਰਾਮ ਬਣਾਇਆ ਗਿਆ। ਇਸ ਸਬੰਧੀ ਪ੍ਰਦੇਸ਼ ਕਾਂਗਰਸ ਵਲੋਂ ਇਕ ਵਿਸ਼ੇਸ਼ ਕਮੇਟੀ ਵੀ ਵਿਧਾਇਕ ਕੁਲਜੀਤ ਨਾਗਰਾ ਦੀ ਅਗਵਾਈ ਹੇਠ ਗਠਿਤ ਕੀਤੀ ਗਈ। ਇਸ ਕਮੇਟੀ ਵਿਚ ਉਨ੍ਹਾਂ ਨਾਲ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੂੰ ਉਪ ਚੇਅਰਮੈਨ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਕੈ. ਸੰਦੀਪ ਸੰਧੂ ਨੂੰ ਕਮੇਟੀ ਦਾ ਮੈਂਬਰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕਾਂ ਕੁਲਦੀਪ ਵੈਦ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਇੰਦਰਬੀਰ ਸਿੰਘ ਬੁਲਾਰੀਆ, ਸੁਖਵਿੰਦਰ ਡੈਨੀ ਨੂੰ ਕਮੇਟੀ ਦਾ ਮੈਂਬਰ ਲਿਆ ਗਿਆ ਹੈ।
ਅੱਜ ਹੋਈ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ 'ਚ ਇਸ ਕਮੇਟੀ ਤੋਂ ਇਲਾਵਾ ਸਾਰੇ ਜ਼ਿਲਾ ਪ੍ਰਧਾਨ ਮੌਜੂਦ ਸਨ। ਸੁਨੀਲ ਜਾਖੜ ਵਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੀ ਇਸ ਪੱਧਰ ਦੀ ਵੱਡੀ ਮੀਟਿੰਗ ਪਹਿਲੀ ਵਾਰ ਹੋਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਸਲਾਹ ਨਾਲ ਠੱਪ ਪਈ ਪ੍ਰਦੇਸ਼ ਕਾਂਗਰਸ ਦੀ ਸਰਗਰਮੀ 'ਚ ਮੁੜ ਤੇਜ਼ੀ ਲਿਆਉਣ ਦੇ ਯਤਨ ਸ਼ੁਰੂ ਹੋ ਗਏ ਹਨ। ਅੱਜ ਹੋਈ ਮੀਟਿੰਗ 'ਚ ਵਿਸ਼ੇਸ਼ ਕਮੇਟੀ ਵਲੋਂ ਜ਼ਿਲਾ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਭਰ 'ਚ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣ, ਜਿਸ 'ਚ ਖ਼ੂਨਦਾਨ ਕੈਂਪ, ਪੌਦੇ ਲਾਉਣਾ, ਸੈਮੀਨਾਰ ਅਤੇ ਕਾਨਫਰੰਸਾਂ ਆਦਿ ਕਰਵਾਉਣਾ ਸ਼ਾਮਲ ਹਨ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਭਾਰਤ ਵਿਚ ਕਾਂਗਰਸ ਦੀ ਸਭ ਤੋਂ ਮਜ਼ਬੂਤ ਸਰਕਾਰ ਪੰਜਾਬ ਸੂਬੇ 'ਚ ਹੀ ਹੈ, ਅਜਿਹੇ 'ਚ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜੀਵ ਗਾਂਧੀ ਜੀ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਵਿਚ ਕੋਈ ਕਸਰ ਨਾ ਛੱਡੇ।
ਚੰਡੀਗੜ੍ਹ 'ਚ ਇਸ ਕਾਰਨ ਕਤਲ ਕੀਤੀਆਂ ਗਈਆਂ ਸਨ ਦੋ ਸਕੀਆਂ ਭੈਣਾਂ
NEXT STORY