ਜਲੰਧਰ/ਫਿਰੋਜ਼ਪੁਰ(ਧਵਨ, ਕੁਮਾਰ)— ਪੰਜਾਬ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਵਲੋਂ ਅਬੋਹਰ 'ਚ ਬਾਗਬਾਨੀ ਯੂਨੀਵਰਸਿਟੀ ਸਥਾਪਿਤ ਕਰਨ ਦੇ ਫੈਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਵਿਕਾਸ ਦੇ ਰਸਤੇ 'ਤੇ ਲਿਆਉਣ 'ਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਅਬੋਹਰ ਵਿਕਾਸ ਦੇ ਨਜ਼ਰੀਏ ਤੋਂ ਅੱਗੇ ਨਿਕਲੇਗਾ, ਸਗੋਂ ਪੰਜਾਬ ਨੂੰ ਦੇਸ਼ 'ਚ ਫੁੱਲਾਂ ਤੇ ਸਬਜ਼ੀਆਂ ਦੀ ਟੋਕਰੀ ਬਣਾਉਣ 'ਚ ਸਫਲ ਸਿੱਧ ਹੋਵੇਗਾ। ਜਾਖੜ ਨੇ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਜ਼ਰੂਰਤ ਸੀ ਤਾਂ ਉਸ ਵੇਲੇ ਹਰੀ ਕ੍ਰਾਂਤੀ ਰਾਹੀਂ ਅਨਾਜ ਭੰਡਾਰ ਭਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਨਾ ਸਿਰਫ ਬਾਗਬਾਨੀ ਲਈ ਤਕਨੀਕੀ ਪ੍ਰਸਾਰ ਸੇਵਾਵਾਂ ਦੇਵੇਗੀ, ਸਗੋਂ ਫਲਾਂ, ਫੁੱਲਾਂ ਅਤੇ ਸਬਜ਼ੀਆਂ ਸੰਬੰਧੀ ਨਵੇਂ ਬੀਜ ਮੁਹੱਈਆ ਕਰਵਾਉਣ 'ਚ ਵੀ ਉਪਯੋਗੀ ਸਿੱਧ ਹੋਵੇਗੀ।
ਜਾਖੜ 10 ਦਿਨ ਲਈ ਵਿਦੇਸ਼ ਰਵਾਨਾ:
ਧਵਨ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ 10 ਦਿਨ ਲਈ ਵਿਦੇਸ਼ ਚਲੇ ਗਏ ਹਨ। ਪੰਜਾਬ 'ਚ ਨਿਗਮ ਚੋਣਾਂ ਅੱਗੇ ਪੈ ਜਾਣ ਪਿੱਛੋਂ ਸੂਬੇ 'ਚ ਕਾਂਗਰਸ ਲਈ ਕੋਈ ਖਾਸ ਪ੍ਰੋਗਰਾਮ ਨਹੀਂ ਸੀ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਜਾਖੜ ਅਗਲੇ 10 ਦਿਨ ਤਕ ਯੂਰਪ ਦੇ ਕਿਸੇ ਦੇਸ਼ 'ਚ ਰਹਿਣਗੇ। ਪਤਾ ਲੱਗਾ ਹੈ ਕਿ ਜਾਖੜ ਨੇ ਵਿਦੇਸ਼ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀ। ਕੈਪਟਨ ਨੇ ਵੀ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਹਰੀ ਝੰਡੀ ਦੇ ਦਿੱਤੀ ਸੀ। ਜਾਖੜ ਨੇ ਕਿਹਾ ਕਿ ਸੂਬਾਈ ਕਾਂਗਰਸ ਦੀਆਂ ਸਰਗਰਮੀਆਂ ਬਿਨਾਂ ਕਿਸੇ ਰੁਕਾਵਟ ਦੇ ਚਲਦੀਆਂ ਰਹਿਣਗੀਆਂ।
ਸਾਰਿਆਂ ਨੂੰ 'ਖੁਸ਼' ਕਰਨ ਦੇ ਚੱਕਰ 'ਚ ਲਟਕ ਰਿਹਾ 'ਆਪ' ਦਾ ਨਵਾਂ ਢਾਂਚਾ
NEXT STORY