ਜਲੰਧਰ : ਆਪਣੀ ਕਲਮ ਰਾਹੀਂ ਸਮੇਂ-ਸਮੇਂ 'ਤੇ ਸਰਕਾਰਾਂ ਅਤੇ ਪੰਜਾਬ ਦੇ ਹਾਲਾਤ ਨੂੰ ਬਿਆਨ ਕਰਨ ਵਾਲੇ ਪੰਜਾਬ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੇ ਮੌਜੂਦਾ ਸਿਆਸੀ ਹਾਲਾਤ 'ਤੇ ਪਹਿਲੀ ਵਾਰ ਖੁੱਲ੍ਹ ਕੇ ਵਿਅੰਗ ਕੱਸਿਆ ਹੈ। ਸੁਰਜੀਤ ਪਾਤਰ ਦਾ ਕਹਿਣਾ ਹੈ ਕਿ ਸਿਆਸੀ ਲੀਡਰਾਂ ਲਈ ਸਿਆਸਤ ਸਿਰਫ ਇਕ ਧੰਦਾ ਹੈ ਅਤੇ ਭਾਰਤ ਦੇ ਲੀਡਰ ਸਿਵਿਆਂ 'ਤੇ ਰੋਟੀਆਂ ਸੇਕ ਰਹੇ ਹਨ। ਆਲਮ ਇਹ ਹੈ ਕਿ ਦੇਸ਼ ਵਿਚ ਲੋਕਾਂ ਨੂੰ ਕਹਿਣ ਦਾ ਹੱਕ ਤੱਕ ਖੋਹਿਆ ਜਾ ਰਿਹਾ ਹੈ। ਬਾਬਾ ਬੁੱਲ੍ਹੇ ਸ਼ਾਹ ਦੀ ਨਜ਼ਮ ਸਾਂਝੀ ਕਰਦਿਆਂ ਪਾਤਰ ਨੇ ਆਖਿਆ ਕਿ 'ਸੱਚ ਆਖਾਂ ਤਾਂ ਭਾਂਬੜ ਮੱਚਦਾ ਏ, ਝੂਠ ਆਖਾਂ ਤਾਂ ਕੁਝ ਬਚਦਾ ਏ, ਜੀਅ ਦੋਹਾਂ ਗੱਲਾਂ ਤੋਂ ਜੱਕਦਾ ਏ, ਜੱਕ-ਜੱਕ ਕੇ ਜੀਬਾਂ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਇਕ ਵੈੱਬ ਪੋਰਟਲ 'ਚੈੱਨਲ ਪੰਜਾਬੀ' ਨੂੰ ਦਿੱਤੇ ਇੰਟਰਵਿਊ ਵਿਚ ਪਾਤਰ ਨੇ ਆਖਿਆ ਕਿ ਅੱਜ ਦੇ ਸਮੇਂ ਵਿਚ ਸੱਚ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਸਿਆਸਤ 'ਤੇ ਵਿਅੰਗ ਕਰਦੇ ਹੋਏ ਪਾਤਰ ਨੇ ਕਿਹਾ ਕਿ 'ਡੂੰਘੇ ਵੈਣਾਂ ਦਾ ਕੀ ਮਿਣਨਾ, ਤਖਤ ਦੇ ਪਾਵੇ ਮਿਣੀਏ, ਜਦ ਤਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ। ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦਈਏ, ਚੁੱਲ੍ਹਿਆਂ ਵਿਚੋਂ ਕੱਢ-ਕੱਢ ਲੱਕੜਾਂ ਇਸ ਦੀ ਅੱਗ ਵਿਚ ਚਿਣੀਏ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਸੱਚ ਬੋਲਣਾ ਪੱਤਰਕਾਰ ਅਤੇ ਸ਼ਾਇਰ ਲਈ ਵੀ ਬਹੁਤ ਮੁਸ਼ਕਲ ਹੈ।
ਸੁਰਜੀਤ ਪਾਤਰ ਦਾ ਕਹਿਣਾ ਹੈ ਕਿ ਸਿਆਸਤ ਦੋ ਤਰ੍ਹਾਂ ਹੁੰਦੀ ਹੈ, ਖੋਟੀ ਅਤੇ ਚੰਗੀ ਪਰ ਸਾਡਾ ਦੇਸ਼ ਬਹੁਤ ਸਮੇਂ ਤੋਂ ਖੋਟੀ ਸਿਆਸਤ 'ਚੋਂ ਲੰਘ ਰਿਹਾ ਹੈ। ਇਹੋ ਕਾਰਨ ਹੈ ਕਿ ਕਈ ਵਾਰ ਜਿਊਂਦਿਆਂ ਮਸਲਿਆਂ ਨੂੰ ਟਾਲਣ ਲਈ ਮੁਰਦੇ ਮਸਲਿਆਂ ਨੂੰ ਉਛਾਲਿਆ ਜਾਂਦਾ ਹੈ। ਹੁਣ ਵੀ ਦੇਸ਼ ਵਿਚ ਵੋਟਾਂ ਦੀ ਗਿਣਤੀ ਕਾਰਨ ਧਰਮ ਦੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ। ਲੀਡਰ ਵਿਚ ਇਸੇ ਤਰ੍ਹਾਂ ਦੀ ਸਿਆਸਤ ਵਿਚ ਰੁੱਝੇ ਹੋਏ ਹਨ ਕਿ ਕਿਸ ਸਟੈਂਡ ਨਾਲ ਉਸ ਦੀਆਂ ਵੋਟਾਂ ਵਧਣਗੀਆਂ।
ਇਸ ਦੇ ਨਾਲ ਹੀ ਨਨਕਾਣਾ ਸਾਹਿਬ 'ਚ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਪਾਤਰ ਨੇ ਇਸ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੋਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਹੈ। ਪਾਤਰ ਮੁਤਾਬਕ ਸਿਆਸਤ ਅਜਿਹੀ ਸ਼ਹਿ ਹੈ ਜਿਸ ਨੂੰ ਨਾ ਤਾਂ ਜ਼ਿਆਦਾ ਦੋਸਤੀ ਅਤੇ ਨਾ ਦੁਸ਼ਮਣੀ ਗਵਾਰਾ ਹੁੰਦਾ ਹੈ।
ਨਰਸ ਕਤਲ ਮਾਮਲਾ : ਕਾਤਲ ਪ੍ਰੇਮੀ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ
NEXT STORY