ਪਟਿਆਲਾ (ਬਲਜਿੰਦਰ, ਰਾਣਾ, ਪਰਮੀਤ)-ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਗਏ ਵਾਧੇ 'ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਕਿਸਾਨਾਂ, ਫਿਰ ਬੇਰੋਜ਼ਗਾਰਾਂ ਤੇ ਹੁਣ ਆਮ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਚੋਣਾਂ ਤੋਂ ਪਹਿਲਾਂ ਉਦਯੋਗਾਂ ਤੇ ਲੋਕਾਂ ਨੂੰ ਸਸਤੀ ਬਿਜਲੀ ਦਰਾਂ 'ਤੇ ਬਿਜਲੀ ਦੇਣ ਦਾ ਵਾਅਦਾ ਕਰ ਕੇ ਪਹਿਲਾਂ ਗੁਮਰਾਹ ਕੀਤਾ। ਕਿਸਾਨਾਂ ਨੂੰ ਕਰਜ਼ਾ ਮੁਆਫੀ ਸਬੰਧੀ ਅਤੇ ਫਿਰ ਬੇਰੋਜ਼ਗਾਰਾਂ ਨੂੰ ਘਰ-ਘਰ ਰੋਜ਼ਗਾਰ ਦੇਣ ਸਬੰਧੀ ਧੋਖਾ ਦਿੱਤਾ। ਹੁਣ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 8 ਮਹੀਨਿਆਂ ਦੇ ਕਾਰਜਕਾਲ ਵਿਚ ਜਿੱਥੇ ਕਾਂਗਰਸ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ 'ਤੇ ਇਕ ਤੋਂ ਬਾਅਦ ਇਕ ਭਾਰ ਪਾਇਆ ਜਾ ਰਿਹਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਘਰ-ਘਰ ਰੋਜ਼ਗਾਰ ਦੀ ਗੱਲ ਕਰਨ ਵਾਲੀ ਸਰਕਾਰ ਨੇ ਸੂਬੇ ਦੇ 800 ਸਕੂਲਾਂ ਨੂੰ ਤਾਲੇ ਜੜਨ ਦਾ ਐਲਾਨ ਕਰ ਦਿੱਤਾ। ਹਾਲੇ ਪੰਜਾਬ ਦੇ ਲੋਕ ਸਰਕਾਰ ਵੱਲੋਂ ਦਿੱਤੇ ਗਏ ਇਸ ਝਟਕੇ ਤੋਂ ਉੱਭਰੇ ਵੀ ਨਹੀਂ ਸਨ ਕਿ ਅੱਜ ਬਿਜਲੀ ਦਰਾਂ ਵਿਚ ਭਾਰੀ ਵਾਧਾ ਕਰ ਕੇ ਆਮ ਆਦਮੀ ਦੇ ਸਿਰ ਆਰਥਿਕ ਭਾਰ ਦੀ ਇਕ ਹੋਰ ਪੰਡ ਰੱਖ ਦਿੱਤੀ ਗਈ ਹੈ। ਅਕਾਲੀ ਆਗੂ ਸਤਬੀਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਪਾਲ ਜੁਨੇਜਾ, ਹਰੀ ਸਿੰਘ, ਕਬੀਰ ਦਾਸ ਤੇ ਮੱਖਣ ਸਿੰਘ ਲਾਲਕਾ ਆਦਿ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਹੁਣ ਲੋਕਾਂ ਦਾ ਘਾਣ ਕਰਨ 'ਤੇ ਉਤਰ ਆਈ ਹੈ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਇਹ ਵੀ ਦੱਸਣ ਕਿ ਕਿਹੜਾ ਵਾਅਦਾ ਹੁਣ ਤੱਕ ਪੂਰਾ ਕੀਤਾ ਗਿਆ ਹੈ? ਨਾਲ ਹੀ ਇਹ ਵੀ ਦੱਸਣ ਕਿ ਸਿਰਫ਼ 6 ਮਹੀਨਿਆਂ ਵਿਚ ਕਿੰਨੇ ਲੋਕ-ਵਿਰੋਧੀ ਫ਼ੈਸਲੇ ਕੀਤੇ ਹਨ?
ਇਸ ਮੌਕੇ ਚੇਅਰਮੈਨ ਜਸਪਾਲ ਕਲਿਆਣ, ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਚੇਅਰਮੈਨ ਬਲਵਿੰਦਰ ਬਰਸਟ, ਪ੍ਰਧਾਨ ਬਲਵਿੰਦਰ ਸਿੰਘ ਕੰਗ, ਚੇਅਰਮੈਨ ਮਲਕੀਤ ਡਕਾਲਾ, ਕੌਂਸਲਰ ਸੁਖਬੀਰ ਅਬਲੋਵਾਲ, ਬਲਬੀਰ ਸਿੰਘ ਖਰੌੜ, ਕੌਂਸਲਰ ਬਿੱਟੂ ਚੱਠਾ, ਰਾਜਿੰਦਰ ਵਿਰਕ, ਗੁਰਸੇਵਕ ਸਿੰਘ ਗੋਲੂ ਨਾਭਾ, ਐਡਵੋਕੇਟ ਜਗਜੀਤ ਸਿੰਘ ਲਾਲਕਾ, ਇੰਦਰਜੀਤ ਰੱਖੜਾ ਤੇ ਪ੍ਰਧਾਨ ਈਸਰ ਅਬਲੋਵਾਲ ਆਦਿ ਆਗੂਆਂ ਨੇ ਵੀ ਬਿਜਲੀ ਦਰਾਂ ਵਿਚ ਵਾਧੇ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਰਕਾਰ ਨੂੰ ਲੋਕ-ਮਾਰੂ ਕਰਾਰ ਦਿੱਤਾ ਹੈ।
ਜੱਥਾ ਰੰਧਾਵਾ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਹੋਏ ਆਹਮੋ-ਸਾਹਮਣੇ
NEXT STORY