ਸੁਲਤਾਨਪੁਰ ਲੋਧੀ (ਸੋਢੀ)— ਸ਼ਰਾਬ ਮਾਫੀਏ ਵੱਲੋਂ ਕਥਿਤ ਤੌਰ 'ਤੇ ਬਣਾਈ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਝਾ ਅਤੇ ਮਾਲਵਾ ਖੇਤਰ 'ਚ ਵੱਡੀ ਗਿਣਤੀ ਮਨੁੱਖੀ ਜਾਨਾਂ ਦੇ ਸੱਥਰ ਵਿਛ ਗਏ ਹਨ। ਜਿਸ ਦੀਆਂ ਖ਼ਬਰਾਂ ਦੀ ਹਾਲੇ ਸ਼ਿਆਹੀ ਵੀ ਨਹੀਂ ਸੁੱਕੀ ਕਿ ਸ਼ਰਾਬ ਮਾਫੀਏ ਵੱਲੋਂ ਕਥਿਤ ਤੌਰ 'ਤੇ ਜ਼ਹਿਰੀਲੀ ਲਾਹਣ ਦੀ ਖੇਪ ਸਤਲੁਜ ਦਰਿਆ 'ਚ ਰੋੜ ਕੇ ਦਰਿਆ ਦਾ ਪਾਣੀ ਪ੍ਰਦੂਸ਼ਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਭਾਰੀ ਗਿਣਤੀ 'ਚ ਮੱਛੀਆਂ ਅਤੇ ਪਾਣੀ 'ਚ ਰਹਿੰਦੇ ਹੋਰ ਜੀਵਾਂ ਦੀ ਮੌਤ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਵੱਡੀ ਗਿਣਤੀ 'ਚ ਮੱਛੀਆਂ ਮਰ ਰਹੀਆਂ ਹਨ ਜੋ ਕਿ ਦਰਿਆ ਦੇ ਜ਼ਹਿਰੀਲੇ ਹੋਏ ਪਾਣੀ ਕਾਰਨ ਸਾਹ ਲੈਣ ਲਈ ਉੱਪਰ ਤੈਰ ਰਹੀਆਂ ਹਨ ਅਤੇ ਕੁਝ ਤੜਫ-ਤੜਫ ਕੇ ਮਰ ਚੁੱਕੀਆਂ ਹਨ। ਚਰਚਾ ਹੈ ਕਿ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਨਕਲੀ ਸ਼ਰਾਬ ਨਾਲ 100 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਹਰਕਤ 'ਚ ਆਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਪੁਲਸ ਵੱਲੋਂ ਨਾਜਾਇਜ ਸ਼ਰਾਬ ਦਾ ਕਾਰੋਬਾਰ ਕਰਦੇ ਸ਼ਰਾਬ ਮਾਫੀਏ ਖ਼ਿਲਾਫ਼ ਜੋਰਦਾਰ ਮੁਹਿੰਮ ਚਲਾਈ ਗਈ ਹੈ ਅਤੇ ਧੜਾਧੜ ਨਾਜਾਇਜ਼ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਜਿਸ ਡਰ ਕਾਰਨ ਹੀ ਨਕਲੀ ਸ਼ਰਾਬ ਬਣਾਉਣ ਵਾਲੇ ਸ਼ਰਾਬ ਮਾਫੀਏ ਵੱਲੋਂ ਆਪਣਾ ਬਚਾਓ ਕਰਨ ਲਈ ਕੱਚੀ ਲਾਹਣ ਦੇ ਡਰੰਮ ਅਤੇ ਹੋਰ ਜ਼ਹਿਰੀਲੇ ਕੈਮੀਕਲ ਸਤਲੁਜ ਦਰਿਆ 'ਚ ਰੋੜ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼
ਦੂਜੀ ਚਰਚਾ ਇਹ ਵੀ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਕਿਸੇ ਫੈਕਟਰੀ ਦਾ ਜ਼ਹਿਰੀਲਾ ਕੈਮੀਕਲ ਦਰਿਆ ਦੇ ਪਾਣੀ 'ਚ ਮਿਲਾ ਦਿੱਤੇ ਜਾਣ ਕਾਰਨ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਮੱਛੀਆਂ ਦਾ ਪਾਣੀ 'ਚ ਸਾਹ ਬੰਦ ਹੋ ਗਿਆ। ਹੋਰ ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਫਤਿਹਪੁਰ ਭੰਗਵਾਂ, ਮੰਡਾਲਾ ਛੰਨਾ, ਪਿੱਪਲੀ ਆਦਿ ਖੇਤਰ 'ਚ ਲੰਘਦੇ ਦਰਿਆ 'ਚ ਲੱਖਾਂ ਮੱਛੀਆਂ ਦੇ ਮਾਰੇ ਜਾਣ ਦੀ ਚਰਚਾ ਹੈ। ਨੇੜਲੇ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦਰਿਆ ਸਤਲੁਜ ਦਾ ਪਾਣੀ ਪੂਰੀ ਤਰ੍ਹਾਂ ਸਾਫ ਅਤੇ ਸਵੱਛ ਸੀ ਪਰ ਅੱਜ ਸਵੇਰ ਤੋਂ ਹੀ ਪਾਣੀ ਬਦਬੂ ਮਾਰ ਰਿਹਾ ਹੈ।
ਗੰਦਾ ਪਾਣੀ ਹੌਲੀ-ਹੌਲੀ ਗਿੱਦੜਪਿੰਡੀ-ਦਾਰੇਵਾਲ ਵਾਲੇ ਖੇਤਰ ਵੱਲ ਵੀ ਵੱਧ ਰਿਹਾ ਹੈ ਅਤੇ ਜੇਕਰ ਸਬੰਧਿਤ ਮਹਿਕਨੇ ਵੱਲੋਂ ਸਮੇਂ ਸਿਰ ਧਿਆਨ ਨਾਂ ਦਿੱਤਾ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਦਰਿਆ ਦਾ ਜ਼ਹਿਰੀਲਾ ਹੋਇਆ ਪਾਣੀ ਜਿੱਥੇ ਮੱਛੀਆਂ ਲਈ ਜਾਨਲੇਵਾ ਸਾਬਿਤ ਹੋਇਆ ਹੈ ਉੱਥੇ ਹੀ ਹੋਰ ਜਾਨਵਰਾਂ ਲਈ ਵੀ ਖਤਰਾ ਬਣਿਆ ਹੋਇਆ ਹੈ ।
ਕੀ ਕਹਿੰਦੇ ਹਨ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ
ਦਰਿਆ ਸਤਲੁਜ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਵੱਡੀ ਗਿਣਤੀ 'ਚ ਮੱਛੀਆਂ ਦੇ ਮਾਰੇ ਜਾਣ 'ਤੇ ਵਾਤਾਵਰਣ ਪ੍ਰੇਮੀ ਪਦਮ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ, ਜਿਸ ਦੀ ਤੁਰੰਤ ਜਾਂਚ ਕਰਕੇ ਦਰਿਆਈ ਪਾਣੀਆਂ ਨੂੰ ਜ਼ਹਿਰੀਲਾ ਕਰਨ ਵਾਲੇ ਲੋਕਾਂ ਖ਼ਿਲਾਫ਼ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਸੰਤ ਸੀਚੇਵਾਲ ਜੀ ਨੇ ਇਸ ਘਟਨਾ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ ਤੇ ਮੰਗ ਕੀਤੀ ਕਿ ਇਸ ਬਾਰੇ ਤੁਰੰਤ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੇ ਜੀਵਾਂ ਦੀ ਰੱਖਿਆ ਲਈ ਕਈ ਕਾਨੂੰਨ ਬਣੇ ਹੋਏ ਹਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਨੂੰਨਾਂ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਤਾਂ ਹੀ ਕੁਝ ਲੋਕ ਆਪਣੇ ਨਿੱਜੀ ਮੁਫਾਦ ਖਾਤਰ ਕੁਦਰਤ ਨਾਲ ਲਗਾਤਾਰ ਖਿਲਵਾੜ ਕਰਦੇ ਆ ਰਹੇ ਹਨ ।
ਮੁਲਜ਼ਮਾਂ ਖਿਲਾਫ ਹੋਵੇ ਸਖਤ ਕਾਰਵਾਈ : ਸਾਹਿਤ ਸਭਾ
ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ, ਸਰਪ੍ਰਸਤ ਸ਼੍ਰੀ ਨਰਿੰਦਰ ਸਿੰਘ ਸੋਨੀਆਂ, ਜਨਰਲ ਸੈਕਟਰੀ ਮੁਖਤਾਰ ਸਿੰਘ ਚੰਦੀ ਆਦਿ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸਤਲੁਜ ਦਰਿਆ ਦਾ ਪਾਣੀ ਜ਼ਹਿਰੀਲਾ ਕਰਨ ਦੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਕ ਸ਼ਰਾਬ ਫੈਕਟਰੀ ਦਾ ਜ਼ਹਿਰੀਲਾ ਕੈਮੀਕਲ ਦਰਿਆ ਬਿਆਸ ਵਿਚ ਪਾਏ ਜਾਣ ਕਾਰਨ ਲੱਖਾਂ ਮੱਛੀਆਂ ਤੇ ਪਾਣੀ ਵਾਲੇ ਹੋਰ ਜੀਵ ਜੰਤੂ ਮਾਰੇ ਗਏ ਸਨ। ਸਾਹਿਤ ਸਭਾ ਨੇ ਮੰਗ ਕੀਤੀ ਕਿ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕੋਈ ਵੀ ਅੱਗੇ ਤੋਂ ਦਰਿਆਈ ਪਾਣੀਆਂ ਨੂੰ ਜ਼ਹਿਰੀਲਾ ਨਾ ਕਰ ਸਕੇ।
ਗਲੀ 'ਚ ਖੇਡਣ ਗਿਆ ਬੇਟਾ ਘਰ ਨਾ ਮੁੜਿਆ, ਪਾਣੀ ਵਾਲੀ ਹੌਦੀ 'ਚ ਨਜ਼ਰ ਮਾਰਦੇ ਹੀ ਪਿਤਾ ਦੇ ਉੱਡੇ ਹੋਸ਼
NEXT STORY