ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਅਕਾਲੀ ਨੇਤਾ ਤੇਜਿੰਦਰ ਪਾਲ ਸਿੰਘ ਸੰਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਸੰਧੂ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਪਾਰਟੀ 'ਚ ਸ਼ਾਮਲ ਹੋਣ 'ਤੇ ਸੰਧੂ ਦਾ ਸੁਆਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਜ਼ਾਹਰ ਕੀਤਾ ਕਿ ਪਟਿਆਲਾ ਸੰਸਦੀ ਹਲਕੇ ਤੋਂ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਇਸ ਅਹਿਮ ਸੀਟ ਨੂੰ ਯਕੀਨੀ ਤੌਰ 'ਤੇ ਵੱਡੇ ਫਰਕ ਨਾਲ ਜਿੱਤੇਗੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੰਧੂ ਅਕਾਲੀ ਦਲ ਦੇ ਉੱਘੇ ਲੀਡਰ ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਹਨ। ਸ. ਜਸਦੇਵ ਸਿੰਘ ਸੰਧੂ ਘਨੌਰ, ਸਨੌਰ, ਧੂਰੀ ਤੋਂ ਪੰਜ ਵਾਰ ਵਿਧਾਇਕ ਅਤੇ ਸੂਬੇ ਦੇ ਮੰਤਰੀ ਰਹੇ ਹਨ ਜਿਨਾਂ ਦਾ ਪਟਿਆਲਾ ਖੇਤਰ ਵਿੱਚ ਚੰਗਾ ਆਧਾਰ ਹੈ, ਜੋ ਪਾਰਟੀ ਲਈ ਬਹੁਤ ਮਹੱਤਵਪੂਰਨ ਸਿੱਧ ਹੋਵੇਗਾ। ਇਹ ਜ਼ਿਕਰਯੋਗ ਹੈ ਕਿ ਤੇਜਿੰਦਰ ਪਾਲ ਸਿੰਘ ਸੰਧੂ ਦੇ ਮਾਤਾ ਸਰਦਾਰਨੀ ਜਸਦੇਵ ਕੌਰ ਸੰਧੂ ਘਨੌਰ ਅਤੇ ਸਨੌਰ ਤੋਂ ਤਿੰਨ ਵਾਰ ਵਿਧਾਇਕ ਰਹੇ। ਸ੍ਰੀ ਸੰਧੂ ਸਾਲ 2000 ਤੋਂ 2002 ਤੱਕ ਪੰਜਾਬ ਅਧੀਨ ਚੋਣ ਸੇਵਾਵਾਂ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸੰਧੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਇਸ ਕਰਕੇ ਸ਼ਾਮਲ ਹੋਏ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮਕਾਜ ਦੇ ਤਾਨਾਸ਼ਾਹੀ ਵਤੀਰੇ ਕਾਰਨ ਉਹ ਆਪਣੇ ਆਪ ਨੂੰ ਘੁਟਿਆ ਹੋਇਆ ਮਹਿਸੂਸ ਕਰ ਰਹੇ ਸਨ।
ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਪਰਿਵਾਰ ਦੀ ਇਲਾਕੇ ਦੇ ਲੋਕਾਂ ਪ੍ਰਤੀ ਨਿਸ਼ਕਾਮ ਸੇਵਾ ਦੇ ਅਮੀਰ ਵਿਰਸੇ ਨੂੰ ਲਗਾਤਾਰ ਅੱਖੋ-ਪਰੋਖੇ ਕਰਦੇ ਰਹੇ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ, ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਤੋਂ ਇਲਾਵਾ ਸੰਧੂ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ।
ਜਲਿਆਂਵਾਲਾ ਬਾਗ ਸਾਕਾ ਯਾਦਗਾਰੀ ਸਮਾਗਮ 'ਚ ਸ਼ਾਮਲ ਹੋ ਸਕਣਗੇ ਮੁੱਖ ਮੰਤਰੀ
NEXT STORY