ਤਲਵੰਡੀ ਸਾਬੋ (ਮੁਨੀਸ਼) : 'ਪਾਕਿਸਤਾਨ ਦੇ ਨਾਲ-ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਧਰਮ ਪਰਿਵਰਤਨ ਦੀਆਂ ਵਧ ਰਹੀਆਂ ਘਟਨਾਵਾਂ ਬੜਾ ਚਿੰਤਾ ਦਾ ਵਿਸ਼ਾ ਹਨ। ਕੁਝ ਈਸਾਈ ਪ੍ਰਚਾਰਕ ਡੇਰਾਵਾਦ ਦੀ ਤਰ੍ਹਾਂ ਸਰਹੱਦੀ ਖੇਤਰਾਂ ਦੇ ਗਰੀਬ ਸਿੱਖ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਈਸਾਈ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਨਾਲ ਹੀ ਜ਼ਰੂਰਤ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਜਾਵੇ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਕੀਤਾ।
ਉਨ੍ਹਾਂ ਕਿਹਾ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਜਾਂ ਇਲਾਜ ਲਈ ਆਰਥਿਕ ਸਹਾਇਤਾ ਦੀ ਜ਼ਰੂਰਤ ਸਾਹਮਣੇ ਆਵੇ ਤਾਂ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੀਆਂ ਸਿੱਖ ਸੰਸਥਾਵਾਂ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ, ਤਾਂ ਕਿ ਉਹ ਕਿਸੇ ਲੋੜ ਕਰ ਕੇ ਧਰਮ ਤਬਦੀਲੀ ਬਾਰੇ ਨਾ ਸੋਚਣ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਅਮਰੀਕਾ ਦੇ ਸਿੱਖਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਹੁਣ ਉੱਥੇ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਨੂੰ ਇਕ ਵੱਖਰੀ ਕੌਮ ਵਜੋਂ ਦਰਜ ਕੀਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਸਿੱਖ ਵੀ ਇਸ ਲਈ ਯਤਨਸ਼ੀਲ ਹਨ ਤੇ ਉਮੀਦ ਹੈ ਕਿ ਜਲਦ ਉੱਥੋਂ ਦੀ ਸਰਕਾਰ ਵੀ ਅਜਿਹਾ ਹੀ ਫੈਸਲਾ ਲੈ ਲਵੇਗੀ।
ਸਿੰਘ ਸਾਹਿਬ ਨੇ ਇਸ ਮੌਕੇ ਸਿੱਖ ਧਾਰਮਕ ਚਿੰਨ੍ਹ ਪਹਿਣ ਕੇ ਸ਼ੋਸਲ ਮੀਡੀਆ 'ਤੇ ਵੀਡੀਓ ਅਪਲੋਡ ਕਰਨ ਨੂੰ ਗਲਤ ਦੱਸਦਿਆਂ ਕਿਹਾ ਕਿ ਸਿੱਖੀ ਪਹਿਰਾਵੇ ਵਾਲੇ ਨੌਜਵਾਨ ਲੜਕੇ-ਲੜਕੀਆਂ ਅਜਿਹੀ ਕੋਈ ਵੀਡੀਓ ਅਪਲੋਡ ਨਾ ਕਰਨ, ਜਿਸ ਨਾਲ ਸਮੁੱਚੇ ਸਿੱਖ ਹਿਰਦਿਆਂ ਨੂੰ ਠੇਸ ਪੁੱਜਦੀ ਹੋਵੇ।
ਪੰਜਾਬ 'ਚ ਮਹਿੰਗੀ ਬਿਜਲੀ ਸਬੰਧੀ ਜਲਦ ਠੋਸ ਕਦਮ ਚੁੱਕਣਗੇ 'ਕੈਪਟਨ'
NEXT STORY