ਤਰਨਤਾਰਨ : ਤਰਨਤਾਰਨ 'ਚ ਇਕ ਮਹਿਲਾ ਜੱਜ ਦੇ ਘਰ ਘਰੇਲੂ ਕੰਮ ਕਰਦੀ ਔਰਤ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਔਰਤ ਦੀ ਪਛਾਣ ਜਸਬੀਰ ਕੌਰ (25) ਵਾਸੀ ਰਸੂਲਪੁਰ ਵਜੋਂ ਹੋਈ ਹੈ, ਜਿਸ ਨੂੰ ਰਸੂਲਪੁਰ ਪਿੰਡ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੀ ਹਾਲਤ ਗੰਭੀਰ ਹੈ, ਜਿਸ ਨੂੰ ਅਜੇ 24 ਘੰਟੇ ਹੋਰ ਨਿਗਰਾਨੀ ਹੇਠ ਰੱਖਣ ਦੀ ਲੋੜ ਹੈ।
ਸਥਾਨਕ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਹ ਜੱਜ ਦੇ ਘਰ ਠੇਕਾ ਮੁਲਾਜ਼ਮ ਵਜੋਂ ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਦੀ ਸੀ। ਉਸ ਨੂੰ 8750 ਰੁਪਏ ਮਹੀਨਾ ਵੇਤਨ ਮਿਲਦਾ ਹੈ। ਉਸ ਨੇ ਕਿਹਾ ਕਿ ਜੱਜ ਉਸ ਕੋਲੋਂ ਰਾਤ-ਦਿਨ ਕੰਮ ਲੈਂਦੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਸ ਨੇ ਦੋਸ਼ ਲਾਇਆ ਕਿ ਮਹਿਲਾ ਜੱਜ ਵਲੋਂ ਜਿੱਥੇ ਉਸ 'ਤੇ ਲਗਾਤਾਰ ਤਸ਼ੱਦਦ ਕੀਤਾ ਜਾਂਦਾ ਸੀ, ਉਥੇ ਹੀ ਉਸ ਨੂੰ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਜਸਬੀਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਵੇਰ ਵੇਲੇ ਜੱਜ ਆਪਣੀ ਡਿਊਟੀ 'ਤੇ ਚਲੀ ਗਈ ਅਤੇ ਉਸ ਨੂੰ ਘਰੋਂ ਬਾਹਰ ਨਾ ਜਾਣ ਲਈ ਕਹਿ ਗਈ। ਇਸੇ ਦੌਰਾਨ ਜਸਬੀਰ ਕੌਰ ਨੇ ਜੱਜ ਦੇ ਘਰ ਅੰਦਰ ਹੀ ਸਿਉਂਕ ਮਾਰਨ ਵਾਲੀ ਦਵਾਈ ਪੀ ਲਈ| ਲੜਕੀ ਨੇ ਇਸ ਬਾਰੇ ਮੋਬਾਈਲ ਰਾਹੀਂ ਆਪਣੇ ਪਰਿਵਾਰ ਨੂੰ ਦੱਸ ਦਿੱਤਾ। ਉਸ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਜਸਬੀਰ ਕੌਰ ਨੇ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਹੈ ਕਿ ਮਹਿਲਾ ਜੱਜ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ|ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਅਗਲੇਰੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ 'ਚ ਘਪਲੇ ਦੀਆਂ ਖ਼ਬਰਾਂ 'ਤੇ ਬੋਲੇ ਧਰਮਸੋਤ
NEXT STORY