ਤਰਨਤਾਰਨ (ਰਾਜੂ) : ਤਰਨਤਾਰਨ ਦੇ ਨਜ਼ਦੀਕੀ ਪਿੰਡ ਮੱਲ੍ਹੀਆਂ ਵਿਖੇ ਇਕ ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੇ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ 3 ਮਹੀਨੇ ਪਹਿਲਾਂ ਇਨ੍ਹਾਂ ਨੇ ਕੋਰਟ ਮੈਰਿਜ ਕਰਵਾ ਲਈ ਸੀ ਜਦ ਕਿ ਦੋਵੇਂ ਆਪਣੇ-ਆਪਣੇ ਘਰ ਹੀ ਰਹਿ ਰਹੇ ਸਨ ਪਰ ਜਦੋਂ ਲੜਕੀ ਦੇ ਪਰਿਵਾਰ ਨੂੰ ਕੋਰਟ ਮੈਰਿਜ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਨੌਜਵਾਨ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨਾਮਕ ਨੌਜਵਾਨ ਦੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਲੜਕੀ ਦਾ ਪਰਿਵਾਰ ਰਜ਼ਾਮੰਦ ਨਾ ਹੋਣ ਦੇ ਕਾਰਣ ਦੋਵਾਂ ਨੇ 3 ਮਹੀਨੇ ਪਹਿਲਾਂ ਕੋਰਟ ਮੈਰਿਜ ਕਰਵਾ ਲਈ ਪਰ ਲੜਕਾ ਅਤੇ ਲੜਕੀ ਦੋਵੇਂ ਆਪੋ-ਆਪਣੇ ਘਰ 'ਚ ਹੀ ਰਹਿ ਰਹੇ ਸਨ। ਕੁਝ ਦਿਨ ਪਹਿਲਾਂ ਜਦ ਨਵਦੀਪ ਸਿੰਘ ਨੇ ਲੜਕੀ ਦੇ ਪਰਿਵਾਰ ਨੂੰ ਕੋਰਟ ਮੈਰਿਜ ਬਾਰੇ ਦੱਸਿਆ ਤਾਂ ਲੜਕੀ ਦੇ ਪਰਿਵਾਰ ਨੇ ਕਥਿਤ ਤੌਰ 'ਤੇ ਲੜਕੀ ਦੀ ਵਿਆਹ 'ਚ ਕੋਈ ਮਰਜ਼ੀ ਨਾ ਹੋਣ ਦਾ ਹਵਾਲਾ ਦਿੱਤਾ ਅਤੇ ਇਸ ਵਿਆਹ ਨੂੰ ਨਾ ਮੰਨਣ ਦਾ ਦਾਅਵਾ ਕਰਦਿਆਂ ਤਲਾਕ ਦੇਣ ਸਬੰਧੀ ਨਵਦੀਪ ਨੂੰ ਧਮਕੀਆਂ ਦਿੱਤੀਆਂ ਗਈਆਂ। ਜਿਸ ਦੇ ਕਾਰਣ ਨਵਦੀਪ ਨੇ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਮੰਗ ਕੀਤੀ ਕਿ ਲੜਕੀ ਪਰਿਵਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ, ਜਿਸ ਤਹਿਤ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਜਲੰਧਰ 'ਚ ਸ਼ੁਰੂ ਹੋਇਆ ਵਾਈ.ਪੀ.ਐੱਲ. ਕ੍ਰਿਕੇਟ ਟੂਰਨਾਮੈਂਟ
NEXT STORY