ਤਰਨਤਾਰਨ (ਰਮਨ ਚਾਵਲਾ) : ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦਾ ਨਾਇਬ ਸੂਬੇਦਾਰ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ। ਇਸ ਦੌਰਾਨ ਜਿੱਥੇ ਪਿੰਡ 'ਚ ਸੋਗ ਲਹਿਰ ਦੌੜ ਪਈ ਹੈ, ਉੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਵਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸ ਦੇ ਬੇਟੇ ਨੇ ਵੱਡੇ ਹੋ ਫੌਜੀ ਬਣ ਦੁਸ਼ਮਣਾਂ ਪਾਸੋਂ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖੀ ਹੈ।
ਰਾਜਵਿੰਦਰ ਸਿੰਘ ਪੜ੍ਹਾਈ ਕਰਨ ਉਪਰੰਤ 1998 ਦੌਰਾਨ ਫਸਟ ਸਿੱਖ ਲਾਈਟ ਇੰਨਫੈਂਟਰੀ ਰੈਜੀਮੈਂਟ 'ਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਜਿਸ ਤੋਂ ਬਾਅਦ ਵੱਖ-ਵੱਖ ਰਾਜਾਂ 'ਚ ਡਿਊਟੀ 'ਤੇ ਤਾਇਨਾਤ ਰਾਜਵਿੰਦਰ ਸਿੰਘ ਨੇ ਆਪਣੀ ਮਿਹਨਤ ਅਤੇ ਬਹਾਦੁਰੀ ਦੀ ਮਿਸਾਲ ਪੇਸ਼ ਕਰਦੇ ਹੋਏ ਦੁਸ਼ਮਣਾਂ ਨੂੰ ਮਿੱਟੀ 'ਚ ਮਿਲਾਉਂਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ। ਰਾਜਵਿੰਦਰ ਸਿੰਘ ਦੇ ਪਿਤਾ ਜਗੀਰ ਸਿੰਘ ਦੀ ਕਰੀਬ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਦਕਿ ਭਰਾ ਸੁਖਵਿੰਦਰ ਸਿੰਘ ਜੋ ਫੌਜ 'ਚ ਨੌਕਰੀ ਕਰਦਾ ਸੀ, ਜਿਸ ਦੀ ਇਕ ਸੜਕ ਹਾਦਸੇ ਦੌਰਾਨ 2009 'ਚ ਮੌਤ ਹੋ ਗਈ।
ਘਰ 'ਚ ਰਾਜਵਿੰਦਰ ਸਿੰਘ ਹੀ ਪਰਿਵਾਰ ਦਾ ਸਹਾਰਾ ਰਹਿ ਗਿਆ, ਜਿਸ ਵਲੋਂ ਬਜ਼ੁਰਗ ਮਾਂ ਬਲਵਿੰਦਰ ਕੌਰ (70) ਦਾ ਧਿਆਨ ਰੱਖਦੇ ਹੋਏ ਸਮੂਹ ਪਰਿਵਾਰ ਜਿਸ 'ਚ ਪਾਲਣ ਪੋਸ਼ਣ ਕਰਦੇ ਹੋਏ ਬੱਚਿਆਂ ਜੋਬਨਜੀਤ ਸਿੰਘ (16), ਬੇਟੀ ਪਵਨਦੀਪ ਕੌਰ (15) ਅਤੇ ਬੇਟੀ ਅਕਸ਼ਜੋਤ ਕੌਰ (10) ਨੂੰ ਪੜ੍ਹਾਈ ਲਿਖਾਈ ਕਰਵਾਉਂਦੇ ਹੋਏ ਚੰਗੇ ਸੰਸਕਾਰ ਦਿੱਤੇ। ਰਾਜਵਿੰਦਰ ਸਿੰਘ ਵਲੋਂ ਫੌਜ 'ਚ ਕੀਤੀ ਜਾਂਦੀ ਬਹਾਦੁਰੀ ਨਾਲ ਡਿਊਟੀ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਤਰੱਕੀ ਦਿੰਦੇ ਹੋਏ ਨਾਇਬ ਸੂਬੇਦਾਰ ਨਿਯੁਕਤ ਕਰ ਦਿੱਤਾ। ਰਾਜਵਿੰਦਰ ਸਿੰਘ ਆਪਣੇ ਬੇਟੇ ਜੋਬਨਜੀਤ ਸਿੰਘ ਨੂੰ ਫੌਜ 'ਚ ਭਰਤੀ ਕਰਵਾਉਣਾ ਚਾਹੁੰਦਾ ਸੀ।
ਸੇਵਾ ਮੁਕਤ ਕੈਪਟਨ ਸਰਦੂਲ ਸਿੰਘ ਨਿਵਾਸੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਐਤਵਾਰ ਨੂੰ ਜੰਮੂ ਦੇ ਰਾਜ਼ੌਰੀ ਸੈਕਟਰ ਵਿਖੇ ਹੋਈ ਮੁੱਠਭੇੜ 'ਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ, ਜਿਸ ਦਾ ਜੰਮੂ ਸਥਿਤ ਹੈੱਡ ਕੁਆਟਰ ਵਿਖੇ ਦੇਰ ਸ਼ਾਮ ਪੋਸਟਮਾਰਟਮ ਹੋਣ ਉਪਰੰਤ ਮ੍ਰਿਤਕ ਦੇਹ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਕਸਬਾ ਗੋਇੰਦਵਾਲ ਸਾਹਿਬ ਵਿਖੇ ਸ਼ਹੀਦ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਘਰ 'ਚ ਮੌਜੂਦ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ, ਬਜ਼ੁਰਗ ਮਾਂ ਬਲਵਿੰਦਰ ਕੌਰ ਅਤੇ ਬੱਚਿਆਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬੀਤੀ 26 ਜਨਵਰੀ ਨੂੰ 1 ਮਹੀਨੇ ਦੀ ਛੁੱਟੀ ਕੱਟ ਕੇ ਜਲਦ ਘਰ ਵਾਪਿਸ ਆਉਣ ਲਈ ਆਖ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਸ਼ਨੀਵਾਰ ਸ਼ਾਮ 4 ਵਜੇ ਆਖਰੀ ਵਾਰ ਰਾਜਵਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ।ਇਸ ਮੌਕੇ ਜ਼ਿਲੇ ਦੇ ਡੀ. ਸੀ. ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
'ਕੋਰੋਨਾ' ਪਾਜ਼ੇਟਿਵ ਆਉਣ 'ਤੇ ਪਰੇਸ਼ਾਨ ਸੀ ਨੌਜਵਾਨ, ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ
NEXT STORY