ਤਰਨਤਾਰਨ (ਰਮਨ): ਬੀਤੇ ਬੁੱਧਵਾਰ ਨੂੰ ਇਕੋ ਘਰ 'ਚ ਬਜ਼ੁਰਗ ਮਾਂ, ਗਰਭਵਤੀ ਧੀ ਅਤੇ ਦੋਹਤੀ ਦੀ ਜ਼ਹਿਰੀਲਾ ਪਦਾਰਥ ਨਿਗਲਣ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਇਕ ਬੋਰਡ ਵਲੋਂ ਪੋਸਟ ਮਾਰਟਮ ਕਰ ਲਾਸ਼ਾਂ ਨੂੰ ਵਾਰਿਸਾਂ ਹਵਾਲੇ ਕਰਦੇ ਹੋਏ ਗਰਭਵਤੀ ਜਨਾਨੀ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਹਿਰੀਲਾ ਪਦਾਰਥ ਨਿਗਲਣ ਤੋਂ ਕੁਝ ਸਮਾਂ ਪਹਿਲਾਂ ਤਿੰਨਾਂ ਮ੍ਰਿਤਕਾਂ ਵਲੋਂ ਆਪਣੀ ਸੈਲਫ਼ੀ ਪੇਕੇ ਪਰਿਵਾਰ ਨੂੰ ਭੇਜੀ ਗਈ ਸੀ। ਜ਼ਿਕਰਯੋਗ ਹੈ ਕਿ ਜਿਸ ਦਿਨ ਗਰਭਵਤੀ ਜਨਾਨੀ ਦੀ ਡਿਲਿਵਰੀ ਹੋਣੀ ਸੀ ਉਸੇ ਦਿਨ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਲੈ ਕੇ ਮਾਨ ਦਾ ਬਿਆਨ, ਕਿਹਾ-ਭਾਰੀ ਮੁਸ਼ਕਲਾਂ 'ਚ ਹਨ ਅੰਦੋਲਨਕਾਰੀ ਕਿਸਾਨ
ਦੂਸਰੇ ਵਿਆਹ ਤੋਂ ਬਾਅਦ ਨਹੀਂ ਸਫ਼ਲ ਹੋਈ ਜ਼ਿੰਦਗੀ
ਮਿਲੀ ਜਾਣਕਾਰੀ ਅਨੁਸਾਰ ਗੀਤਇੰਦਰ ਕੌਰ (29) ਪੁੱਤਰੀ ਅਜੀਤ ਸਿੰਘ ਨਿਵਾਸੀ ਮਲੋਟ ਜੋ ਕਰੀਬ 20 ਸਾਲ ਪਹਿਲਾਂ ਹੋਈ ਪਿਤਾ ਦੀ ਮੌਤ ਤੋਂ ਬਾਅਦ ਤਰਨਤਾਰਨ ਆਪਣੀ ਮਾਂ ਨਾਲ ਆ ਵੱਸੀ ਗੀਤਇੰਦਰ ਕੌਰ ਨੂੰ ਆਪਣੇ ਪਿਤਾ ਪੰਜਾਬ ਰੋਡਵੇਜ਼ 'ਚ ਬਤੌਰ ਇੰਸਪੈਕਟਰ ਸਨ ਦੀ ਥਾਂ 'ਤੇ ਕਰੀਬ 6 ਸਾਲ ਪਹਿਲਾਂ ਤਰਨਤਾਰਨ ਡੀਪੂ ਵਿਖੇ ਕਲਰਕ ਦੀ ਨੌਕਰੀ ਮਿਲੀ ਸੀ। ਗੀਤਇੰਦਰ ਕੌਰ ਦਾ ਦੇ ਵਿਆਹ ਤੋਂ ਬਾਅਦ ਇਕ ਬੱਚੀ ਨੂਰਦੀਪ ਕੌਰ ਪੈਦਾ ਹੋਈ। ਕੁਝ ਸਾਲਾਂ ਬਾਅਦ ਗੀਤਇੰਦਰਕੌਰ ਦਾ ਆਪਣੇ ਪਤੀ ਨਾਲ ਤਾਲਾਕ ਹੋ ਗਿਆ ਅਤੇ ਉਸ ਨੇ ਰਾਜਬੀਰ ਸਿੰਘ ਨਾਲ 2019 'ਚ ਦੂਸਰਾ ਵਿਆਹ ਕਰਵਾ ਲਿਆ। ਰਾਜਬੀਰ ਸਿੰਘ ਜੋ ਪ੍ਰਾਈਵੇਟ ਕੰਪਨੀ 'ਚ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਸੀ। ਵਿਆਹ ਤੋਂ ਬਾਅਦ ਦੋਵਾਂ ਜੀਆਂ ਦਰਮਿਆਨ ਘਰੇਲੂ ਵਿਵਾਦ ਸ਼ੂਰੂ ਹੋ ਗਿਆ, ਜਿਸ ਕਾਰਨ ਗੀਤਇੰਦਰ ਕੌਰ ਵਲੋਂ ਦੂਸਰਾ ਵਿਆਹ ਕਰਵਾਉਣ ਦੇ ਬਾਵਜੂਦ ਜ਼ਿੰਦਗੀ ਸਫ਼ਲ ਨਹੀਂ ਹੋ ਪਾਈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ
ਮੌਤ ਤੋਂ ਪਹਿਲਾਂ ਪੇਕਿਆਂ ਨੂੰ ਭੇਜੀ ਆਖਰੀ ਸੈਲਫ਼ੀ
ਬੁੱਧਵਾਰ ਦੀ ਸਵੇਰੇ ਪ੍ਰੀਤਮ ਕੌਰ ਆਪਣੀ ਬੇਟੀ ਗੀਤਇੰਦਰ ਕੌਰ ਤੇ ਦੋਹਤੀ ਨੂਰਦੀਪ ਕੌਰ ਨਾਲ ਘਰੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ 8 ਵਜੇ ਨਿਕਲੇ ਜੋ ਆਪਣੇ ਘਰ 11 ਵਜੇ ਵਾਪਸ ਪੁੱਜੇ। ਇਸ ਦੌਰਾਨ ਪ੍ਰੀਤਮ ਕੌਰ ਨੇ ਆਪਣੇ ਭੈਣ ਗੁਰਮੀਤ ਕੌਰ ਨਿਵਾਸੀ ਗਲੀ ਨੰਬਰ 2, ਮਲੋਟ ਨੂੰ ਫ਼ੋਨ 'ਤੇ ਰੋਂਦੇ ਹੋਏ ਰਾਜਬੀਰ ਅਤੇ ਗੀਤਇੰਦਰ ਦੇ ਆਪਸੀ ਝਗੜੇ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਬੇਟੀ ਅਤੇ ਦੋਹਤੀ ਜ਼ਹਿਰ ਖਾਣ ਹਮੇਸ਼ਾ ਲਈ ਝਗੜੇ ਤੋਂ ਨਿਜ਼ਾਤ ਲੈਣ ਜਾ ਰਹੇ ਹਨ। ਕਿਉਂਕਿ ਰਾਜਬੀਰ ਸਿੰਘ ਗੀਤਇੰਦਰ ਕੌਰ ਦੇ ਚਾਲ ਚੱਲਣ ਉੱਪਰ ਸ਼ੱਕ ਕਰਦਾ ਹੈ, ਜਿਸ ਤੋਂ ਕੁਝ ਮਿੰਟਾਂ ਬਾਅਦ ਹੀ ਪ੍ਰੀਤਮ ਕੌਰ ਨੇ ਆਪਣੀ ਬੇਟੀ ਦੋਹਤੀ ਅਤੇ ਖੁਦ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਤੋਂ ਕੁਝ ਮਿੰਟ ਪਹਿਲਾਂ ਤਿੰਨਾਂ ਨੇ ਇਕ ਬੈੱਡ ਉੱਪਰ ਇਕੱਠੇ ਰੋਂਦੇ ਹੋਏ ਆਪਣੀ ਸੈਲਫ਼ੀ ਪੇਕੇ ਪਰਿਵਾਰ ਨੂੰ ਭੇਜ ਦਿੱਤੀ। ਹਾਲਤ ਜ਼ਿਆਦਾ ਖ਼ਰਾਬ ਹੋਣ ਤਹਿਤ ਤਿੰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਨ੍ਹਾਂ ਦੀ ਮੌਤ ਹੋ ਗਈ।
ਗਰਭਵਤੀ ਜਨਾਨੀ ਦੀ ਡਿਲਿਵਰੀ ਦੀ ਥਾਂ ਹੋਇਆ ਪੋਸਟਮਾਰਟਮ
9 ਮਹੀਨਿਆਂ ਦੀ ਗਰਭਵਤੀ ਗੀਤਇੰਦਰ ਕੌਰ ਨੂੰ ਡਾਕਟਰਾਂ ਨੇ ਵੱਡੇ ਅਪ੍ਰੇਸ਼ਨ ਨਾਲ ਹੋਣ ਵਾਲੀ ਡਿਲਿਵਰੀ ਲਈ 3 ਦਸੰਬਰ ਦੀ ਤਾਰੀਕ ਦਿੱਤੀ ਸੀ ਪਰ ਪ੍ਰਮਾਤਮਾ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਕਿ ਗੀਤਇੰਦਰ ਦੇ ਘਰ ਹੋਰ ਨਵਾਂ ਬੱਚਾ ਪੈਦਾ ਹੋਵੇ। ਗੀਤਇੰਦਰ ਕੌਰ ਦੀ ਮੌਤ ਤੋਂ ਬਾਅਦ ਜਿੱਥੇ ਉਸਦੀ ਪ੍ਰਾਈਵੇਟ ਹਸਪਤਾਲ 'ਚ ਡਿਲਿਵਰੀ ਹੋਣੀ ਤੈਅ ਸੀ, ਉੱਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਗੀਤਇੰਦਰ ਕੋਰ ਦੇ ਘਰ ਇਕ ਹੋਰ ਕੁੜੀ ਪੈਦਾ ਹੋਣ ਜਾ ਰਹੀ ਸੀ। ਐੱਸ.ਐੱਮ.ਓ ਡਾ. ਰੋਹਿਤ ਗੁਪਤਾ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦਾ ਪੋਸਟਮਾਰਟਮ ਡਾ. ਸੁਰਿੰਦਰ ਭਗਤ, ਡਾ. ਅਮ੍ਰਿਤਪਾਲ ਸਿੰਘ ਅਤੇ ਡਾ. ਮਨਪ੍ਰੀਤ ਕੋਰ ਵਲੋਂ ਕੀਤਾ ਗਿਆ।
ਰਿਸ਼ਤੇਦਾਰਾਂ ਨੇ ਕਿਹਾ ਰਾਜਬੀਰ ਨੂੰ ਮਿਲੇ ਫ਼ਾਂਸੀ ਦੀ ਸਜ਼ਾ
ਮ੍ਰਿਤਕ ਪ੍ਰੀਤਮ ਕੌਰ ਦੇ ਭਰਾ ਪਰਮਜੀਤ ਸਿੰਘ, ਭੈਣ ਗੁਰਮੀਤ ਕੌਰ, ਜਸਵਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਨੇ ਰੌਂਦੇ ਹੋਏ ਕਿਹਾ ਕਿ ਤਿੰਨਾਂ ਮੈਂਬਰਾਂ ਵਲੋਂ ਆਤਮ ਹੱਤਿਆ ਦੇ ਦੋਸ਼ੀ ਰਾਜਬੀਰ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ
ਪੁਲਸ ਨੇ ਕੀਤਾ ਮਾਮਲਾ ਦਰਜ
ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਕੌਰ ਦੀ ਭੈਣ ਗੁਰਮੀਤ ਕੌਰ ਦੇ ਬਿਆਨਾਂ ਹੇਠ ਗੀਤਇੰਦਰ ਕੌਰ ਦੇ ਪਤੀ ਰਾਜਬੀਰ ਸਿੰਘ ਪੁੱਤਰ ਜਸਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਏ.ਐੱਸ.ਆਈ ਬਲਵਿੰਦਰ ਲਾਲ ਵਲੋਂ ਇਸ ਕੇਸ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪੇਕੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਤਰਨਤਾਰਨ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ ਹੈ।
ਦਿਲਜੀਤ ਦੋਸਾਂਝ ਦੇ ਪੱਖ 'ਚ ਆਏ ਮੀਕਾ ਸਿੰਘ, ਕੰਗਨਾ ਨੂੰ ਆਖ ਦਿੱਤੀ ਵੱਡੀ ਗੱਲ
NEXT STORY