ਲੁਧਿਆਣਾ,(ਖੁਰਾਣਾ)- ਫੈਸਟੀਵਲ ਸੀਜ਼ਨ ਦੇ ਦਿਨਾਂ ਵਿਚ ਬਾਲ ਮਜ਼ਦੂਰਾਂ ਦੀ ਅਚਾਨਕ ਵਧੀ ਮੰਗ ਨੂੰ ਦੇਖਦੇ ਹੋਏ ਜ਼ਿਲਾ ਟਾਸਕ ਫੋਰਸ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੈਂਦੇ ਉਦਯੋਗਿਕ ਘਰਾਣਿਆਂ ਅਤੇ ਦੁਕਾਨਾਂ 'ਤੇ ਛਾਪੇਮਾਰੀਆਂ ਕਰਦੇ ਹੋਏ 8 ਮਾਸੂਮ ਬੱਚਿਆਂ ਨੂੰ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਬਾਲ ਮਜ਼ਦੂਰੀ ਦੀ ਕੈਦ ਤੋਂ ਆਜ਼ਾਦੀ ਦਿਵਾਉਣ ਵਿਚ ਕਾਮਯਾਬੀ ਦਰਜ ਕਰਵਾਈ ਹੈ ਅਤੇ ਸਬੰਧਤ ਸੰਸਥਾਵਾਂ ਦੇ ਮਾਲਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ। ਛਾਪੇਮਾਰੀਆਂ ਦੀ ਉਕਤ ਕਾਰਵਾਈ ਨੂੰ ਬਚਪਨ ਬਚਾਓ ਸੰਘਰਸ਼ ਸੰਸਥਾ ਦੇ ਕੋ-ਆਰਡੀਨੇਟਰ ਦੀ ਸ਼ਿਕਾਇਤ 'ਤੇ ਸਹਾਇਕ ਡਿਪਟੀ ਡਾਇਰੈਕਟਰ ਆਫ ਫੈਕਟਰੀ ਵਿਭਾਗ ਨਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਅੰਜਾਮ ਦਿੱਤਾ ਗਿਆ, ਜਿਸ ਵਿਚ ਪੁਲਸ ਸੁਰੱਖਿਆ ਬਲ ਐਂਟੀ ਹਿਊਮਨ ਟ੍ਰੈਫਿਕਿੰਗ ਵਿੰਗ ਦੇ ਸਬ-ਇੰਸਪੈਕਟਰ ਬਿੱਕਰ ਸਿੰਘ ਮੌਕੇ 'ਤੇ ਮੌਜੂਦ ਰਹੇ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਛਾਪੇਮਾਰੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਟਾਸਕ ਫੋਰਸ ਟੀਮ ਵੱਲੋਂ ਅੱਜ ਸਵੇਰ ਸ਼ਾਸਤਰੀ ਨਗਰ ਇਲਾਕੇ ਵਿਚ ਪੈਂਦੀ ਗੁਰੂ ਤੇਗ ਬਹਾਦਰ ਮਾਰਕੀਟ ਵਿਚ ਸਥਿਤ ਇਕ ਜੁੱਤਾ ਸਟੋਰ ਵਿਚ ਕੰਮ ਕਰ ਰਹੇ ਬੱਚੇ ਨੂੰ ਅਤੇ ਨਿਊ ਮਾਧੋਪੁਰੀ ਇਲਾਕੇ ਵਿਚ ਮਨੋਜ ਫੈਬ੍ਰੀਕੇਟਰ ਨਾਮੀ ਹੌਜ਼ਰੀ ਤੋਂ 7 ਬੱਚਿਆਂ ਨੂੰ ਬਾਲ ਮਜ਼ਦੂਰੀ ਦੀਆਂ ਜ਼ੰਜੀਰਾਂ ਤੋਂ ਰਿਹਾਅ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਕਰਵਾਏ ਗਏ ਸਾਰੇ ਬਾਲ ਮਜ਼ਦੂਰਾਂ ਦੀ ਉਮਰ 10 ਤੋਂ 13 ਸਾਲ ਦੇ ਵਿਚਕਾਰ ਹੈ, ਜਿਨ੍ਹਾਂ ਦੀ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਪ੍ਰਾਪਤ ਰਿਪੋਰਟ ਵਿਚ ਸਹੀ ਖੁਲਾਸਾ ਹੋ ਸਕੇਗਾ।
ਨਸ਼ੇ 'ਚ ਹੈਵਾਨ ਬਣੇ ਹਥਿਆਰਬੰਦਾਂ ਨੇ 5 ਨੌਜਵਾਨਾਂ ਨੂੰ ਵੱਢ ਸੁੱਟਿਆ
NEXT STORY