ਸਮਰਾਲਾ (ਗਰਗ)- ਸੰਘਣੀ ਧੁੰਦ ਪੈਣ ਕਾਰਨ ਹੋਏ ਇਕ ਭਿਆਨਕ ਹਾਦਸੇ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੱਕ 'ਚ ਜ਼ੋਰਦਾਰ ਟੱਕਰ ਦੌਰਾਨ ਬੱਸ ਡਰਾਈਵਰ ਸਮੇਤ 5 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ 'ਤੇ ਸਾਰੇ ਜ਼ਖਮੀ ਮੁੱਢਲੀ ਸਹਾਇਤਾ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿੱਤੇ ਗਏ।
ਹਾਦਸੇ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁੱਜੀ ਸਥਾਨਕ ਪੁਲਸ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ। ਜ਼ਖਮੀਆਂ 'ਚ ਬੱਸ ਦਾ ਡਰਾਈਵਰ ਨਛੱਤਰ ਸਿੰਘ ਅਤੇ ਟਰੱਕ ਡਰਾਈਵਰ ਨਰਿੰਦਰ ਸਿੰਘ ਤੋਂ ਇਲਾਵਾ ਮਨਵਿੰਦਰ ਸਿੰਘ ਬਾਘਾਪੁਰਾਣਾ, ਬਹਾਦਰ ਸਿੰਘ ਤੇ ਬਲਕਰਨ ਸਿੰਘ ਸ਼ਾਮਿਲ ਹਨ। 4 ਜ਼ਖਮੀਆਂ ਨੂੰ ਲੁਧਿਆਣਾ ਅਤੇ ਟਰੱਕ ਦੇ ਡਰਾਈਵਰ ਨਰਿੰਦਰ ਸਿੰਘ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਸਵੇਰੇ ਪਿੰਡ ਘੁਲਾਲ ਨੇੜੇ ਵਾਪਰਿਆ ਤੇ ਰੋਡਵੇਜ਼ ਦੀ ਮੁਕਤਸਰ ਡਿਪੂ ਦੀ ਬੱਸ ਜੋ ਕਿ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਹੀ ਸੀ, ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਸਿੱਧੀ ਭਿੜ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਇਕ ਕੈਂਟਰ ਨੂੰ ਓਵਰਟੇਕ ਕਰ ਰਿਹਾ ਸੀ ਕਿ ਧੁੰਦ ਹੋਣ ਕਾਰਨ ਸਾਹਮਣਿਓਂ ਆ ਰਹੇ ਟਰੱਕ ਵਿਚ ਬੱਸ ਟਕਰਾ ਗਈ। ਸਮਰਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਿੰਕ ਸੜਕਾਂ ਰਾਹੀਂ ਟ੍ਰੈਫਿਕ ਨੂੰ ਚਾਲੂ ਕਰਵਾਇਆ। ਸਿਵਲ ਹਸਪਤਾਲ ਦੇ ਡਾ. ਤਰਕਜੋਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਦਰਜ ਕਰੇਗਾ : ਪਰਮਜੀਤ ਸਿੰਘ ਚੂਹੜਚੱਕ
NEXT STORY