ਭੋਗਪੁਰ (ਸੂਰੀ) : ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ’ਤੇ ਪਿੰਡ ਪਚਰੰਗਾ ਨੇੜਲੇ ਗੜ੍ਹੀ ਬਖਸ਼ਾਂ ਚੌਕ ’ਚ ਸੜਕ ਕ੍ਰਾਸ ਕਰਨ ਲਈ ਖੜ੍ਹੀ ਕਾਰ ਉੱਪਰ ਟਰੱਕ ਪਲਟ ਜਾਣ ਕਾਰਨ ਟਰੱਕ ਚਾਲਕ ਦੀ ਮੌਤ ਹੋ ਜਾਣ ਅਤੇ ਕਾਰ ’ਚ ਸਵਾਰ ਇਕ ਨੌਜਵਾਨ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਵਾਲੀ ਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ ਪੁੱਤਰ ਸ਼ੰਕਰ ਦਾਸ ਵਾਸੀ ਪਿੰਡ ਸ਼ੱਕਰਪੁਰ ਆਪਣੇ ਪੁੱਤਰ ਅਤੇ ਪਿੰਡ ਦੇ ਪੰਚ ਮੇਲਾ ਰਾਮ ਨਾਲ ਕਾਰ ’ਚ ਸਵਾਰ ਸੀ। ਇਹ ਕਾਰ ਭੋਗਪੁਰ ਵਾਲੇ ਪਾਸੇ ਤੋਂ ਆ ਕੇ ਜਦੋਂ ਆਪਣੇ ਪਿੰਡ ਨੂੰ ਜਾਣ ਲਈ ਸੜਕ ਕਰਾਸ ਕਰਨ ਲਈ ਸੜਕ ਵਿਚ ਬਣੇ ਡਿਵਾਈਡਰ ਵਿਚਕਾਰ ਖੜ੍ਹੀ ਸੀ ਤਾਂ ਜੰਮੂ ਵੱਲੋਂ ਆ ਰਹੇ ਇਕ ਟਰੱਕ ਚਾਲਕ ਨੇ ਚੌਕ ’ਚ ਖੜ੍ਹੇ ਟਰੈਕਟਰ ਟਰਾਲੀ ਬਚਾਉਣ ਲਈ ਜਿਵੇਂ ਹੀ ਟਰੱਕ ਡਿਵਾਈਡਰ ਵੱਲ ਮੋੜਿਆ ਤਾਂ ਟਰੱਕ ਤੇਜ਼ ਰਫ਼ਤਾਰ ਹੋਣ ਕਾਰਨ ਡਿਵਾਈਡਰ ਨਾਲ ਟਕਰਾ ਕੇ ਕਾਰ ਦੇ ਉੱਪਰ ਜਾ ਪਲਟਿਆ। ਇਸੇ ਦੌਰਾਨ ਟਰੱਕ ਚਾਲਕ ਨੇ ਆਪਣੀ ਜਾਨ ਬਚਾਉਣ ਲਈ ਟਰੱਕ ’ਚੋਂ ਛਾਲ ਮਾਰ ਦਿੱਤੀ ਪਰ ਉਹ ਖੁਦ ਹੀ ਇਸ ਟਰੱਕ ਦੇ ਹੇਠਾਂ ਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਹਾਈਵੇ ਪੈਟਰੋਲਿੰਗ ਗੱਡੀ 16 ਦੀ ਟੀਮ ਅਤੇ ਪੁਲਸ ਚੌਕੀ ਪਚਰੰਗਾ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ। ਟਰੱਕ ’ਚ ਸੇਬ ਭਰੇ ਹੋਣ ਕਾਰਨ ਕਾਰ ਨੂੰ ਟਰੱਕ ਹੇਠੋਂ ਤੁਰੰਤ ਨਹੀਂ ਕੱਢਿਆ ਜਾ ਸਕਿਆ ਅਤੇ ਕਾਰ ਦਾ ਚਾਲਕ ਕਾਰ ਵਿਚ ਹੀ ਕਾਫੀ ਦੇਰ ਫਸਿਆ ਰਿਹਾ।
ਪੁਲਸ ਵੱਲੋਂ ਕੌਮੀ ਸ਼ਾਹ ਮਾਰਗ ’ਤੇ ਚੌਲਾਂਗ ਸਥਿਤ ਟੋਲ ਪਲਾਜ਼ਾ ਤੋਂ ਸੰਪਰਕ ਕਰਕੇ ਕਰੇਨ ਮੰਗਵਾਈ ਗਈ ਅਤੇ ਟਰੱਕ ਨੂੰ ਉੱਪਰ ਉਠਾ ਕੇ ਟਰੱਕ ਚਾਲਕ ਨੂੰ ਟਰੱਕ ਹੇਠੋਂ ਕੱਢਿਆ ਗਿਆ ਅਤੇ ਕਾਰ ਨੂੰ ਵੀ ਟਰੱਕ ਹੇਠੋਂ ਕੱਢਿਆ ਗਿਆ। ਕਾਰ ਚਾਲਕ ਦੀਆਂ ਲੱਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੈ। ਟਰੱਕ ਹੇਠਾਂ ਆਏ ਟਰੱਕ ਦੇ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਟਰੱਕ ਦੇ ਨਾਲ ਪਿੱਛੇ ਚੱਲ ਰਹੇ ਇਕ ਹੋਰ ਟਰੱਕ ਦੇ ਚਾਲਕ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਹਾਦਸਾਗ੍ਰਸਤ ਟਰੱਕ ਨੂੰ ਉਸ ਦਾ ਪਿਤਾ ਅਮੋਲਕ ਸਿੰਘ ਚਲਾ ਰਿਹਾ ਸੀ ਅਤੇ ਦੋਵੇਂ ਪਿਓ-ਪੁੱਤਰ ਆਪੋ-ਆਪਣੇ ਟਰੱਕਾਂ ਵਿੱਚ ਸੇਬ ਦੀਆਂ ਪੇਟੀਆਂ ਭਰ ਕੇ ਦਿੱਲੀ ਵੱਲ ਜਾ ਰਹੇ ਸਨ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ। ਟਰੱਕ ਪਲਟਣ ਕਾਰਨ ਪੂਰੀ ਤਰ੍ਹਾਂ ਸੜਕ ’ਚ ਸੇਬਾਂ ਦੀਆਂ ਪੇਟੀਆਂ ਖਿੱਲਰੀਆਂ ਹੋਈਆਂ ਸਨ। ਪੁਲਸ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਸੜਕਾਂ ਨੂੰ ਚਾਲੂ ਕਰ ਦਿੱਤਾ ਗਿਆ ਅਤੇ ਜ਼ਖ਼ਮੀ ਕਾਰ ਚਾਲਕ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਲਾਰੈਂਸ-ਗੋਲਡੀ ਨੇ ਗੈਂਗਸਟਰ ਰਾਜੇਸ਼ ਬਵਾਨਾ ਨਾਲ ਮਿਲਾਇਆ ਹੱਥ; ਨੀਰਜ ਬਵਾਨਾ ਤੋਂ ਬਦਲਾ ਲੈਣ ਦੀ ਸਾਜ਼ਿਸ਼
NEXT STORY