ਰੂਪਨਗਰ, (ਕੈਲਾਸ਼)- ਸਰਕਾਰੀ ਦਫਤਰਾਂ 'ਚ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ਾਂ ਦੇ ਬਾਵਜੂਦ ਕੁਝ ਦਫਤਰਾਂ 'ਚ ਅਧਿਕਾਰੀਆਂ/ਕਰਮਚਾਰੀਆਂ ਦੀ ਗੈਰ-ਮੌਜੂਦਗੀ ਕਰ ਕੇ ਸਬੰਧਤ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਅੱਜ ਜਦੋਂ ਕੁਝ ਲੋਕਾਂ ਵੱਲੋਂ ਦਿੱਤੀ ਜਾਣਕਾਰੀ 'ਤੇ ਨਗਰ ਸੁਧਾਰ ਟਰੱਸਟ ਰੂਪਨਗਰ, ਜਿਸ ਦੀ ਚੇਅਰਪਰਸਨ ਡਿਪਟੀ ਕਮਿਸ਼ਨਰ ਖੁਦ ਹਨ, ਦਾ ਦੌਰਾ ਕੀਤਾ ਗਿਆ ਤਾਂ ਦਫਤਰ ਦਾ ਸਟਾਫ ਅਤੇ ਅਧਿਕਾਰੀਆਂ ਦੀ ਗੈਰ-ਹਾਜ਼ਰੀ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਰਹੀ ਸੀ, ਜਦੋਂਕਿ ਇਥੇ ਪਈਆਂ ਖਾਲੀ ਕੁਰਸੀਆਂ ਦਫਤਰ ਦੀ ਸ਼ੋਭਾ ਵਧਾਉਂਦੀਆਂ ਨਜ਼ਰ ਆਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਸਮਾਜ ਸੇਵੀ ਮਹਿੰਦਰ ਸਿੰਘ ਉਬਰਾਏ ਸਕੱਤਰ ਗੁਰਦੁਆਰਾ ਕਲਗੀਧਰ ਕੰਨਿਆ ਪਾਠਸ਼ਾਲਾ ਨੇ ਦੱਸਿਆ ਕਿ ਉਹ ਅੱਜ ਕਿਸੇ ਕੰਮ ਲਈ ਨਗਰ ਸੁਧਾਰ ਟਰੱਸਟ ਵਿਖੇ ਦੁਪਹਿਰ 3.30 ਵਜੇ ਦੇ ਕਰੀਬ ਗਏ ਸੀ, ਜਦੋਂਕਿ ਉਥੇ ਇਕ ਚਪੜਾਸੀ ਮਨਮੋਹਨ ਸਿੰਘ ਅਤੇ ਕ੍ਰਿਸ਼ਨ ਕੁਮਾਰ ਮੌਜੂਦ ਸਨ। ਇਸ ਸਬੰਧ 'ਚ ਜਦੋਂ 'ਜਗ ਬਾਣੀ' ਦੀ ਟੀਮ ਨੇ ਉਕਤ ਦੋਵੇਂ ਮੌਜੂਦ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਰੱਸਟ ਦੇ ਐਕਸੀਅਨ ਅਤੇ ਈ. ਓ. ਕੋਲ ਵਾਧੂ ਚਾਰਜ ਹੈ, ਜੋ ਕਿ ਅੱਜ ਬਾਅਦ ਦੁਪਹਿਰ ਚਲੇ ਗਏ ਹਨ। ਇਸੇ ਤਰ੍ਹਾਂ ਵਿਭਾਗ ਦੇ ਦੋ ਐੱਸ.ਡੀ.ਓਜ਼ ਕੋਲ ਵਾਧੂ ਚਾਰਜ ਹੈ, ਜੋ ਕਿ ਹਫਤੇ 'ਚ ਦੋ ਦਿਨ ਹੀ ਆਉਂਦੇ ਹਨ। ਇਸ ਤੋਂ ਇਲਾਵਾ ਮਹਿਲਾ ਕਰਮਚਾਰੀ, ਜੋ ਅੱਜ ਬੀਮਾਰ ਹੋਣ ਕਾਰਨ ਦਵਾਈ ਲੈਣ ਲਈ ਗਈ ਹੈ ਉਹ ਜਲਦ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੱਸਟ 'ਚ ਬਹੁਤ ਸਾਰੀਆਂ ਆਸਾਮੀਆਂ ਖਾਲੀ ਪਈਆਂ ਹਨ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਟਰੱਸਟ ਦਫਤਰ 'ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗੈਰ-ਹਾਜ਼ਰੀ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਵੱਛ ਭਾਰਤ ਨੂੰ ਲੱਗਾ ਗ੍ਰਹਿਣ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਦੀ ਸ਼ੁਰੂ ਕੀਤੀ ਗਈ ਲਹਿਰ ਦਾ ਅਸਰ ਜਨ-ਜਨ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਇਸ਼ਤਿਹਾਰ ਅਤੇ ਹੋਰ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਕਈ ਸਮਾਜ ਸੇਵੀ ਵੀ ਵਧ-ਚੜ੍ਹ ਕੇ ਸਵੱਛ ਭਾਰਤ 'ਚ ਹਿੱਸਾ ਲੈ ਰਹੇ ਹਨ ਪਰ ਨਗਰ ਸੁਧਾਰ ਟਰੱਸਟ ਦੇ ਅੰਦਰ ਸਵੱਛ ਭਾਰਤ 'ਤੇ ਗ੍ਰਹਿਣ ਲੱਗਿਆ ਨਜ਼ਰ ਆਉਂਦਾ ਹੈ। ਟਰੱਸਟ ਦੇ ਬਾਥਰੂਮਾਂ ਦੀ ਦੁਰਦਸ਼ਾ, ਟੁੱਟੀਆਂ ਹੋਈਆਂ ਸੀਟਾਂ, ਗਾਇਬ ਹੋਈਆਂ ਪਾਈਪਾਂ ਇਸ ਗੱਲ ਦੀ ਖੁਦ ਗਵਾਹੀ ਦੇ ਰਹੀਆਂ ਹਨ ਕਿ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਸ ਸਬੰਧ 'ਚ ਲੋਕਾਂ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਕੋਲ ਬਾਥਰੂਮ ਜਾਣ ਲਈ ਉਨ੍ਹਾਂ ਦੇ ਕਮਰਿਆਂ 'ਚ ਸੁਵਿਧਾ ਹੈ ਪਰ ਆਮ ਪਬਲਿਕ ਲਈ ਬਣੇ ਬਾਥਰੂਮ ਦੁਰਦਸ਼ਾ ਦਾ ਸ਼ਿਕਾਰ ਹਨ।
ਵਾਟਰ ਕੂਲਰ ਵੀ ਦੁਰਦਸ਼ਾ ਦਾ ਸ਼ਿਕਾਰ
ਨਗਰ ਸੁਧਾਰ ਟਰੱਸਟ 'ਚ ਕੰਮਕਾਰ ਕਰਵਾਉਣ ਲਈ ਪਹੁੰਚਣ ਵਾਲੇ ਲੋਕਾਂ ਦੀ ਸੁਵਿਧਾ ਲਈ ਸਥਾਪਤ ਵਾਟਰ ਕੂਲਰ ਵੀ ਦੁਰਦਸ਼ਾ ਦਾ ਸ਼ਿਕਾਰ ਸੀ ਜਦੋਂ ਕਿ ਵਾਟਰ ਕੂਲਰ 'ਚ ਇਕ ਬੂੰਦ ਤੱਕ ਪਾਣੀ ਮੌਜੂਦ ਨਹੀਂ ਸੀ ਅਤੇ ਸਿਰਫ ਇਹ ਚਿੱਟਾ ਹਾਥੀ ਬਣਿਆ ਦਿਖਾਈ ਦੇ ਰਿਹਾ ਸੀ।
ਮੌਕੇ 'ਤੇ ਪਹੁੰਚੀ ਮਹਿਲਾ ਕਰਮਚਾਰੀ ਨੇ ਦਿੱਤੀ ਸਫਾਈ
ਜਦੋਂ 'ਜਗ ਬਾਣੀ' ਦੀ ਟੀਮ ਵਾਪਿਸ ਪਰਤ ਰਹੀ ਸੀ ਤਾਂ ਮੌਕੇ 'ਤੇ ਪਹੁੰਚੀ ਮਹਿਲਾ ਕਰਮਚਾਰੀ ਰਮਾ ਨੇ ਦੱਸਿਆ ਕਿ ਉਹ ਵਿਭਾਗ ਦੇ ਕੰਮ ਲਈ ਬੈਂਕ 'ਚ ਡਰਾਫਟ ਬਣਾਉਣ ਗਈ ਸੀ ਜਿਸ ਕਾਰਨ ਉਥੇ ਉਨ੍ਹਾਂ ਨੂੰ ਟਾਈਮ ਲੱਗ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਐਕਸੀਅਨ ਅਤੇ ਈ. ਓ. ਕੋਲ ਰੂਪਨਗਰ ਦਾ ਵਾਧੂ ਚਾਰਜ ਹੈ ਅਤੇ ਉਹ ਹੁਣ ਮੰਗਲਵਾਰ ਨੂੰ ਮਿਲ ਸਕਦੇ ਹਨ।
ਕੀ ਕਹਿੰਦੇ ਨੇ ਪ੍ਰਸ਼ਾਸਨਿਕ ਅਧਿਕਾਰੀ
ਡਿਪਟੀ ਕਮਿਸ਼ਨਰ ਦਫਤਰ ਦੇ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਵਿਭਾਗਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਦੋਂ ਵੀ ਡਿਪਟੀ ਕਮਿਸ਼ਨਰ ਮੀਟਿੰਗ ਤੋਂ ਫ੍ਰੀ ਹੋਣਗੇ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ‘
ਖੇਤਾਂ 'ਚ ਰਹਿੰਦ-ਖੂੰਹਦ ਨੂੰ ਸਾੜੋਗੇ ਤਾਂ ਹੋਵੇਗਾ 15 ਹਜ਼ਾਰ ਤੱਕ ਜੁਰਮਾਨਾ
NEXT STORY