ਸੁਲਤਾਨਪੁਰ ਲੋਧੀ, (ਸੋਢੀ)- ਮੁਹੱਲਾ ਪ੍ਰੇਮਪੁਰਾ ਸੁਲਤਾਨਪੁਰ ਲੋਧੀ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਨੂੰ ਵਰਗਲਾ ਕੇ ਜ਼ਬਰਦਸਤੀ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਦਰਜ ਕੇਸ 'ਚ ਮੁਲਜ਼ਮ ਪਰਮਜੀਤ ਉਰਫ ਪੱਮੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰੂਰਲ ਸੁਲਤਾਨਪੁਰ ਲੋਧੀ ਨੂੰ ਗ੍ਰਿਫਤਾਰ ਕਰਕੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਜੇਲ ਭੇਜ ਦਿੱਤਾ ਹੈ।
ਇਸ ਸੰਬੰਧੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੂੰ ਰਿੰਕੀ ਪੁੱਤਰ ਨਾਨਕ ਚੰਦ ਨਿਵਾਸੀ ਸੁਲਤਾਨਪੁਰ ਰੂਰਲ, ਜੋ ਕਿ ਹਾਲੇ ਫਰਾਰ ਹੈ, ਆਪਣੇ ਮੋਟਰਸਾਈਕਲ 'ਤੇ ਬੱਸ ਸਟੈਂਡ ਸੁਲਤਾਨਪੁਰ ਲੋਧੀ ਲੈ ਕੇ ਆਇਆ, ਜਿਥੋਂ ਉਸਦਾ ਸਾਥੀ ਮੁਲਜ਼ਮ ਪੱਮੂ ਲੜਕੀ ਨੂੰ ਬੱਸ ਰਾਹੀਂ ਅੰਮ੍ਰਿਤਸਰ ਆਪਣੇ ਕਿਸੇ ਰਿਸ਼ਤੇਦਾਰਾਂ ਕੋਲ ਲੈ ਗਿਆ, ਜਿਥੇ ਉਸ ਨਾਲ ਜ਼ਬਰਦਸਤੀ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਲੇਡੀ ਪੁਲਸ ਇੰਸਪੈਕਟਰ ਜਸਮੇਲ ਕੌਰ ਚਾਹਲ ਨੇ ਕਰਵਾ ਕੇ ਕੇਸ ਦਰਜ ਕੀਤਾ ਹੈ।
ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਸ਼ਾਮਲ ਰਿੰਕੀ ਪੁੱਤਰ ਨਾਨਕ ਚੰਦ ਦੀ ਪੁਲਸ ਸਰਗਰਮੀ ਨਾਲ ਭਾਲ ਕਰ ਰਹੀ ਹੈ ਤੇ ਜਾਂਚ-ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀਆਂ ਤਾਰਾਂ ਕੁਝ ਸਫੈਦਪੋਸ਼ਾਂ ਨਾਲ ਵੀ ਜੁੜਦੀਆਂ ਹਨ, ਜਿਸ ਬਾਰੇ ਵੀ ਡੂੰਘੀ ਜਾਂਚ-ਪੜਤਾਲ ਹੋ ਰਹੀ ਹੈ।
ਪਟਵਾਰੀਆਂ ਨੂੰ ਨਿਯੁਕਤੀ ਦੇ ਕੇ ਕੈਪਟਨ ਨੇ ਬਾਦਲ ਦੇ ਕੰਮਾਂ ਦੀ ਕਦਰ ਪਾਈ : ਮਜੀਠੀਆ
NEXT STORY