ਚੰਡੀਗੜ੍ਹ, (ਸੰਦੀਪ)- ਸੈਕਟਰ-15 ਵਿਚ ਕਿਸਾਨ ਮੰਡੀ ਵਿਚ ਖਰੀਦਦਾਰੀ ਕਰਨ ਗਈ ਔਰਤ ਦਾ ਪਰਸ ਖੋਹਣ ਵਾਲੇ ਮੁਲਜ਼ਮ ਨੂੰ ਸੈਕਟਰ-3 ਥਾਣਾ ਪੁਲਸ ਵਿਚ ਤਾਇਨਾਤ ਹੈੱਡ ਕਾਂਸਟੇਬਲ ਓਮ ਸਿੰਘ ਨੇ ਸੈਕਟਰ-2/3 'ਤੇ ਕਾਬੂ ਕਰਨਾ ਚਾਹਿਆ ਤਾਂ ਮੁਲਜ਼ਮ ਨੇ ਹੈੱਡ ਕਾਂਸਟੇਬਲ ਨਾਲ ਹੱਥੋਪਾਈ ਕਰਦਿਆਂ ਉਸ ਦਾ ਦੰਦ ਤੋੜ ਦਿੱਤਾ। ਸੈਕਟਰ-3 ਥਾਣਾ ਪੁਲਸ ਨੇ ਵੀ ਹੈੱਡ ਕਾਂਸਟੇਬਲ ਦੀ ਸ਼ਿਕਾਇਤ 'ਤੇ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਦੀ ਪਛਾਣ ਬਨੂੜ ਦੇ ਰਹਿਣ ਵਾਲੇ ਅਵਤਾਰ ਸਿੰਘ (23) ਦੇ ਰੂਪ ਵਿਚ ਹੋਈ ਹੈ, ਜੋ ਕਿ ਸੈਕਟਰ-9 ਸਥਿਤ ਪੰਜਾਬ ਮਿੰਨੀ ਸਕੱਤਰੇਤ ਵਿਚ ਚੌਕੀਦਾਰ ਹੈ।
ਪੁਲਸ ਨੇ ਵੀਰਵਾਰ ਨੂੰ ਮੁਲਜ਼ਮ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਤੋਂ ਹੁਣ ਤਕ ਦੀ ਜਾਂਚ 'ਚ ਬੀਤੇ ਦਿਨੀਂ ਸੈਕਟਰ-22 ਵਿਖੇ ਇਕ ਔਰਤ ਨਾਲ ਝਪਟਮਾਰੀ ਦੀ ਵਾਰਦਾਤ ਦਾ ਵੀ ਖੁਲਾਸਾ ਹੋਇਆ ਹੈ।
ਬੁੱਧਵਾਰ ਰਾਤ ਨੂੰ ਪੀ. ਯੂ. ਕਰਮਚਾਰੀ ਵੀਨਾ ਆਪਣੀ ਬੇਟੀ ਨਾਲ ਸੈਕਟਰ-15 ਵਿਚਲੀ ਮੰਡੀ 'ਚ ਆਈ ਸੀ। ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਵੀਨਾ ਦੇ ਹੱਥੋਂ ਉਸ ਦਾ ਪਰਸ ਖੋਹ ਲਿਆ ਤੇ ਧੱਕਾ-ਮੁੱਕੀ ਵੀ ਕੀਤੀ। ਵੀਨਾ ਨੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਕੇ ਬੀਟ ਕਰਮਚਾਰੀ ਨੂੰ ਦਿੱਤਾ। ਬੀਟ ਕਰਮਚਾਰੀ ਨੇ ਮੋਟਰਸਾਈਕਲ ਦੇ ਨੰਬਰ ਤੇ ਮੁਲਜ਼ਮ ਦੇ ਹੁਲੀਏ ਬਾਰੇ ਕੰਟਰੋਲ ਰੂਮ ਵਿਚ ਸੰਦੇਸ਼ ਦਿੱਤਾ। ਕੁਝ ਸਮੇਂ ਬਾਅਦ ਸੈਕਟਰ-2/3 ਦੇ ਚੌਕ 'ਚ ਮੌਜੂਦ ਹੈੱਡ ਕਾਂਸਟੇਬਲ ਓਮ ਸਿੰਘ ਨੇ ਮੁਲਜ਼ਮ ਨੂੰ ਚੌਰਾਹੇ 'ਤੇ ਖੜ੍ਹਾ ਦੇਖਿਆ ਤੇ ਉਸ ਨੂੰ ਦਬੋਚਣਾ ਚਾਹਿਆ ਤਾਂ ਮੁਲਜ਼ਮ ਨੇ ਉਸ ਦੀ ਵਰਦੀ ਪਾੜਦਿਆਂ ਉਸ ਦਾ ਦੰਦ ਤੋੜ ਦਿੱਤਾ ਪਰ ਓਮ ਸਿੰਘ ਨੇ ਮੁਲਜ਼ਮ ਨੂੰ ਫੜ ਕੇ ਰੱਖਿਆ।
ਪੰਚਾਇਤੀ ਚੋਣਾਂ 'ਚ 40 ਹਜ਼ਾਰ ਦੇ ਘਪਲੇ ਦੇ ਤੱਥ ਲੁਕਾਉਣ 'ਤੇ ਕੋਹਾਲਾ ਦਾ 'ਅਕਾਲੀ' ਸਰਪੰਚ ਮੁਅੱਤਲ
NEXT STORY