ਅੰਮ੍ਰਿਤਸਰ, (ਸੰਜੀਵ)- ਖੇਤ 'ਚੋਂ ਇਕ ਮੂਲੀ ਪੁੱਟਣ 'ਤੇ ਦਲਿਤ ਭਾਈਚਾਰੇ ਦੇ 5 ਬੱਚਿਆਂ ਦੇ ਕੱਪੜੇ ਉਤਰਵਾ ਕੇ ਅਰਧ-ਨਗਨ ਕਰ ਕੇ ਕੜਕਦੀ ਠੰਡ 'ਚ 3 ਕਿਲੋਮੀਟਰ ਤੱਕ ਭਜਾਉਣ ਦੇ ਮਾਮਲੇ ਵਿਚ ਥਾਣਾ ਮਜੀਠਾ ਦੀ ਪੁਲਸ ਵੱਲੋਂ ਜ਼ਿਮੀਂਦਾਰ ਅਸਰਭਾਨਪਾਲ ਸਿੰਘ ਲਾਟੀ ਨਿਵਾਸੀ ਆਬਾਦੀ ਵਰਪਾਲ ਸੋਹੀਆ ਕਲਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਦਿਹਾਤੀ ਪੁਲਸ ਵੱਲੋਂ ਦਰਜ ਕੀਤੇ ਮਾਮਲੇ 'ਚ ਲਾਈਆਂ ਗਈਆਂ ਧਾਰਾਵਾਂ ਦੇ ਨਾਲ ਐੱਸ. ਸੀ. ਐੱਸ. ਟੀ. ਐਕਟ ਨੂੰ ਤਾਂ ਜੋੜ ਦਿੱਤਾ ਗਿਆ ਹੈ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਬੱਚਿਆਂ ਦੀ ਅਰਧ-ਨਗਨ ਵੀਡੀਓ ਵਿਚ ਲੋੜੀਂਦਾ ਦੋਸ਼ੀ ਅਜੇ ਵੀ ਭੂਮੀਗਤ ਹੈ।
ਫਲੈਸ਼ ਬੈਕ
ਪਿੰਡ ਸੋਹੀਆ ਕਲਾਂ ਦੇ 5 ਬੱਚੇ ਪਤੰਗ ਫੜਦੇ ਹੋਏ ਅਸਰਭਾਨਪਾਲ ਸਿੰਘ ਦੇ ਖੇਤਾਂ ਵਿਚ ਚਲੇ ਗਏ, ਜਿਥੇ ਪਸ਼ੂਆਂ ਦਾ ਚਾਰਾ ਲੱਗਾ ਹੋਇਆ ਸੀ ਅਤੇ ਖੇਤਾਂ ਦੇ ਰਸਤੇ 'ਚ ਕੁਝ ਮੂਲੀਆਂ ਬੀਜੀਆਂ ਹੋਈਆਂ ਸਨ, ਜਿਨ੍ਹਾਂ 'ਚੋਂ ਇਕ ਮੂਲੀ ਬੱਚਿਆਂ ਨੇ ਖਾਣ ਲਈ ਪੁੱਟ ਲਈ, ਜਿਸ ਨੂੰ ਖੇਤ ਦੇ ਮਾਲਕ ਨੇ ਦੇਖ ਲਿਆ ਅਤੇ ਉਸ ਨੇ ਪੰਜਾਂ ਬੱਚਿਆਂ ਨੂੰ ਰੋਕ ਕੇ ਚੋਰੀ ਦੀ ਸਜ਼ਾ ਵਿਚ ਉਨ੍ਹਾਂ ਨੂੰ ਕੱਪੜੇ ਉਤਾਰਨ ਲਈ ਕਿਹਾ, ਜਿਸ ਉਪਰੰਤ ਬੱਚਿਆਂ ਦੀ ਪਿੱਠ 'ਤੇ ਮਾਰਿਆ ਅਤੇ ਉਨ੍ਹਾਂ ਨੂੰ ਕੜਾਕੇ ਦੀ ਠੰਡ ਵਿਚ ਬਿਨਾਂ ਕੱਪੜਿਆਂ ਦੇ ਪਿੰਡ 'ਚ ਭਜਾਇਆ ਗਿਆ ਸੀ, ਜਿਸ ਤੋਂ ਬਾਅਦ ਪਿੰਡ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਇਨ੍ਹਾਂ ਬੱਚਿਆਂ ਦੀ ਅਰਧ-ਨਗਨ ਹਾਲਤ ਵਿਚ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾ ਦਿੱਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਦਿਹਾਤੀ ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਸੀ।
ਕੀ ਕਹਿਣਾ ਹੈ
ਐੱਸ. ਐੱਸ. ਪੀ. ਦਾ?
ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਦਰਜ ਮਾਮਲੇ ਵਿਚ ਦੋਸ਼ੀ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮਾਂ ਛਾਪੇ ਮਾਰ ਰਹੀਆਂ ਹਨ। ਦਲਿਤ ਭਾਈਚਾਰੇ ਵੱਲੋਂ ਸਬੰਧਤ ਬੱਚਿਆਂ ਦੇ ਹੋਣ 'ਤੇ ਐੱਸ. ਸੀ. ਐੱਸ. ਟੀ. ਐਕਟ ਵੀ ਲਾ ਦਿੱਤਾ ਗਿਆ ਹੈ। ਦੋਸ਼ੀ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜ਼ਮਾਨਤ ਹੋਣ ਤੋਂ ਬਾਅਦ ਫਿਰ ਕੀਤੀ ਚੋਰੀ, ਐਕਟਿਵਾ ਸਮੇਤ ਕਾਬੂ
NEXT STORY