ਅਜਨਾਲਾ : ਪੰਜਾਬ 'ਚ ਆਏ ਭਿਆਨਕ ਹੜ੍ਹਾਂ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਐਤਵਾਰ ਨੂੰ ਉਮੀਦ ਦੀ ਨਵੀਂ ਕਿਰਨ ਜਾਗੀ, ਜਦੋਂ ਮਸ਼ਹੂਰ ਸੰਗੀਤਕਾਰ Badshah ਨੇ Sikh Aid Foundation ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਪੱਕੇ ਘਰਾਂ ਦੀਆਂ ਚਾਬੀਆਂ ਸੌਂਪੀਆਂ। ਅਜਨਾਲਾ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬਾਦਸ਼ਾਹ ਖੁਦ ਮੌਜੂਦ ਰਹੇ ਤੇ ਲਾਭਪਾਤਰੀ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਘਰਾਂ ਦੀਆਂ ਚਾਬੀਆਂ ਦਿੱਤੀਆਂ। ਇਸ ਮੌਕੇ ਸਥਾਨਕ ਵਸਨੀਕ, ਸੇਵਾਦਾਰ ਅਤੇ ਰਾਹਤ ਕੰਮਾਂ ਨਾਲ ਜੁੜੇ ਪ੍ਰਤੀਨਿਧੀ ਵੀ ਹਾਜ਼ਰ ਸਨ।

ਪਿਛਲੇ ਮਾਨਸੂਨ ਦੌਰਾਨ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਸੀ। ਹਜ਼ਾਰਾਂ ਪਰਿਵਾਰਾਂ ਦੇ ਘਰ, ਖੇਤੀਬਾੜੀ ਅਤੇ ਰੋਜ਼ੀ-ਰੋਟੀ ਤਬਾਹ ਹੋ ਗਈ ਸੀ। ਸ਼ੁਰੂਆਤੀ ਰਾਹਤ ਵਿੱਚ ਖਾਣ-ਪੀਣ ਅਤੇ ਇਲਾਜ ਦੀ ਸਹੂਲਤ ਮਿਲੀ, ਪਰ ਪੱਕੀ ਛੱਤ ਦੀ ਘਾਟ ਸਭ ਤੋਂ ਵੱਡੀ ਚਿੰਤਾ ਬਣੀ ਰਹੀ। ਇਸ ਪਹਿਲ ਤਹਿਤ ਉਨ੍ਹਾਂ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਤਿਆਰ ਕੀਤੇ ਪੱਕੇ ਘਰ ਦਿੱਤੇ ਗਏ ਹਨ, ਜਿਨ੍ਹਾਂ ਨੇ ਹੜ੍ਹ 'ਚ ਸਭ ਕੁਝ ਗੁਆ ਦਿੱਤਾ ਸੀ। ਇਹ ਘਰ ਭਵਿੱਖ ਦੀਆਂ ਕੁਦਰਤੀ ਆਫ਼ਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ ਤਾਂ ਜੋ ਪਰਿਵਾਰ ਸੁਰੱਖਿਅਤ ਤਰੀਕੇ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ।

ਸਮਾਗਮ ਦੌਰਾਨ ਬੋਲਦੇ ਹੋਏ ਬਾਦਸ਼ਾਹ ਨੇ ਕਿਹਾ ਕਿ ਪੰਜਾਬ ਨੇ ਮੈਨੂੰ ਪਹਿਚਾਣ ਦਿੱਤੀ ਹੈ। ਜਦੋਂ ਇੱਥੋਂ ਦੇ ਲੋਕ ਮੁਸ਼ਕਲ ਵਿੱਚ ਹੋਣ ਤਾਂ ਉਨ੍ਹਾਂ ਦੇ ਨਾਲ ਖੜ੍ਹਾ ਹੋਣਾ ਸਾਡੀ ਸਾਂਝੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਹ ਘਰ ਸਿਰਫ਼ ਇੱਟਾਂ-ਪੱਥਰ ਨਹੀਂ, ਸਗੋਂ ਇਜ਼ਤ, ਸੁਰੱਖਿਆ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹਨ।
ਘਰ ਪ੍ਰਾਪਤ ਕਰਨ ਵਾਲੇ ਇੱਕ ਲਾਭਪਾਤਰੀ ਨੇ ਕਿਹਾ ਕਿ ਹੜ੍ਹ ਤੋਂ ਬਾਅਦ ਸਾਨੂੰ ਲੱਗ ਰਿਹਾ ਸੀ ਕਿ ਸਭ ਕੁਝ ਖ਼ਤਮ ਹੋ ਗਿਆ ਹੈ। ਹੁਣ ਬੱਚਿਆਂ ਦੇ ਸਿਰ ‘ਤੇ ਛੱਤ ਹੈ ਅਤੇ ਜ਼ਿੰਦਗੀ ਮੁੜ ਸ਼ੁਰੂ ਹੋ ਸਕਦੀ ਹੈ। ਇੱਕ ਹੋਰ ਲਾਭਪਾਤਰੀ ਨੇ ਕਿਹਾ ਕਿ ਇਹ ਸਿਰਫ਼ ਘਰ ਨਹੀਂ, ਸਾਡੇ ਆਤਮ-ਸਨਮਾਨ ਦੀ ਵਾਪਸੀ ਹੈ।

ਸਿੱਖ ਏਡ ਫਾਊਂਡੇਸ਼ਨ ਨਾਲ ਮਿਲ ਕੇ ਇਸ ਪਹਿਲ ਨੂੰ ਸਥਾਨਕ ਪੱਧਰ ‘ਤੇ ਲਾਗੂ ਕੀਤਾ ਗਿਆ ਤਾਂ ਜੋ ਮਦਦ ਸਹੀ ਅਤੇ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਸਕੇ। ਆਯੋਜਕਾਂ ਨੇ ਕਿਹਾ ਕਿ ਇਹ ਯਤਨ ਦਰਸਾਉਂਦਾ ਹੈ ਕਿ ਆਫ਼ਤ ਤੋਂ ਬਾਅਦ ਸਿਰਫ਼ ਤੁਰੰਤ ਰਾਹਤ ਨਹੀਂ, ਸਗੋਂ ਲੰਬੇ ਸਮੇਂ ਦਾ ਪੁਨਰਵਾਸ ਵੀ ਉਤਨਾ ਹੀ ਜ਼ਰੂਰੀ ਹੁੰਦਾ ਹੈ। ਬਾਦਸ਼ਾਹ ਨੇ ਅੱਗੇ ਵੀ ਪੰਜਾਬ ਦੇ ਬਾੜ੍ਹ ਪ੍ਰਭਾਵਿਤ ਲੋਕਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਅਤੇ ਹੋਰ ਲੋਕਾਂ ਨੂੰ ਵੀ ਅੱਗੇ ਆ ਕੇ ਪੁਨਰਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਰਕਾਰੀ ਸਕੂਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਅਹਿਮ ਕਦਮ! ਇਨ੍ਹਾਂ ਸਕੂਲਾਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ
NEXT STORY