ਚੰਡੀਗੜ੍ਹ, (ਰਮਨਜੀਤ) - ਸੂਬੇ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਪੰਜਾਬ 'ਚ ਕੇਬਲ ਟੀ. ਵੀ. ਵਪਾਰ 'ਤੇ ਦਬਦਬੇ ਖਿਲਾਫ਼ ਝੰਡਾ ਬੁਲੰਦ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਜੰਗ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਹੋਣ ਦੇ ਆਸਾਰ ਬਣੇ ਹੋਏ ਹਨ। ਹੁਣ ਸਾਰੀਆਂ ਨਜ਼ਰਾਂ ਸ਼ਨੀਵਾਰ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਤੈਅ ਕੀਤੀ ਗਈ ਇੰਡੀਪੈਂਡੈਂਟ ਪ੍ਰੈੱਸ ਕਾਨਫਰੰਸ 'ਤੇ ਟਿਕ ਗਈਆਂ ਹਨ। ਸਿੱਧੂ ਦੇ ਹਾਵਭਾਵ ਤੋਂ ਲੱਗਦਾ ਕਿ ਸਿੱਧੂ ਚੁੱਪ ਬੈਠਣ ਵਾਲੇ ਨਹੀਂ ਹਨ।
ਪਿਛਲੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਹਾਲਾਂਕਿ ਸਿੱਧੂ ਵੱਲੋਂ ਕੇਬਲ ਟੀ. ਵੀ. ਵਪਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਟੈਕਸ ਦਾਇਰੇ 'ਚ ਲਿਆਉਣ ਲਈ ਯਤਨ ਕੀਤਾ ਗਿਆ ਸੀ ਪਰ ਉਹ ਸਫਲ ਨਹੀਂ ਹੋ ਸਕੇ ਸਨ।
ਸਿੱਧੂ ਦੀ ਕੋਸ਼ਿਸ਼ ਨੂੰ ਠੰਡੇ ਬਸਤੇ 'ਚ ਪਾਉਣ ਦੀ ਤਿਆਰੀ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਤਹਿਤ ਮਾਮਲਾ ਮੰਤਰੀ ਮੰਡਲ ਦੀ ਬੈਠਕ 'ਚ ਲਿਆਉਣ ਲਈ ਕਿਹਾ ਗਿਆ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੀ ਮੰਤਰੀ ਮੰਡਲ ਦੀ ਬੈਠਕ ਤੱਕ ਉਕਤ ਪ੍ਰਕਿਰਿਆ ਪੂਰੀ ਹੋਣ ਦੀ ਸੰਭਾਵਨਾ ਘੱਟ ਹੈ।
ਉਧਰ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਕੀਮਤ 'ਤੇ ਇਸ ਮਾਮਲੇ ਨੂੰ ਉਹ ਠੰਡਾ ਨਹੀਂ ਪੈਣ ਦੇਣਗੇ ਬਲਕਿ ਮਾਮਲੇ ਨੂੰ ਸਹੀ ਉਚਾਈ 'ਤੇ ਲਿਜਾਣ ਵੱਲ ਵਧ ਰਹੇ ਹਨ। ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਸ਼ਨੀਵਾਰ ਨੂੰ ਫਿਰ ਤੋਂ ਕੇਬਲ ਟੀ. ਵੀ. ਮੁੱਦੇ 'ਤੇ ਮੀਡੀਆ ਦੇ ਰੂ-ਬਰੂ ਹੋਣਗੇ ਤੇ ਇਸ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਵੱਲੋਂ ਕੇਬਲ ਮਾਫੀਆ ਨਾਲ ਜੁੜੇ ਨਵੇਂ ਤੱਥਾਂ ਦਾ ਵੀ ਖੁਲਾਸਾ ਕੀਤਾ ਜਾਵੇਗਾ।
ਜੋ ਵੀ ਹੋਵੇ, ਪੰਜਾਬ ਮੰਤਰੀ ਮੰਡਲ 'ਚ ਚੱਲ ਰਹੀ ਖਿੱਚੋ-ਤਾਣ ਲਗਾਤਾਰ ਵਧ ਰਹੀ ਹੈ ਤੇ ਸੰਭਾਵਨਾ ਹੈ ਕਿ ਇਹ ਲੰਬੀ ਚੱਲੇਗੀ। ਖਾਸ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਹਾਵਭਾਵ 'ਨੋ ਕੰਪ੍ਰਮਾਈਜ਼' ਵਾਲੇ ਰਹੇ ਹਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਫੈਸਲਿਆਂ 'ਤੇ ਅਡਿੱਗ ਰਹਿਣ ਵਾਲਿਆਂ 'ਚੋਂ ਹਨ, ਜਿਸ ਦੀ ਉਦਾਹਰਣ ਉਹ ਕਈ ਵਾਰ ਕਾਂਗਰਸ ਹਾਈਕਮਾਨ ਨਾਲ ਟੱਕਰ ਲੈ ਕੇ ਦੇ ਚੁੱਕੇ ਹਨ।
ਮੁਹੱਲਾ ਕੌਲਸਰ ਦੇ ਵਸਨੀਕਾਂ ਨੇ ਕੀਤੀ ਮੇਅਰ ਤੇ ਅਕਾਲੀ-ਭਾਜਪਾ ਗਠਜੋੜ ਖਿਲਾਫ ਨਾਅਰੇਬਾਜ਼ੀ
NEXT STORY