ਮੁੱਲਾਂਪੁਰ ਦਾਖਾ, (ਕਾਲੀਆ)- ਅਲਫ ਨੰਗੀਆਂ ਹੋ ਕੇ ਤੁਹਾਨੂੰ ਵੀਡੀਓ ਕਾਲ ਕਰਨ ਵਾਲੀਆਂ ਸੁੰਦਰੀਆਂ ਇਕ ਮਿੰਟ ’ਚ ਹੀ ਤੁਹਾਡੇ ਨਾਲ ਵੀਡੀਓ ਕਾਲ ਕਰ ਕੇ ਤੁਹਾਨੂੰ ਇੰਝ ਬਲੈਕਮੇਲ ਕਰਦੀਆਂ ਹਨ ਕਿ ਜਿਵੇਂ ਤੁਸੀਂ ਹੀ ਉਸ ਨੂੰ ਵੀਡੀਓ ਕਾਲ ਕੀਤੀ ਹੋਵੇ।
ਜਿੰਨੀ ਦੇਰ ਤੱਕ ਆਮ ਆਦਮੀ ਕੁਝ ਸਮਝ ਪਾਉਂਦਾ ਹੈ, ਇੰਨੇ ’ਚ ਤਾਂ ਉਹ ਕੰਮ ਵੀ ਕਰ ਜਾਂਦੀਆਂ ਹਨ। ਚਾਹੇ ਤੁਸੀਂ ਨਿਰਵਸਤਰ ਹੋਵੋ ਜਾਂ ਨਾ ਹੋਵੋ, ਉਨ੍ਹਾਂ ਨੇ ਤੁਹਾਨੂੰ ਦੋਵੇਂ ਤਰ੍ਹਾਂ ਨਾਲ ਜਾਲ ’ਚ ਫਸਾ ਲੈਣਾ ਹੈ ਕਿਉਂਕਿ ਉਹ ਖੁਦ ਨੰਗੀਆਂ ਹੋ ਕੇ ਆਪਣੇ ਗੁਪਤ ਅੰਗ ਨਾਲ ਛੇੜਛਾੜ ਕਰਦੀਆਂ ਹਨ ਅਤੇ ਤੁਹਾਨੂੰ ਭਰਮਾਉਂਦੀਆਂ ਹਨ।
ਜੇਕਰ ਤੁਹਾਡੇ ਕੱਪੜੇ ਵੀ ਪੂਰੇ ਪਾਏ ਹਨ ਤਾਂ ਵੀ ਤੁਹਾਨੂੰ ਦੋਸ਼ੀ ਠਹਿਰਾਉਂਦੀਆਂ ਹਨ ਕਿਉਂਕਿ ਤੁਸੀਂ ਜਦੋਂ ਮੋਬਾਈਲ ’ਤੇ ਵੇਖ ਰਹੇ ਹੁੰਦੇ ਹੋ ਤਾਂ ਉਹ ਨਿਰਵਸਤਰ ਹੋ ਕੇ ਵੀਡੀਓ ਬਣਾ ਲੈਂਦੀਆਂ ਹਨ ਤੇ ਫਿਰ ਆਪਣੇ ਮੱਕੜ ਜਾਲ ’ਚ ਫਸਾਉਣ ਲਈ ਸਾਈਬਰ ਕ੍ਰਾਈਮ ਦੇ ਇਕ ਜਾਅਲੀ ਆਈ. ਪੀ. ਐੱਸ. (ਆਪਣੇ ਸਾਥੀ) ਅਫਸਰ ਤੋਂ ਤੁਹਾਨੂੰ ਕਾਲ ਕਰਵਾਉਂਦੀਆਂ ਹਨ।
ਜਾਅਲੀ ਆਈ. ਪੀ. ਐੱਸ. ਕਿਸੇ ਈਮਾਨਦਾਰ ਭੱਦਰਪੁਰਸ਼ ਪੁਲਸ ਅਫਸਰ ਦੀ ਡੀ. ਪੀ. ਲਗਾ ਕੇ ਤੁਹਾਨੂੰ ਫੋਨ ਕਰਦਾ ਹੈ ਕਿ ਮੈਂ ਆਈ. ਪੀ. ਐੱਸ. ਅਫਸਰ ਸਾਈਬਰ ਕ੍ਰਾਈਮ ਸੈੱਲ ਦਿੱਲੀ ਤੋਂ ਬੋਲ ਰਿਹਾ ਹਾਂ। ਮੇਰੇ ਕੋਲ ਤੁਹਾਡੇ ਖਿਲਾਫ ਇਕ ਕੰਪਲੇਂਟ ਆਈ ਹੈ। ਮੈਂ ਉਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਹਾਂ, ਤੁਸੀਂ ਇਕ ਲੜਕੀ ਨਾਲ ਸੋਸ਼ਲ ਮੀਡੀਆ ਰਾਹੀਂ ਵੀਡੀਓ ਸੈਕਸ ਕੀਤਾ ਹੈ। ਜਲਦੀ ਹੀ ਇਕ ਪੁਲਸ ਪਾਰਟੀ ਤੁਹਾਨੂੰ ਗ੍ਰਿਫਤਾਰ ਕਰਨ ਲਈ ਭੇਜ ਰਿਹਾ ਹਾਂ।
ਆਮ ਆਦਮੀ ਆਈ. ਪੀ. ਐੱਸ. ਦੀ ਇਸ ਕਾਲ ਤੋਂ ਡਰ ਜਾਂਦਾ ਹੈ। ਫਿਰ ਕੰਮ ਲੈਣ-ਦੇਣ ਦੇ ਚੱਕਰ ’ਚ ਪੈ ਜਾਂਦਾ ਹੈ। ਤੁਹਾਡੇ ਨਾਲ ਸੌਦੇਬਾਜ਼ੀ ਤਹਿਤ ਕਿਹਾ ਜਾਂਦਾ ਕਿ ਜੇਕਰ ਤੁਸੀਂ ਬਚਣਾ ਹੈ ਤਾਂ ਇੰਨੇ ਪੈਸੇ ਫਲਾਨੇ ਅਕਾਊਂਟ ’ਚ ਟ੍ਰਾਂਸਫਰ ਕਰ ਦਿਓ। ਤੇਰਾ ਕੇਸ ਰਫਾ-ਦਫਾ ਕਰ ਦੇਵਾਂਗਾ। ਨਹੀਂ ਤਾਂ ਮਜਬੂਰਨ ਤੈਨੂੰ ਗ੍ਰਿਫਤਾਰ ਕਰਨਾ ਪਵੇਗਾ, ਜਿਸ ਨਾਲ ਤੇਰੀ ਸਮਾਜ ਅਤੇ ਰਿਸ਼ਤੇਦਾਰਾਂ ’ਚ ਬਦਨਾਮੀ ਹੋਵੇਗੀ।
ਇਸ ਡਰ ਕਾਰਨ ਪਹਿਲਾਂ ਆਮ ਆਦਮੀ ਅੰਦਰੋ-ਅੰਦਰੀ ਝੁਰਦਾ ਹੈ ਅਤੇ ਕਿਸੇ ਨੂੰ ਆਪਬੀਤੀ ਦੱਸਣ ਤੋਂ ਵੀ ਡਰਦਾ ਹੈ ਅਤੇ ਫਿਰ ਇਸ ਲੋਟੂ ਟੋਲੇ ਦਾ ਸ਼ਿਕਾਰ ਬਣ ਜਾਂਦਾ ਹੈ।
ਵੀਡੀਓ ਚਲਦੀ ’ਤੇ ਤੁਸੀਂ ਨਹੀਂ ਮਾਰ ਸਕਦੇ ਸਕ੍ਰੀਨਸ਼ਾਟ
ਤੁਹਾਡੇ ਮੋਬਾਈਲ ’ਤੇ ਵੀਡੀਓ ਕਾਲ ਚੱਲਦੀ ਹੈ ਤਾਂ ਤੁਸੀਂ ਉਸ ਦਾ ਸਕ੍ਰੀਨਸ਼ਾਟ ਵੀ ਨਹੀਂ ਮਾਰ ਸਕਦੇ ਕਿਉਂਕਿ ਇਹ ਇੰਨੇ ਸ਼ਾਤਰ ਦਿਮਾਗ ਦੇ ਲੁਟੇਰੇ ਹਨ ਕਿ ਇਨ੍ਹਾਂ ਨੇ ਸਕ੍ਰੀਨ ਕੈਪਚਰ ਵੀ ਬਲੌਕਡ ਕੀਤਾ ਹੋਇਆ ਹੈ।
ਨਿਊਡ ਕਾਲ ਕਰਨ ਵਾਲੀ ਹਸੀਨਾ ਫਿਰ ਵੱਖਰੇ ਮੋਬਾਇਲ ਨੰਬਰ ਤੋਂ ਕਰਦੀ ਹੈ ਮੈਸੇਜ ਭੇਜ ਕੇ ਤੁਹਾਨੂੰ ਬਲੈਕਮੇਲ
ਜਿਸ ਹਸੀਨਾ ਨੇ ਤੁਹਾਨੂੰ ਜਿਹੜੇ ਮੋਬਾਈਲ ਨੰਬਰ ’ਤੇ ਵੀਡੀਓ ਕਾਲ ਕਰ ਕੇ ਵੀਡੀਓ ਕਲਿੱਪ ਬਣਾਏ ਹਨ, ਉਹ ਹਸੀਨਾ ਤੁਹਾਨੂੰ ਦੂਜੇ ਨੰਬਰ ਤੋਂ ਮੈਸੇਜ ਭੇਜ ਕੇ ਮੰਗ ਕਰਦੀ ਹੈ ਕਿ ‘ਮੈਂ ਤੁਮਹਾਰੀ ਵੀਡੀਓ ਆਲ ਸੋਸ਼ਲ ਮੀਡੀਆ ਪਲੇਟਫਾਰਮ ਪਰ ਵਾਇਰਲ ਕਰ ਰਹੀ ਹੂੰ..? ਇਥੋਂ ਕਹਾਣੀ ਬਲੈਕਮੇਲ ਕਰਨ ਦੀ ਸ਼ੁਰੂ ਹੋ ਜਾਂਦੀ ਹੈ।
ਬਲੈਕਮੇਲਰ ਇੰਟਰਨੈੱਟ ’ਤੇ ਜਨਰੇਟ ਕੀਤੇ ਮੋਬਾਇਲ ਨੰਬਰਾਂ ਤੋਂ ਕਰਦੇ ਹਨ ਕਾਲ
ਇਹ ਬਲੈਕਮੇਲਰ ਇੰਨੇ ਸ਼ਾਤਰ ਦਿਮਾਗ ਦੇ ਹਨ ਕਿ ਆਪਣੇ ਆਪ ਨੂੰ ਬਚਾਉਣ ਲਈ ਇੰਟਰਨੈੱਟ ’ਤੇ ਜਨਰੇਟ ਕੀਤੇ ਨੰਬਰਾਂ ਤੋਂ ਕਾਲ ਕਰਦੇ ਹਨ, ਤਾਂ ਜੋ ਇਨ੍ਹਾਂ ਦਾ ਇਹ ਗੋਰਖਧੰਦਾ ਨਿਰੰਤਰ ਬੇਖੌਫ ਚੱਲਦਾ ਰਹੇ। ਜਦੋਂ ਇਨ੍ਹਾਂ ਦੇ ਨੰਬਰ ’ਤੇ ਜਾਂਚ ਹੁੰਦੀ ਹੈ ਤਾਂ ਇਨ੍ਹਾਂ ਦਾ ਐਡਰੈੱਸ-ਪਤਾ ਨਹੀਂ ਮਿਲਦਾ, ਜਿਸ ਦਾ ਇਹ ਫਾਇਦਾ ਉਠਾਉਂਦੇ ਹਨ।
ਇਨ੍ਹਾਂ ਲੁਟੇਰਿਆਂ ਤੋਂ ਡਰਨ ਦੀ ਲੋੜ ਨਹੀਂ
ਅਦਾਰਾ ‘ਜਗ ਬਾਣੀ’ ਹਮੇਸ਼ਾ ਆਪਣੇ ਦੇਸ਼ ਵਾਸੀਆਂ ਅਤੇ ਪਾਠਕਾਂ ਨੂੰ ਇਨ੍ਹਾਂ ਸ਼ਾਤਰ ਲੁਟੇਰਿਆਂ ਅਤੇ ਬਲੈਕਮੇਲਰਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਰੇਆਮ ਲੁੱਟਾਂ-ਖੋਹਾਂ ਨੂੰ ਨਸ਼ਰ ਕਰਦਾ ਰਹਿੰਦਾ ਹੈ। ਹੁਣ ਇਨ੍ਹਾਂ ਲੁਟੇਰਿਆਂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਲੋੜ ਹੈ। ਲੁਧਿਆਣਾ ’ਚ ਕਈ ਭੱਦਰ ਪੁਰਸ਼ ਇਨ੍ਹਾਂ ਲੁਟੇਰਿਆਂ ਤੋਂ ਆਪਣੀਆਂ ਜੇਬਾਂ ਆਪਣੀ ਇੱਜ਼ਤ ਸ਼ੌਹਰਤ ਬਰਕਰਾਰ ਰੱਖਣ ਖਾਤਿਰ ਲੁੱਟਾ ਚੁੱਕੇ ਹਨ ਅਤੇ ਕਈ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ।
ਆਓ, ਅੱਜ ਆਪਾਂ ਸਾਰੇ ਰਲ ਕੇ ਇਨ੍ਹਾਂ ਬਲੈਕਮੇਲਰਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਇਨ੍ਹਾਂ ਦੇ ਮੱਕੜ ਜਾਲ ਦਾ ਪਰਦਾਫਾਸ਼ ਕਰਵਾਉਣ ਲਈ ਅੱਗੇ ਆ ਕੇ ਪੁਲਸ ਪ੍ਰਸ਼ਾਸਨ ਦਾ ਸਾਥ ਦੇਈਏ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।
IMD ਨੇ ਅਗਲੇ 24 ਘੰਟਿਆਂ 'ਚ ਪੰਜਾਬ, ਦਿੱਲੀ ਤੇ UP ਸਮੇਤ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ Alert
NEXT STORY