ਚੰਡੀਗੜ੍ਹ, ਜ਼ੀਰਕਪੁਰ (ਸ਼ੀਨਾ/ਧੀਮਾਨ) : ਐਤਵਾਰ ਨੂੰ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਟ੍ਰਾਈਸਿਟੀ ਵਾਸੀਆਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ। ਐਤਵਾਰ ਦਾ ਦਿਨ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ। ਐਤਵਾਰ ਨੂੰ ਚੰਡੀਗੜ੍ਹ ਦਾ ਤਾਪਮਾਨ ਪਹਾੜੀ ਸ਼ਹਿਰ ਸ਼ਿਮਲਾ ਨਾਲੋਂ ਵੀ ਘੱਟ ਦਰਜ ਕੀਤਾ ਗਿਆ। ਜਿੱਥੇ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 12.8 ਡਿਗਰੀ ਸੈਲਸੀਅਸ ਰਿਹਾ, ਉੱਥੇ ਚੰਡੀਗੜ੍ਹ ਦਾ ਤਾਪਮਾਨ ਸਿਰਫ਼ 12 ਡਿਗਰੀ ਸੈਲਸੀਅਸ ਤੱਕ ਹੀ ਪਹੁੰਚਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ’ਚ ਐਤਵਾਰ ਨੂੰ ਘੱਟੋ-ਘੱਟ 9.2 ਡਿਗਰੀ ਸੈਲਸੀਅਸ ਰਿਹਾ। ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ 2.8 ਡਿਗਰੀ ਦਾ ਅੰਤਰ ਹੋਣ ਕਾਰਨ ਠੰਡ ਹੋਰ ਵੀ ਜ਼ਿਆਦਾ ਮਹਿਸੂਸ ਕੀਤੀ ਗਈ। ਦੂਜੇ ਪਾਸੇ ਕੜਾਕੇ ਦੀ ਠੰਡ ਹੁਣ ਜਾਨਲੇਵਾ ਸਾਬਤ ਹੋਣ ਲੱਗੀ ਹੈ। ਕਰੀਬ ਸਾਢੇ 9 ਵਜੇ ਜ਼ੀਰਕਪੁਰ-ਅੰਬਾਲਾ ਹਾਈਵੇ ’ਤੇ ਪੁਲ ਹੇਠਾਂ 42 ਸਾਲਾ ਵਿਅਕਤੀ ਦੀ ਠੰਡ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੀਸ਼ਪਾਲ ਵਾਸੀ ਸੰਭਲ (ਯੂ.ਪੀ.) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸ਼ੀਸ਼ਪਾਲ ਕਾਫ਼ੀ ਸਮੇਂ ਤੋਂ ਪੁਲ ਹੇਠਾਂ ਰਹਿ ਕੇ ਗੁਜ਼ਾਰਾ ਕਰ ਰਿਹਾ ਸੀ ਤੇ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਵੀ ਚੱਲ ਰਿਹਾ ਸੀ। ਨੇੜਲੇ ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸਨੂੰ ਦੇਖਿਆ ਤਾਂ ਉਹ ਬੇਹੋਸ਼ੀ ਦੀ ਅਵਸਥਾ ’ਚ ਪਿਆ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਆਕੜ ਚੁੱਕਾ ਸੀ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਮ੍ਰਿਤਕ ਦੇ ਭਰਾ ਸਤੀਸ਼ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਗਈ ਅਤੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਮਜੀਠੀਆ ਦੇ ਕਰੀਬੀ ਦਾ ਮੰਗਿਆ ਹੋਰ ਰਿਮਾਂਡ, ਭਲਕੇ ਹੋਵੇਗੀ ਸੁਣਵਾਈ
ਪ੍ਰਸ਼ਾਸਨ ਵੱਲੋਂ ਠੰਡ ਨੂੰ ਲੈ ਕੇ ਕੀਤੇ ਇੰਤਜ਼ਾਮਾਂ ’ਤੇ ਸਵਾਲ
ਪੁਲਸ ਮੁਤਾਬਕ ਪਿਛਲੇ 10 ਦਿਨਾਂ ’ਚ ਇਸੇ ਪੁਲ ਹੇਠਾਂ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ 27 ਦਸੰਬਰ ਨੂੰ ਵੀ ਇੱਥੇ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਚੁੱਕੀ ਸੀ। ਲਗਾਤਾਰ ਹੋ ਰਹੀਆਂ ਮੌਤਾਂ ਨਾਲ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰੈਨ ਬਸੇਰਿਆਂ ਤੇ ਠੰਡ ਤੋਂ ਬਚਾਅ ਦੇ ਇੰਤਜ਼ਾਮਾਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਕਈ ਸਾਲਾਂ ਦਾ ਰਿਕਾਰਡ ਤੋੜ ਰਹੀ ਹੈ ਠੰਡ
ਮੌਸਮ ਵਿਭਾਗ ਦੇ ਮੁਖੀ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਸਾਲ ਦੀ ਠੰਡ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ। ਉਨ੍ਹਾਂ ਮੁਤਾਬਕ ਅਗਲੇ ਦੋ ਦਿਨਾਂ ਲਈ ਸੰਘਣੀ ਧੁੰਦ ਤੇ ਸੀਤ ਲਹਿਰ ਦੇ ਮੱਦੇਨਜ਼ਰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾ੍ਅਦ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 6 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਠੰਡ ਨੂੰ ਹੋਰ ਵਧਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਬਣਨਗੀਆਂ ਅਫ਼ਸਰ! ਮਾਨ ਸਰਕਾਰ ਦਾ 33% ਰਾਖਵਾਂਕਰਨ ਨਾਲ ਵੱਡਾ ਐਲਾਨ
ਸਵੇਰੇ ਸੰਘਣੀ ਧੁੰਦ, 50 ਮੀਟਰ ਰਹੀ ਦਿਸਣ ਹੱਦ
ਐਤਵਾਰ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਜਿਵੇਂ ਹੀ ਲੋਕ ਉੱਠੇ ਪੂਰਾ ਸ਼ਹਿਰ ਧੁੰਦ ’ਚ ਘਿਰਿਆ ਨਜ਼ਰ ਆਇਆ। ਦਿਸਣ ਹੱਦ ਘਟ ਹੋਣ ਕਾਰਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਯਾਤਰਾ ਕਰਨੀ ਪਈ। ਖ਼ਾਸ ਤੌਰ ’ਤੇ ਦੋਪਹੀਆ ਵਾਹਨ ਸਵਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ’ਚ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਰਹਿ ਗਈ ਦੂਜੇ ਪਾਸੇ ਠੰਡ ਨੇ ਬਜ਼ਾਰਾਂ ’ਚ ਰੌਣਕ ’ਤੇ ਵੀ ਅਸਰ ਪਾਇਆ ਹੈ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਬਜ਼ਾਰਾਂ ਤੇ ਸੈਰ-ਸਪਾਟਾ ਸਥਾਨਾਂ ’ਤੇ ਭੀੜ ਘੱਟ ਸੀ। ਸੈਕਟਰਾਂ ਦੇ ਬਾਜ਼ਾਰ ਜੋ ਆਮ ਤੌਰ ’ਤੇ ਗਤੀਵਿਧੀਆਂ ਨਾਲ ਭਰੇ ਹੁੰਦੇ ਸਨ, ਸੁੰਨਸਾਨ ਨਜ਼ਰ ਆਏ। ਲੋਕ ਸਿਰਫ਼ ਜ਼ਰੂਰੀ ਕੰਮ ਲਈ ਘਰਾਂ ਤੋਂ ਬਾਹਰ ਨਿਕਲੇ। ਠੰਡ ਨੇ ਸੁਖਨਾ ਝੀਲ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਵੀ ਪ੍ਰਭਾਵਿਤ ਕੀਤਾ। ਸਥਾਨਕ ਲੋਕ ਠੰਡ ਤੋਂ ਬਚਣ ਲਈ ਘਰ ਦੇ ਅੰਦਰ ਹੀ ਰਹੇ। ਝੀਲ ਦੇ ਆਲੇ-ਦੁਆਲੇ ਆਮ ਸਵੇਰ ਤੇ ਸ਼ਾਮ ਦੀ ਭੀੜ ਕਾਫ਼ੀ ਘੱਟ ਗਈ।
ਅਗਲੇ ਤਿੰਨ ਦਿਨ ਅਜਿਹਾ ਰਹੇਗਾ ਮੌਸਮ
ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਰਟ ਸਰਕਟ ਕਾਰਨ ਬੰਦ ਘਰ ’ਚ ਲੱਗੀ ਭਿਆਨਕ ਅੱਗ, ਸਿਲੰਡਰ ਫਟਣ ਨਾਲ ਮਚੀ ਦਹਿਸ਼ਤ
NEXT STORY