ਮੋਹਾਲੀ (ਜੱਸੀ)- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਜੋ ਕਿ ਇਸ ਸਮੇਂ ਜੇਲ੍ਹ ’ਚ ਹਨ ਦੇ ਮਾਮਲੇ ’ਚ ਵਿਜੀਲੈਂਸ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਇਕ ਅਰਜ਼ੀ ਦਾਇਰ ਕਰਕੇ ਗੁਲਾਟੀ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ ਹੈ। ਅਦਾਲਤ ਵੱਲੋਂ ਇਸ ਅਰਜ਼ੀ ’ਤੇ ਹਰਪ੍ਰੀਤ ਸਿੰਘ ਗੁਲਾਟੀ ਦੇ ਵਕੀਲਾਂ ਨੂੰ ਆਪਣਾ ਪੱਖ ਰੱਖਣ ਲਈ 5 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਹਰਪ੍ਰੀਤ ਸਿੰਘ ਗੁਲਾਟੀ ਨੂੰ ਉਸ ਦੇ ਸੈਕਟਰ-106 ਵਿਚਲੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਗੁਲਾਟੀ ’ਤੇ ਦੋਸ਼ ਹਨ ਕਿ ਉਸ ਦੀਆਂ ਕੰਪਨੀਆਂ ’ਚੋਂ ਮਜੀਠੀਆ ਦੀਆਂ ਕੰਪਨੀਆਂ ’ਚ ਪੈਸਾ ਟਰਾਂਸਫਰ ਹੋਇਆ ਸੀ, ਜੋ ਕਿ ਕਦੇ ਵੀ ਵਾਪਸ ਨਹੀਂ ਹੋਇਆ ਤੇ ਨਾ ਹੀ ਹਰਪ੍ਰੀਤ ਗੁਲਾਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕੇਸ ਦਾਇਰ ਕਰਕੇ ਟਰਾਂਸਫਰ ਕੀਤੇ ਗਏ ਪੈਸੇ ਵਾਪਸ ਮੰਗੇ ਗਏ। ਵਿਜੀਲੈਂਸ ਮੁਤਾਬਕ ਗੁਲਾਟੀ ਵੱਲੋਂ ਬਿਕਰਮ ਮਜੀਠੀਆ ਦੇ ਕਾਲੇ ਧਨ ਨੂੰ ਸਫੇਦ ਕਰਨ ਦਾ ਕੰਮ ਕੀਤਾ ਜਾਂਦਾ ਸੀ। ਹਰਪ੍ਰੀਤ ਗੁਲਾਟੀ ਪਹਿਲਾਂ ਪੁਰਾਣੀਆਂ ਗੱਡੀਆਂ ਦੀ ਖ਼ਰੀਦੋ-ਫਰੋਖਤ ਦਾ ਕੰਮ ਕਰਦਾ ਸੀ, ਪ੍ਰੰਤੂ 2008\09 ’ਚ ਅਕਾਲੀ ਸਰਕਾਰ ਦੌਰਾਨ ਉਸ ਵੰਲੋਂ ਕਈ ਕੰਪਨੀਆਂ ਬਣਾਈਆਂ ਗਈਆਂ ਸਨ ਅਤੇ ਗੁਲਾਟੀ ਅਕਾਲੀ ਸਰਕਾਰ ਸਮੇਂ ਸ਼ਰਾਬ ਦੇ ਕਾਰੋਬਾਰ ’ਚ ਵੀ ਅਹਿਮ ਭੂਮੀਕਾ ਨਿਭਾਉਂਦਾ ਸੀ।
ਮਜੀਠੀਆ ਨੇ ਵੀ.ਸੀ ਰਾਹੀਂ ਭੁਗਤੀ ਪੇਸ਼ੀ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਪੇਸ਼ੀ ਸੀ। ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ਪ੍ਰਸ਼ਾਸਨ ਵੱਲੋਂ ਵੀਡੀਓ ਕਾਨਫਰੰਸਿਕ ਰਾਹੀਂ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ’ਚ ਸਰਕਾਰੀ ਧਿਰ ਵੱਲੋਂ ਪ੍ਰੀਤ ਇੰਦਰ ਪਾਲ ਸਿੰਘ ਵਿਸ਼ੇਸ਼ ਸਰਕਾਰੀ ਵਕੀਲ, ਜਦੋਂ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਐਡਵੋਕੇਟ ਐੱਚ.ਐੱਸ.ਧਨੋਆ ਪੇਸ਼ ਹੋਏ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ 2026 ਦੀ ਤਰੀਕ ਨਿਸ਼ਚਿਤ ਕੀਤੀ ਹੈ। ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ 25 ਜੂਨ 2025 ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ-1988 ਦੀ ਧਾਰਾ-13(1)(ਬੀ) ਅਤੇ 13(2) ਦੇ ਤਹਿਤ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਮੋਹਾਲੀ ਵਿਖੇ ਐੱਫ.ਆਈ.ਆਰ ਦਰਜ ਕੀਤੀ ਗਈ ਸੀ ਅਤੇ ਬਾਅਦ ’ਚ ਇਸ ਮਾਮਲੇ ’ਚ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਅਤੇ ਮਜੀਠੀਆ ਦੇ ਨਜ਼ਦੀਕੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਨਾਮਜ਼ਦ ਕਰਕੇ ਗੁਲਾਟੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਦਿਹਾਂਤ
NEXT STORY