ਬਟਾਲਾ, (ਬੇਰੀ)- ਸਥਾਨਕ ਨਿਊ ਹਰਨਾਮ ਨਗਰ ਬਕਖੇਵਾਲ 'ਚ 2 ਧਿਰਾਂ ਵਿਚ ਹੋਈ ਲੜਾਈ ਦੌਰਾਨ ਗੋਲੀ ਚੱਲਣ ਨਾਲ 4 ਲੋਕ ਜ਼ਖਮੀ ਹੋ ਗਏ।
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਗਗਨਦੀਪ ਸਿੰਘ ਪੁੱਤਰ ਤਿਲਕ ਰਾਜ ਸ਼ਰਮਾ, ਜਰਮਨਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਤੇ ਸਾਹਿਲ ਪੁੱਤਰ ਰਾਕੇਸ਼ ਕੁਮਾਰ ਵਾਸੀਆਨ ਨਿਊ ਹਰਨਾਮ ਨਗਰ ਬਕਖੇਵਾਲ ਬਟਾਲਾ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਅਸੀਂ ਤਿੰਨੋਂ ਘਰ ਦੇ ਬਾਹਰ ਗਲੀ 'ਚ ਬੈਠੇ ਹੋਏ ਸੀ ਤਾਂ ਸਾਡੇ ਗੁਆਂਢ 'ਚ ਰਹਿੰਦੇ ਨੌਜਵਾਨ ਸੰਨੀ ਪੁੱਤਰ ਮਲੂਕ ਸਿੰਘ ਨੇ ਆਪਣੇ ਸਾਥੀਆਂ ਸਮੇਤ ਆ ਕੇ ਸਾਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਅਸੀਂ ਸੰਨੀ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਸਾਡੇ 'ਤੇ ਹਮਲਾ ਕਰ ਕੇ ਸਾਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਇਸ ਦੌਰਾਨ ਸੰਨੀ ਦੇ ਪਿਤਾ ਮਲੂਕ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੋ ਕਿ ਪਹਿਲਾਂ ਸਾਡਾ ਦੋਸਤ ਹੋਇਆ ਕਰਦਾ ਸੀ, ਨੇ ਆਪਣੀ ਪਿਸਟਲ ਨਾਲ ਸਾਡੇ 'ਤੇ ਗੋਲੀਆਂ ਚਲਾ ਦਿੱਤੀਆਂ। ਅਸੀਂ ਭੱਜ ਕੇ ਆਪਣੀ ਜਾਨ ਬਚਾਈ। ਗਗਨਦੀਪ ਨੇ ਦੱਸਿਆ ਕਿ ਸਾਡਾ ਗਲੀ 'ਚੋਂ ਲੰਘਣ ਨੂੰ ਲੈ ਕੇ ਉਕਤ ਧਿਰ ਨਾਲ ਝਗੜਾ ਹੋਇਆ ਸੀ।
ਉਧਰ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਦੂਜੇ ਧਿਰ ਦੇ ਮਲੂਕ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਨਿਊ ਹਰਨਾਮ ਨਗਰ ਬਕਖੇਵਾਲ ਬਟਾਲਾ ਨੇ ਦੱਸਿਆ ਕਿ ਸਾਡਾ ਉਕਤ ਧਿਰ ਨਾਲ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਕਤ ਧਿਰ ਦੇ ਨੌਜਵਾਨ ਸਾਡੇ ਗਲੇ ਪੈ ਗਏ ਅਤੇ ਆਪਣਾ ਬਚਾਅ ਕਰਨ ਲਈ ਮੈਨੂੰ ਫਾਇਰ ਕਰਨ ਵਾਸਤੇ ਮਜਬੂਰ ਹੋਣਾ ਪਿਆ। ਮਲੂਕ ਸਿੰਘ ਨੇ ਦੱਸਿਆ ਕਿ ਉਸ ਨੇ ਕਿਸੇ 'ਤੇ ਵੀ ਸਿੱਧੀਆਂ ਗੋਲੀਆਂ ਨਹੀਂ ਚਲਾਈਆਂ। ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਕੀ ਕਹਿਣਾ ਹੈ ਚੌਕੀ ਇੰਚਾਰਜ ਸਿੰਬਲ ਦਾ :
ਥਾਣਾ ਸਿਵਲ ਲਾਈਨ ਅਧੀਨ ਆਉਂਦੀ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਐੱਸ. ਆਈ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਉਨ੍ਹਾਂ ਦੇ ਧਿਆਨ 'ਚ ਹਨ ਤੇ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਕਰ ਰਹੇ ਹਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਚਾਰ ਮਹੀਨਿਆਂ ਤੋਂ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਬੰਦ
NEXT STORY