ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਅਧੀਨ ਸਫ਼ਾਈ ਕਰਮਚਾਰੀਆਂ ਨੇ ਕੰਮ ਦੇ ਜ਼ਿਆਦਾ ਬੋਝ ਦਾ ਦੋਸ਼ ਲਾਉਂਦੇ ਹੋਏ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਸਫ਼ਾਈ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਮੰਗਤ ਰਾਮ, ਵਾਈਸ ਚੇਅਰਮੈਨ ਬਲਰਾਮ, ਪ੍ਰਧਾਨ ਰਾਹੁਲ ਆਦਿਆ ਤੇ ਉਪ ਪ੍ਰਧਾਨ ਕਰਮਜੋਤ ਆਦਿਆ ਵੱਡੀ ਗਿਣਤੀ 'ਚ ਸਫ਼ਾਈ ਕਰਮਚਾਰੀਆਂ ਨਾਲ ਸ਼ਾਮਲ ਹੋਏ। ਆਗੂਆਂ ਨੇ ਦੋਸ਼ ਲਾਇਆ ਕਿ ਨਗਰ ਪ੍ਰੀਸ਼ਦ ਤੋਂ ਨਗਰ ਨਿਗਮ ਬਣਨ ਦੇ ਬਾਵਜੂਦ ਇਥੇ ਸਫ਼ਾਈ ਸੇਵਕਾਂ ਤੇ ਸੀਵਰਮੈਨਜ਼ ਦੀ ਗਿਣਤੀ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਬਲਕਿ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ 'ਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕਰਮਚਾਰੀਆਂ ਦੀ ਗਿਣਤੀ ਵਧਣ ਸਬੰਧੀ ਹਾਊਸ 'ਚ ਪ੍ਰਸਤਾਵ ਪਾਸ ਕੀਤਾ ਜਾਵੇ। ਇਸ ਮੌਕੇ ਯੂਨੀਅਨ ਪ੍ਰਧਾਨ ਰਾਹੁਲ ਆਦਿਆ ਨੇ ਕਿਹਾ ਕਿ ਵਿਰੋਧੀ ਪੱਖ 'ਚ ਬੈਠ ਕੇ ਰਾਜਨੀਤਿਕ ਪਾਰਟੀਆਂ ਦਲਿਤਾਂ ਤੇ ਸੇਵਕਾਂ ਦੀਆਂ ਗੱਲਾਂ ਕਰਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਸੱਤਾ 'ਚ ਆਉਣ ਉਪਰੰਤ ਉਨ੍ਹਾਂ ਕੋਲ ਗੱਲ ਕਰਨ ਦਾ ਸਮਾਂ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਸਫ਼ਾਈ ਕਰਮਚਾਰੀ ਮਾਮੂਲੀ ਤਨਖਾਹ 'ਤੇ ਕੰਮ ਕਰ ਰਹੇ ਹਨ। ਰਾਜਨੀਤਿਕ ਲੋਕ ਸਾਰੀ ਸਥਿਤੀ ਜਾਣਦੇ ਹੋਏ ਵੀ ਇਨ੍ਹਾਂ ਗਰੀਬਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਮੌਕੇ ਯੂਨੀਅਨ ਦੁਆਰਾ ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਨੂੰ ਮੰਗ- ਪੱਤਰ ਵੀ ਸੌਂਪਿਆ ਗਿਆ।
ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY