ਕੋਟਕਪੂਰਾ (ਨਰਿੰਦਰ) : ਬੀਤੀ ਸ਼ਨੀਵਾਰ ਦੀ ਰਾਤ ਸ਼ਹਿਰ ਅੰਦਰ ਗੋਲੀ ਚੱਲਣ ਦੀਆਂ ਦੋ ਵੱਖ-ਵੱਖ ਘਟਨਾਵਾਂ ਦੇ ਸਬੰਧ 'ਚ ਕੋਟਕਪੂਰਾ ਪੁਲਸ ਨੇ ਇਕ ਵਿਅਕਤੀ ਨੂੰ ਘਟਨਾ ਦੌਰਾਨ ਵਰਤੇ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਨੇ ਸਥਾਨਕ ਜਲਾਲੇਆਣਾ ਰੋਡ 'ਤੇ ਇਕ ਘਰ ਅੰਦਰ ਗੋਲੀ ਮਾਰ ਕੇ ਔਰਤ ਕਿਰਨ ਬਾਲਾ ਨੂੰ ਮਾਰ ਦਿੱਤਾ ਸੀ ਅਤੇ ਪੁਰਾਣੀ ਦਾਣਾ ਮੰਡੀ ਨੇੜੇ ਬਾਰਬਰ ਦੀ ਦੁਕਾਨ 'ਚ ਗੋਲੀ ਚਲਾ ਕੇ ਦੁਕਾਨਦਾਰ ਆਸ਼ੂ ਕੁਮਾਰ ਨੂੰ ਜ਼ਖਮੀ ਕਰ ਦਿੱਤਾ ਸੀ।

ਇਸ ਮਾਮਲੇ ਦੇ ਸੰਬੰਧ 'ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੀ. ਐਸ. ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਵਿਖੇ ਨਾਨਕ ਚੰਦ ਪੁੱਤਰ ਕ੍ਰਿਸ਼ਨ ਲਾਲ ਨੇ ਬਿਆਨ ਦਿੱਤੇ ਸਨ ਕਿ 3 ਮਾਰਚ ਨੂੰ ਰਾਤ ਸਵਾ 8 ਵਜੇ ਦੇ ਕਰੀਬ ਮੁਦਈ ਦੇ ਮਾਮੇ ਦਾ ਲੜਕਾ ਰਾਕੇਸ਼ ਕੁਮਾਰ ਉਰਫ ਬਿੰਟੂ ਜਿਸ ਦੇ ਹੱਥ 'ਚ ਪਿਸਤੌਲ ਫੜਿਆ ਹੋਇਆ ਸੀ, ਉਸਦੇ ਘਰੋਂ ਨਿਕਲਿਆ ਅਤੇ ਕਹਿਣ ਲੱਗਾ ਕਿ ਮੈਂ ਤੇਰੀ ਘਰ ਵਾਲੀ ਕਿਰਨਾ ਦੇ ਆਸ਼ਿਕ ਆਸ਼ੂ ਨਾਈ ਨੂੰ ਗੋਲੀ ਮਾਰ ਦਿੱਤੀ ਹੈ ਅਤੇ ਹੁਣ ਤੇਰੀ ਘਰ ਵਾਲੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਘਰ ਅੰਦਰ ਜਾ ਕੇ ਵੇਖਿਆ ਤਾਂ ਉਸਦੀ ਘਰ ਵਾਲੀ ਕਿਰਨ ਬਾਲਾ ਗੋਲੀਆਂ ਵੱਜਣ ਕਾਰਨ ਮੰਜੇ 'ਤੇ ਲਹੂ-ਲੂਹਾਨ ਮਰੀ ਪਈ ਹੋਈ ਸੀ। ਉਸ ਦੇ ਇਕ ਗੋਲੀ ਸੱਜੇ ਕੰਨ ਅਤੇ ਇਕ ਗੋਲੀ ਖੱਬੀ ਛਾਤੀ 'ਚ ਵੱਜੀ ਸੀ। ਬਾਅਦ 'ਚ ਪਤਾ ਲੱਗਿਆ ਕਿ ਉਕਤ ਦੋਸ਼ੀ ਨੇ ਮਾਲ ਗੋਦਾਮ ਰੋਡ 'ਤੇ ਆਸ਼ੂ ਬਾਰਬਰ ਦੀ ਦੁਕਾਨ 'ਚ ਆਸ਼ੂ ਦੇ ਵੀ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਮੌਕੇ ਡੀ. ਐਸ. ਪੀ. ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ. ਫਰੀਦਕੋਟ ਡਾ. ਨਾਨਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਐਸ. ਐਚ. ਓ. ਥਾਣਾ ਸਿਟੀ ਕੇ. ਸੀ. ਪਰਾਸ਼ਰ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਕੁੱਝ ਘੰਟਿਆਂ ਬਾਅਦ ਹੀ ਏ. ਐਸ. ਆਈ. ਜਸਕਰਨ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਰਾਕੇਸ਼ ਕੁਮਾਰ ਬਿੰਟੂ ਨੂੰ ਬੀੜ ਸਿੱਖਾਂ ਵਾਲਾ ਰੋਡ ਬਾਈਪਾਸ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਉਸ ਤੋਂ ਵਾਰਦਾਤ ਦੌਰਾਨ ਵਰਤਿਆ ਪਿਸਤੌਲ 315 ਬੋਰ ਸਮੇਤ ਤਿੰਨ ਖੋਲ , ਇਕ ਜਿੰਦਾ ਰੌਂਦ 315 ਬੋਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ. ਸੀ. ਅਤੇ ਐੱਸ. ਟੀ. ਉਮੀਦਵਾਰਾਂ ਤੋਂ ਵਸੂਲੀ ਫੀਸ ਵਾਪਸ ਕਰੇਗਾ ਰੇਲਵੇ
NEXT STORY