ਰਾਮਪੁਰਾ ਫੂਲ, (ਤਰਸੇਮ) ਸਥਾਨਕ ਐੱਫ. ਸੀ. ਆਈ. ਵਰਕਰਜ਼ ਪੱਲੇਦਾਰ ਯੂਨੀਅਨ ਰੇਲਵੇ ਹੈੱਡ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਮਾਹੌਲ ਉਸ ਸਮੇਂ ਕਾਫੀ ਖਿਚਾਅ ਤੇ ਤਣਾਅਪੂਰਨ ਬਣ ਗਿਆ, ਜਦੋਂ ਦੂਜੀ ਧਿਰ ਵੱਲੋਂ ਪ੍ਰਧਾਨਗੀ ਪਦ ਲਈ ਗੁਰਮੁੱਖ ਸਿੰਘ ਗੋਰਾ ਨੂੰ ਪ੍ਰਧਾਨ ਨਾਮਜ਼ਦ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਬਜ਼ ਧਿਰ ਵੱਲੋਂ ਦਫਤਰ ਅੱਗੇ ਰੋਸ ਧਰਨਾ ਲਾ ਕੇ ਇਸ ਦਾ ਸਖਤ ਵਿਰੋਧ ਕੀਤੇ ਜਾਣ ਕਾਰਨ ਦੋਵੇਂ ਧਿਰਾਂ ਵਿਚਕਾਰ ਟਕਰਾਅ ਹੋਣ ਦੀ ਸਥਿਤੀ ਬਣ ਗਈ ਪਰ ਥਾਣਾ ਸਿਟੀ ਰਾਮਪੁਰਾ ਦੀ ਮੁਖੀ ਗੁਰਪ੍ਰੀਤ ਕੌਰ ਮਾਨ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਟਕਰਾਅ ਦੀ ਸਥਿਤੀ ਨੂੰ ਸੰਭਾਲ ਲਿਆ ਗਿਆ। ਕਾਬਜ਼ ਧਿਰ ਵੱਲੋਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਹਿਯੋਗ ਨਾਲ ਦਫਤਰ ਅੱਗੇ ਰੋਸ ਧਰਨਾ ਲਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਅਾਂ ਮੌਜੂਦਾ ਪ੍ਰਧਾਨ ਮੋਹਨ ਲਾਲ ਪਵਾਰ ਤੇ ਜ਼ਿਲਾ ਜਨਰਲ ਸਕੱਤਰ ਕੌਰ ਸਿਘ ਮਾਨਸਾ ਨੇ ਕਿਹਾ ਕਿ ਇਹ ਜਥੇਬੰਦੀ ਕਰੀਬ 1983-84 ਤੋਂ ਰੇਲ ਹੈੱਡ ’ਤੇ ਆਪਣਾ ਕੰਮ ਕਰ ਰਹੀ ਹੈ। ਇਸ ਯੂਨੀਅਨ ਨਾਲ ਇਸ ਸਮੇਂ 102 ਮੈਂਬਰ ਆਪਣੀ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਜੋ ਕਿ ਆਪਣੀ ਹੱਡ ਭੰਨਵੀਂ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ ਰਹੇ ਹਨ। ਇਨ੍ਹਾਂ ਮਜ਼ਦੂਰਾਂ ਦਾ ਏ. ਪੀ. ਐੱਫ. ਕੱਟਿਆ ਜਾਂਦਾ ਹੈ, ਜੋ ਕਿ ਸਬੰਧਤ ਵਿਭਾਗ ਵੱਲੋਂ ਇਨ੍ਹਾਂ ਮਜ਼ਦੂਰਾਂ ਦੇ ਖਾਤਿਆਂ ’ਚ ਜਮ੍ਹਾ ਕੀਤਾ ਜਾਂਦਾ ਹੈ।
ਯੂਨੀਅਨ ਦੇ ਸੰਵਿਧਾਨ ਮੁਤਾਬਕ ਹੀ ਸਰਬਸੰਮਤੀ ਨਾਲ ਪ੍ਰਧਾਨ ਤੇ ਕੈਸ਼ੀਅਰ ਵਰਕਰਾਂ ਦੀ ਹਾਜ਼ਰੀ ’ਚ ਚੁਣਿਆ ਜਾਂਦਾ ਹੈ ਪਰ ਹੁਣ ਕੁਝ ਸ਼ਹਿਰੀ ਕਾਂਗਰਸੀ ਲੀਡਰ ਜੋ ਕਿ ਆਪਣੇ ਨਿੱਜੀ ਸੁਆਰਥ ਲਈ ਰਾਜਸੀ ਦਬਾਅ ਤਹਿਤ ਯੂਨੀਅਨ ਦੇ ਦਫਤਰ ’ਤੇ ਕਬਜ਼ਾ ਕਰਨ ਤੇ ਮਜ਼ਦੂਰਾਂ ਦੀ ਲੁੱਟ-ਖਸੁੱਟ ਦੀ ਨੀਅਤ ਨਾਲ ਬਾਹਰੀ ਵਿਅਕਤੀ ਗੁਰਮੁੱਖ ਸਿੰਘ ਗੋਰਾ ਨੂੰ ਪ੍ਰਧਾਨਗੀ ਪਦ ਦੇ ਅਹੁਦੇ ਲਈ ਵਰਕਰਾਂ ’ਤੇ ਥੋਪ ਰਹੇ ਹਨ ਜੋ ਕਿ ਨਾ ਤਾਂ ਯੂਨੀਅਨ ਦਾ ਕੋਈ ਵਰਕਰ ਹੈ ਤੇ ਨਾ ਹੀ ਉਸ ਕੋਲ ਕਿਸੇ ਕਿਸਮ ਦੀ ਕੋਈ ਮੈਂਬਰਸ਼ਿਪ ਹੈ, ਜਿਸਨੂੰ ਯੂਨੀਅਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਯੂਨੀਅਨ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਹਰੀ ਵਿਅਕਤੀਆਂ ਦੇ ਮਨਸੂਬੇ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦੇਵੇਗੀ।
ਇਸ ਮੌਕੇ ਸਹਾਇਕ ਪ੍ਰਧਾਨ ਬਲਦੇਵ ਸਿੰਘ ਮਹਿਰਾਜ, ਗੁਰਮੇਲ ਸਿੰਘ, ਬਿੰਦਰ, ਬੂਟਾ ਸਿੰਘ, ਜਸਵੀਰ ਸਿੰਘ ਕਾਰਡ਼ਵਾਲਾ, ਰੂਪ ਸਿੰਘ ਗਾਂਧੀ ਨਗਰ, ਸੱਤਾ ਗਾਂਧੀ ਨਗਰ, ਮੋਹਨਾ ਸਿੰਘ, ਕੇਵਲ ਸਿੰਘ, ਬਿੱਕਰ ਸਿੰਘ , ਚਰਨਾ ਸਿੰਘ ਕਰਾਡ਼ਵਾਲਾ, ਮੇਜਰ ਸਿੰਘ ਮੰਡੀ ਕਲਾਂ, ਟਿੱਕਾ ਸਿੰਘ ਸੂਬਾ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ, ਪਰਮਜੀਤ ਸਿੰਘ ਪ੍ਰਧਾਨ ਰਾਮਪੁਰਾ ਫੂਲ, ਅਰਜਨ ਸਿੰਘ ਫੂਲ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਦਿ ਹਾਜ਼ਰ ਸਨ।
ਕੀ ਕਹਿਣੈ ਗੁਰਮੁੱਖ ਸਿੰਘ ਗੋਰਾ ਦਾ
ਇਸ ਸਬੰਧੀ ਜਦੋਂ ਦੂਜੀ ਧਿਰ ਦੇ ਆਗੂ ਗੁਰਮੱੁਖ ਸਿੰਘ ਗੋਰਾ ਨਾਲ ਸੰਪਰਕ ਕਰ ਕੇ ਉਨ੍ਹਾਂ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਨਾਲ ਸਬੰਧਤ 102 ਮੈਂਬਰਾਂ ’ਚੋਂ 40 ਮੈਂਬਰ ਉਸਦੇ ਨਾਲ ਹਨ। ਜਿਨ੍ਹਾਂ ਨਾਲ ਦਫਤਰ ’ਚ ਤੇ ਕੰਮਕਾਜ ਦੌਰਾਨ ਪੱਖਪਾਤ ਕੀਤਾ ਜਾ ਰਿਹਾ ਹੈ। ਮੌਜੂਦਾ ਪ੍ਰਧਾਨ ਵੱਲੋਂ ਠੇਕੇਦਾਰ ਦੀ ਮਿਲੀਭੁਗਤ ਨਾਲ 10-12 ਲੱਖ ਰੁਪਏ ਦਾ ਗਬਨ ਕੀਤਾ ਹੋਇਆ ਹੈ। ਉਹ ਵਰਕਰਾਂ ਨਾਲ ਹੋ ਰਹੇ ਵਿਤਕਰੇ ਤੇ ਲੁੱਟ-ਖਸੁੱਟ ਨੂੰ ਰੋਕਣ ਲਈ ਯਤਨਸ਼ੀਲ ਹਨ ਤੇ ਨਵੀਂ ਚੋਣ ਚਾਹੁੰਦੇ ਹਨ ।
ਕੀ ਕਹਿਣੈ ਥਾਣਾ ਮੁਖੀ ਦਾ
ਇਸ ਮਾਮਲੇ ਸਬੰਧੀ ਜਦੋਂ ਪੁਲਸ ਥਾਣਾ ਸਿਟੀ ਰਾਮਪੁਰਾ ਦੀ ਮੁਖੀ ਗੁਰਪ੍ਰੀਤ ਕੌਰ ਮਾਨ ਦਾ ਪੱਖ ਲਿਆ ਤਾਂ ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਦਾ ਆਪਸੀ ਮਾਮਲਾ ਹੈ ਤੇ ਉਨ੍ਹਾਂ ਨੂੰ ਮਿਲ ਬੈਠ ਕੇ ਬਿਨਾਂ ਕਿਸੇ ਵਿਵਾਦ ਦੇ ਇਸ ਮਾਮਲੇ ਦਾ ਹੱਲ ਕਰਨ ਦੀ ਹਦਾਇਤ ਦਿੱਤੀ ਗਈ ਹੈ ਤੇ ਕਿਸੇ ਵੀ ਧਿਰ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨਸ਼ੇ ਵਾਲੇ ਪਾਊਡਰ ਸਣੇ 2 ਕਾਬੂ
NEXT STORY