ਜਲੰਧਰ, (ਖੁਰਾਣਾ)— ਪਿਛਲੇ ਕੁਝ ਸਮੇਂ ਤੋਂ ਜਲੰਧਰ ਨਗਰ ਨਿਗਮ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦੇ ਚੱਕਰਵਿਊ ’ਚ ਅਜਿਹਾ ਫਸਿਆ ਹੈ ਕਿ ਉਹ ਨਾਜਾਇਜ਼ ਤੌਰ ’ਤੇ ਬਣੇ ਮੈਰਿਜ ਪੈਲੇਸਾਂ ’ਤੇ ਕਾਰਵਾਈ ਕਰਨਾ ਹੀ ਭੁੱਲ ਗਿਆ ਹੈ।
ਜ਼ਿਕਰਯੋਗ ਹੈ ਕਿ ਨਾਜਾਇਜ਼ ਪੈਲ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਚੱਲ ਰਿਹਾ ਹੈ। ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਪੰਜਾਬ ਸਰਕਾਰ ਨੇ ਪੈਲੇਸਾਂ ਨੂੰ ਰੈਗੂਲਰ ਕਰਨ ਲਈ ਕਈ ਵਾਰ ਪਾਲਿਸੀ ਬਣਾਈ ਪਰ ਪੈਲੇਸ ਮਾਲਕਾਂ ਨੇ ਪਾਲਿਸੀ ਦੀਅਾਂ ਸ਼ਰਤਾਂ ਨੂੰ ਸਖਤ ਦੱਸਦੇ ਹੋਏ ਪੈਲੇਸ ਰੈਗੂਲਰ ਕਰਵਾਉਣ ਤੋਂ ਗੁਰੇਜ਼ ਕੀਤਾ, ਜਿਸ ਕਾਰਨ ਅਦਾਲਤ ਨੇ ਸਖਤ ਨਿਰਦੇਸ਼ ਵੀ ਦਿੱਤੇ। ਅਦਾਲਤੀ ਨਿਰਦੇਸ਼ਾਂ ਨੂੰ ਦੇਖਦੇ ਹੋਏ ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਟਰੀ ਨੇ ਨਿਗਮ ਕਮਿਸ਼ਨਰ ਨੂੰ ਆਦੇਸ਼ ਦਿੱਤੇ ਹਨ ਕਿ ਨਾਜਾਇਜ਼ ਪੈਲੇਸਾਂ ’ਤੇ ਕਾਰਵਾਈ ਕਰ ਕੇ ਰਿਪੋਰਟ 30 ਜੂਨ ਤੋਂ ਪਹਿਲਾਂ ਚੰਡੀਗੜ੍ਹ ਭੇਜੀ ਜਾਏ।
ਪ੍ਰਿੰਸੀਪਲ ਸੈਕਟਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਇਕ ਮਹੀਨੇ ਦਾ ਸਮਾਂ ਉਪਰ ਹੋ ਗਿਆ ਹੈ ਪਰ ਹਾਲੇ ਤਕ ਨਾਜਾਇਜ਼ ਪੈਲੇਸਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਕਾਰਵਾਈ ਦੇ ਨਾਂ ’ਤੇ ਸਿਰਫ ਇਕ ਪੈਲੇਸ ਪੈਰਾਡਾਈÂਜ਼ ਐਕਸਪ੍ਰੈੱਸ ਦਾ ਬਿਜਲੀ ਦਾ ਕੁਨੈਕਸ਼ਨ ਹੀ ਕੱਟਿਆ ਗਿਆ, ਜਦਕਿ ਕਿਸੇ ਹੋਰ ਪੈਲੇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਇਹ ਸਮਝ ਤੋਂ ਪਰ੍ਹੇ ਹੈ ਕਿ ਸਿਰਫ ਇਕ ਪੈਲੇਸ ’ਤੇ ਕਾਰਵਾਈ ਕਰ ਕੇ ਬਾਅਦ ’ਚ ਉਸ ਨੂੰ ਰੋਕਿਆ ਕਿਉਂ ਗਿਆ।
ਕਮਿਸ਼ਨਰ ਬਸੰਤ ਗਰਗ ਨੇ ਕੀਤੇ ਸਨ ਵੱਡੇ-ਵੱਡੇ ਦਾਅਵੇ
ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਤੇ ਆਈ. ਏ. ਐੱਸ. ਅਧਿਕਾਰੀ ਡਾ. ਬਸੰਤ ਗਰਗ ਨੇ ਆਪਣੇ ਕਾਰਜਕਾਲ ਦੌਰਾਨ ਪ੍ਰਿੰਸੀਪਲ ਸੈਕਟਰੀ ਦੇ ਆਦੇਸ਼ ਆਉਣ ਤੋਂ ਬਾਅਦ ਨਾਜਾਇਜ਼ ਪੈਲੇਸਾਂ ’ਤੇ ਕਾਰਵਾਈ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਸ਼੍ਰੀ ਗਰਗ ਆਪਣਾ ਇਕ ਵੀ ਦਾਅਵਾ ਪੂਰਾ ਨਹੀਂ ਕਰ ਸਕੇ। ਉਦੋਂ ਡਾ. ਬਸੰਤ ਗਰਗ ਨੇ ਲਿਖਤੀ ਨਿਰਦੇਸ਼ ਜਾਰੀ ਕੀਤੇ ਸਨ ਕਿ ਨਾਜਾਇਜ਼ ਮੈਰਿਜ ਪੈਲੇਸ ਦੇ ਵਾਟਰ, ਸੀਵਰ ਕੁਨੈਕਸ਼ਨ ਕੱਟ ਦਿੱਤੇ ਜਾਣ ਅਤੇ ਨਾਲ ਹੀ ਸਾਰੇ ਪਾਵਰਕਾਮ ਨੂੰ ਵੀ ਲਿਖਿਆ ਗਿਆ ਕਿ ਉਹ ਨਾਜਾਇਜ਼ ਮੈਰਿਜ ਪੈਲੇਸਾਂ ਦੇ ਬਿਜਲੀ ਕੁਨੈਕਸ਼ਨ ਕੱਟੇ।
ਡਾ. ਗਰਗ ਨੇ ਬਿਜਲੀ ਕਨੈਕਸ਼ਨ ਤਾਂ ਕੀ ਕਟਵਾਉਣੇ ਸਨ, ਉਹ ਆਪਣੇ ਨਿਗਮ ਦੇ ਅਧਿਕਾਰੀਆਂ ਤੋਂ ਪੈਲੇਸਾਂ ਦੇ ਵਾਟਰ ਸੀਵਰ ਕੁਨੈਕਸ਼ਨ ਵੀ ਨਹੀਂ ਕਟਵਾ ਸਕੇ। ਹੁਣ ਆਰ. ਟੀ. ਆਈ. ਵਰਕਰ ਰਵਿੰਦਰ ਪਾਲ ਚੱਢਾ ਨੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਦੀਪਰਵ ਲਾਕੜਾ ਨੂੰ ਪੱਤਰ ਲਿਖ ਕੇ ਨਾਜਾਇਜ਼ ਮੈਰਿਜ ਪੈਲੇਸਾਂ ’ਤੇ ਕਾਰਵਾਈ ਕਰਨ, ਉਨ੍ਹਾਂ ਨੂੰ ਸੀਲ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਬਿਲਡਿੰਗ ਤੇ ਓ. ਐਂਡ ਐੱਮ. ਵਿਭਾਗ ਦੇ ਅਧਿਕਾਰੀਆਂ ਨੇ ਇਸ ਕੰਮ ’ਚ ਲਾਪ੍ਰਵਾਹੀ ਵਰਤੀ ਤਾਂ ਉਨ੍ਹਾਂ ’ਤੇ ਸਖਤ ਐਕਸ਼ਨ ਲਿਆ ਜਾਵੇਗਾ।
ਮੁੱਖ ਮੰਤਰੀ ਅਮਰਿੰਦਰ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਲਿਆਉਣ 'ਚ ਬਾਲੀਵੁੱਡ ਕਲਾਕਾਰਾਂ ਦਾ ਸਹਿਯੋਗ ਮੰਗਿਆ
NEXT STORY