ਸ਼ੇਰਪੁਰ, (ਸਿੰਗਲਾ, ਅਨੀਸ਼)- 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਕਰਵਾਉਣ ਤੇ ਡਾਕਟਰਾਂ ਦੇ ਮਸਲੇ ਨੂੰ ਲੈ ਕੇ ਸੰਘਰਸ਼ ਕਰਦੇ ਲੋਕਾਂ ਦਾ ਧਰਨਾ ਅੱਜ ਨੌਵੇਂ ਦਿਨ ਵਿਚ ਸ਼ਾਮਲ ਹੋ ਗਿਆ ਤੇ ਉਨ੍ਹਾਂ ਦੋਸ਼ ਲਾਇਆ ਕਿ ਜ਼ਿਲਾ ਪ੍ਰਸ਼ਾਸਨ ਧਰਨਾਕਾਰੀ ਲੋਕਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ, ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਦਾ ਪੁਤਲਾ ਫੂਕਣਾ ਪਿਆ। ਲੋਕ ਮੰਚ ਪੰਜਾਬ ਤੇ ਹਸਪਤਾਲ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦੇ ਮੇਨ ਗੇਟ ਅੱਗੇ ਜ਼ਿਲਾ ਅਧਿਕਾਰੀਆਂ ਦਾ ਪੁਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਲਦੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਵੱਡੇ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਕਾਮਰੇਡ ਸੁਖਦੇਵ ਸਿੰਘ ਬਡ਼ੀ ਅਤੇ ਮਾ. ਹਰਬੰਸ ਸਿੰਘ ਸ਼ੇਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਦੋ ਡਾਕਟਰਾਂ ਦੇ ਆਰਡਰ ਲਿਸਟ ਵਿਚ ਕੀਤੇ ਹਨ, ੳੁਨ੍ਹਾਂ ’ਚੋਂ ਇੱਕ ਡਾਕਟਰ ਤਾਂ ਪਹਿਲਾਂ ਤੋਂ ਹੀ ਸ਼ੇਰਪੁਰ ਵਿਖੇ ਓ. ਪੀ. ਡੀ. ਚਲਾਉਣ ਲਈ ਆ ਰਿਹਾ ਹੈ ਪਰ ਡਾਕਟਰਾਂ ਦੀ ਨਿਯੁਕਤੀ ਕਰਨ ਦੇ ਮਸਲੇ ’ਤੇ ਸਰਕਾਰ ਨੇ ਕਿਹਡ਼ੀ ਪ੍ਰਾਪਤੀ ਕੀਤੀ ਹੈ, ਇਹ ਗੱਲ ਸਮਝ ਨਹੀਂ ਆ ਰਹੀ। ਆਗੂਆਂ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਇਹ ਨਿਯੁਕਤੀਆਂ ਮਸਲੇ ਦਾ ਹੱਲ ਨਹੀਂ। ਲੋਕਾਂ ਨੂੰ ਡਾਕਟਰ ਸਮੇਤ ਸਾਰਾ ਸਾਮਾਨ ਚਾਹੀਦਾ ਹੈ, ਫੋਕੀਆਂ ਗੱਲਾਂ ਨਾਲ ਧਰਨਾਕਾਰੀਆਂ ਤੇ ਇਲਾਕੇ ਦੇ ਲੋਕ ਮੰਨਣ ਵਾਲੇ ਨਹੀਂ।
ਇਸ ਮੌਕੇ ਗੁਰਜੀਤ ਸਿੰਘ ਚਾਂਗਲੀ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ, ਕਾਮਰੇਡ ਸੁਰਜੀਤ ਸਿੰਘ ਗੁੰਮਟੀ, ਕਲੱਬ ਪ੍ਰਧਾਨ ਇੰਦਰਜੀਤ ਸਿੰਘ ਬਡ਼ੀ, ਕਾਮਰੇਡ ਹਰਜੀਤ ਸਿੰਘ ਬਧੇਸ਼ਾ, ਸਾਬਕਾ ਸਰਪੰਚ ਗੁਰਚਰਨ ਸਿੰਘ ਗੋਬਿੰਦਪੁਰਾ, ਰਾਮ ਨਾਥ ਰਿਸ਼ੀ ਭਗਵਾਨਪੁਰਾ, ਨੌਜਵਾਨ ਆਗੂ ਕੁਲਵਿੰਦਰ ਕੁਮਾਰ ਕਾਲਾ ਵਰਮਾ, ਮਾ. ਗੁਰਦੇਵ ਸਿੰਘ ਕਾਤਰੋਂ, ਕਾਮਰੇਡ ਜੰਗ ਸਿੰਘ ਚਾਂਗਲੀ, ਸ਼ਿਵਦੇਵ ਸਿੰਘ ਰਾਮ ਨਗਰ ਛੰਨਾ, ਬਹਾਦਰ ਸਿੰਘ ਢੰਡਾ ਸ਼ੇਰਪੁਰ, ਜਗਦੇਵ ਸਿੰਘ ਬਧੇਸ਼ਾ, ਐਡਵੋਕੇਟ ਹਰਪ੍ਰੀਤ ਸਿੰਘ ਖੀਪਲ, ਗੁਰਜੀਤ ਸਿੰਘ ਮਾਹਮਦਪੁਰ, ਜਸਵਿੰਦਰ ਸਿੰਘ ਸ਼ੇਰਪੁਰ, ਮਾ. ਹਰਨੇਕ ਸਿੰਘ ਸਾਬਕਾ ਸੰਮਤੀ ਮੈਂਬਰ, ਪ੍ਰਗਟਪ੍ਰੀਤ ਸ਼ੇਰਪੁਰ, ਜਸਵੰਤ ਸਿੰਘ ਬਡ਼ੀ, ਕਾਮਰੇਡ ਤੇਜਾ ਸਿੰਘ ਕਾਲਾਬੂਲਾ, ਸਾਬਕਾ ਸਰਪੰਚ ਸੂਰਜ ਭਾਨ ਮਾਹਮਦਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ।
ਕਿਨ੍ਹਾਂ ਨੇ ਦਿੱਤਾ ਸਮਰਥਨ : ਕੈਮਿਸਟ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਸੱਤਪਾਲ ਸ਼ਰਮਾ, ਹਰਿੰਦਰ ਗੋਇਲ, ਨਰਿੰਦਰ ਸਿੰਘ ਅੱਤਰੀ, ਜਸਪਾਲ ਸਿੰਘ ਧਾਮੀ, ਡਾ. ਗੁਰਿੰਦਰਪਾਲ ਗੋਇਲ, ਡਾ. ਸਮਸ਼ੇਰ ਸਿੰਘ ਬੱਧਣ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਸੀ. ਪੀ. ਆਈ. ਐੱਮ. (ਲਿਬਰੇਸ਼ਨ) ਦੇ ਜ਼ਿਲਾ ਸੈਕਟਰੀ ਕਾਮਰੇਡ ਊਧਮ ਸਿੰਘ ਨੇ ਧਰਨਾਕਾਰੀਆਂ ਦਾ ਸਮਰਥਨ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਹਰ ਐਕਸ਼ਨ ਵਿਚ ਸ਼ਾਮਲ ਹੋਣਗੇ।
ਕੀ ਕਹਿੰਦੇ ਹਨ ਐੱਸ. ਐੱਮ. ਓ. : ਡਾਕਟਰਾਂ ਵੱਲੋਂ ਸ਼ੇਰਪੁਰ ਡਿਊਟੀ ਸੰਭਾਲਣ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਧੂਰੀ ਡਾ. ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆਂ ਕਿ ਅੱਜ ਸ਼ੇਰਪੁਰ ਵਿਖੇ ਕਮਿਊਨਿਟੀ ਹੈਲਥ ਸੈਂਟਰ ਵਿਚ ਦੋਵੇਂ ਮੈਡੀਕਲ ਅਫਸਰਾਂ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਜਦੋਂ ਉਨ੍ਹਾਂ ਤੋਂ ਇਕ ਡਾਕਟਰ ਬਾਰੇ ਅੱਗੇ ਡਿਊਟੀ ਨਾ ਕਰਨ ਸਬੰਧੀ ਚੱਲਦੀ ਚਰਚਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਪਾਸ ਕੋਈ ਲਿਖਤੀ ਜਾਣਕਾਰੀ ਨਹੀਂ, ਜਿਸ ਕਰ ਕੇ ਅਜੇ ਉਹ ਇਸ ਬਾਰੇ ਕੁਝ ਦੱਸ ਨਹੀਂ ਸਕਦੇ।
ਕੀ ਕਹਿੰਦੇ ਹਨ ਸਿਵਲ ਸਰਜਨ : ਜਦੋਂ ਸਿਵਲ ਸਰਜਨ ਸੰਗਰੂਰ ਨਾਲ ਇਕ ਡਾਕਟਰ ਵੱਲੋਂ ਅੱਗੇ ਡਿਊਟੀ ਨਾ ਕਰਨ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਸੁਣਿਆ ਤਾਂ ਹੈ ਪਰ ਅਜੇ ਤੱਕ ਕੋਈ ਲਿਖਤੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਹੁੰਦੀ ਹੈ ਤਾਂ ਉਹ ਮੁਡ਼ ਸਰਕਾਰ ਨੂੰ ਇੱਥੇ ਹੋਰ ਡਾਕਟਰ ਭੇਜਣ ਸਬੰਧੀ ਲਿਖਤੀ ਜਾਣਕਾਰੀ ਭੇਜ ਦੇਣਗੇ। ਉਹ ਖੁਦ ਵੀ ਕੋਸ਼ਿਸ਼ ਕਰ ਰਹੇ ਹਨ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜਲਦੀ ਹੋਰ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਧਰਨਾਕਾਰੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਉਹ ਇਸ ਮਸਲੇ ਦਾ ਹੱਲ ਕਰਨ ਲਈ ਲੱਗੇ ਹੋਏ ਹਨ।
21 ਨੂੰ ਹੋਵੇਗਾ ਚੱਕਾ ਜਾਮ : ਮੰਚ ਦੇ ਕਨਵੀਨਰ ਕਾਮਰੇਡ ਸੁਖਦੇਵ ਸਿੰਘ ਬਡ਼ੀ ਅਤੇ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਮਾ. ਹਰਬੰਸ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਦੋ ਦਿਨ ਸਰਕਾਰੀ ਛੁੱਟੀਆਂ ਹੋਣ ਕਰ ਕੇ ਸ਼ੇਰਪੁਰ ਵਿਖੇ ਲੱਗਣ ਵਾਲਾ ਧਰਨਾ ਬੰਦ ਰਹੇਗਾ ਪਰ ਹਸਪਤਾਲ ਐਕਸ਼ਨ ਕਮੇਟੀ ਤੇ ਲੋਕ ਮੰਚ ਪੰਜਾਬ ਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ 21 ਅਗਸਤ ਦੇ ਚੱਕਾ ਜਾਮ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦੇਣਗੀਆਂ। ਇਸ ਦਿਨ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਕਾਤਰੋਂ ਚੌਕ ਸ਼ੇਰਪੁਰ ਵਿਖੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਸ਼ੇਰਪੁਰ ਦੇ ਬਾਜ਼ਾਰ ਬੰਦ ਰੱਖੇ ਜਾਣਗੇ।
ਡਾਕਟਰਾਂ ਦੀ ਬਦਲੀ ਨੂੰ ਲੈ ਕੇ ਕਾਂਗਰਸੀ ਹੋਏ ਆਹਮੋ-ਸਾਹਮਣੇ- ਸ਼ੇਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਜੋ ਦੋ ਡਾਕਟਰਾਂ ਦੀਆਂ ਨਿਯੁਕਤੀਆਂ ਹੋਈਆਂ ਹਨ, ਉਸ ਮਾਮਲੇ ’ਤੇ ਕਾਂਗਰਸ ਪਾਰਟੀ ਦੇ ਆਗੂ ਆਹਮੋ-ਸਾਹਮਣੇ ਹੋ ਗਏ ਹਨ, ਜਦਕਿ ਕਾਂਗਰਸ ਦੇ ਡਾ. ਕੇਸਰ ਸਿੰਘ ਦੀਪ ਤੇ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਦੱਸਿਆ ਸੀ ਕਿ ਇਹ ਡਾਕਟਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਆਏ ਹਨ ਪਰ ਬੀਤੇ ਕੱਲ ਕਾਂਗਰਸ ਪਾਰਟੀ ਜ਼ਿਲਾ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਡ਼ ਨੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ 12 ਅਗਸਤ ਨੂੰ ਉਨ੍ਹਾਂ ਨੇ ਇਹ ਮਾਮਲਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਉਨ੍ਹਾਂ ਨੇ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨਾਲ ਤੁਰੰਤ ਗੱਲਬਾਤ ਕਰਦੇ ਹੋਏ ਇੱਥੇ ਡਾਕਟਰ ਭੇਜੇ ਹਨ। ਡਾ. ਦੀਪ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਡਾਕਟਰ ਕੌਣ ਲੈ ਕੇ ਆਇਆ ਹੈ, ਉਨ੍ਹਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋਡ਼ ਨਹੀਂ।
ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY