ਚੰਡੀਗੜ੍ਹ, (ਸੁਸ਼ੀਲ)- ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਟੀ. ਕੇ. ਇੰਡੀਆ ਫੈਕਟਰੀ 'ਚ ਲੋਹੇ ਦੇ ਖੰਭੇ ਤੋਂ ਮਜ਼ਦੂਰ ਨੂੰ ਕਰੰਟ ਲਗ ਗਿਆ, ਜਿਸ ਨੂੰ ਜੀ. ਐੱਮ. ਸੀ. ਐੱਚ. 32 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਯੂ. ਪੀ. ਵਾਸੀ ਸੋਹਰ ਲਾਲ ਦੇ ਰੂਪ 'ਚ ਹੋਈ। ਮ੍ਰਿਤਕ ਦੇ ਭਰਾ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਸ ਨੇ ਮਾਲਕ ਹਰਅੰਮ੍ਰਿਤਪਾਲ, ਟੀ. ਕੇ. ਇੰਡੀਆ ਫੈਕਟਰੀ ਮਾਲਕ ਮੁਲਤਾਨੀ ਅਤੇ ਸੁਪਰਵਾਈਜ਼ਰ ਗੁਰਦੇਵ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ।
ਯੂ. ਪੀ. ਸਥਿਤ ਸੋਨਭਦਰ ਵਾਸੀ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਸੋਹਰ ਲਾਲ ਸੈਣੀ ਕੰਕਰੀਟ ਸਿਸਟਮ ਦੇ ਮਾਲਕ ਹਰਅੰਮ੍ਰਿਤਪਾਲ ਕੋਲ ਨੌਕਰੀ ਕਰਦੇ ਹਨ। 9 ਅਗਸਤ ਨੂੰ ਮਾਲਕ ਹਰਅਮ੍ਰਿਤਪਾਲ ਨੇ ਸਾਰੇ ਮਜ਼ਦੂਰਾਂ ਨੂੰ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਟੀ. ਕੇ. ਇੰਡੀਆ ਕੰਪਨੀ 'ਚ ਕੰਮ ਕਰਨ ਲਈ ਭੇਜ ਦਿੱਤਾ। ਜਦੋਂ ਉਹ ਪਹਿਲੀ ਮੰਜ਼ਿਲ 'ਤੇ ਗਏ ਤਾਂ ਉਥੇ ਬਿਜਲੀ ਦੇ ਮੀਟਰ ਨਾਲ ਲੱਗੇ ਪੋਲ ਤੋਂ ਹਲਕਾ ਕਰੰਟ ਆ ਰਿਹਾ ਸੀ, ਉਨ੍ਹਾਂ ਕਰੰਟ ਦੀ ਜਾਣਕਾਰੀ ਮਾਲਕ ਨੂੰ ਦਿੱਤੀ। ਮਾਲਕ ਹਰਅੰਮ੍ਰਿਤਪਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਕਰੰਟ ਠੀਕ ਕਰਵਾਉਣ ਲਈ ਉਨ੍ਹਾਂ ਟੀ. ਕੇ. ਇੰਡੀਆ ਫੈਕਟਰੀ ਮਾਲਕ ਮੁਲਤਾਨੀ ਅਤੇ ਸੁਪਰਵਾਈਜ਼ਰ ਗੁਰਦੇਵ ਨੂੰ ਕਹਿ ਦਿੱਤਾ ਸੀ। ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਰਾਤ ਨੂੰ ਫੈਕਟਰੀ 'ਚ ਹੀ ਸੌਂ ਗਏ। ਅਗਲੇ ਦਿਨ ਸਵੇਰੇ ਉੱਠ ਕੇ ਉਸਦਾ ਭਰਾ ਫੈਕਟਰੀ ਦਾ ਗੇਟ ਖੋਲ੍ਹਣ ਲੱਗਾ ਤਾਂ ਉਸਦਾ ਹੱਥ ਪੋਲ ਨਾਲ ਲਗ ਗਿਆ, ਜਿਸ ਕਾਰਨ ਕਰੰਟ ਲਗਦੇ ਹੀ ਉਹ ਜ਼ਮੀਨ 'ਤੇ ਡਿਗ ਪਿਆ। ਉਹ ਭਰਾ ਨੂੰ ਆਟੋ 'ਚ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਵ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਮਗਰੋਂ ਮਾਲਕ ਹਰਅੰਮ੍ਰਿਤਪਾਲ, ਟੀਕੇ ਇੰਡੀਆ ਫੈਕਟਰੀ ਮਾਲਕ ਮੁਲਤਾਨੀ ਅਤੇ ਸੁਪਰਵਾਈਜ਼ਰ ਗੁਰਦੇਵ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਫਗਵਾੜਾ 'ਚ ਫਿਰ 2 ਔਰਤਾਂ ਦੇ ਰਹੱਸਮਈ ਢੰਗ ਨਾਲ ਕੱਟੇ ਵਾਲ
NEXT STORY