ਪਟਿਆਲਾ/ਰੱਖੜਾ (ਜ. ਬ., ਰਾਣਾ) - ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸੱਤਾ ਦੀ ਦੁਰਵਰਤੋਂ ਕਰ ਕੇ ਪੰਜਾਬ ਨੂੰ ਲੁੱਟਣ ਅਤੇ ਗੁਰੂ ਕੀ ਗੋਲਕ ਦਾ ਪੈਸਾ ਨਿੱਜੀ ਹਿਤਾਂ ਲਈ ਵਰਤਣ ਲਈ ਕੀਤੇ ਗਏ ਖੁਲਾਸੇ ਨੇ ਪੰਜਾਬ ਦੀ ਰਾਜਨੀਤੀ ਵਿਚ ਭੂਚਾਲ ਲਿਆ ਦਿੱਤਾ ਹੈ। ਇਸ ਮੁੱਦੇ 'ਤੇ ਬੋਲਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੇ ਗਏ ਖੁਲਾਸੇ ਬੇਹੱਦ ਗੰਭੀਰ ਹਨ। ਸ੍ਰੀ ਅਕਾਲ ਤਖਤ ਸਾਹਿਬ ਅਤੇ ਐੱਸ. ਜੀ. ਪੀ. ਸੀ. ਨੂੰ ਮਨਪ੍ਰੀਤ ਬਾਦਲ ਦੇ ਖੁਲਾਸੇ ਤੋਂ ਬਾਅਦ ਬਾਦਲ ਪਰਿਵਾਰ ਪ੍ਰਤੀ ਕਾਰਵਾਈ ਕਰਨੀ ਚਾਹੀਦੀ ਹੈ। ਇਥੇ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਅਤੇ ਹਜ਼ਾਰਾਂ ਕਰੋੜ ਦੇ ਮਾਲਕ ਬਾਦਲ ਪਰਿਵਾਰ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੇ ਭੋਗ ਲਈ ਸ਼੍ਰੋਮਣੀ ਕਮੇਟੀ ਦਾ ਲੰਗਰ ਇਸਤੇਮਾਲ ਕੀਤਾ ਗਿਆ। ਇਸ ਤੋਂ ਇਲਾਵਾ ਜਿਸ ਤਰ੍ਹਾਂ ਨਾਲ ਆਪਣੇ ਨਿੱਜੀ ਇਲਾਜ ਲਈ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ, ਇਹ ਵੀ ਮੰਦਭਾਗੀ ਗੱਲ ਹੈ।
ਧਰਮਸੌਤ ਨੇ ਕਿਹਾ ਕਿ ਲੋਕ ਸਰਕਾਰ ਦੀ ਚੋਣ ਸਮੁੱਚੇ ਪੰਜਾਬੀਆਂ ਅਤੇ ਖਾਸ ਕਰ ਕੇ ਗਰੀਬ ਤੇ ਦੱਬੇ-ਕੁਚਲੇ ਲੋਕਾਂ ਦੇ ਕਲਿਆਣ ਲਈ ਕਰਦੇ ਹਨ। ਬਾਦਲ ਪਰਿਵਾਰ ਨੇ ਹਮੇਸ਼ਾ ਹੀ ਪੰਜਾਬ ਦੀ ਗੱਦੀ ਸੰਭਾਲਣ ਤੋਂ ਬਾਅਦ ਸਿਰਫ ਆਪਣੇ ਅਤੇ ਮਜੀਠੀਆ ਪਰਿਵਾਰ ਦਾ ਵਿਕਾਸ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਮਨਪ੍ਰੀਤ ਬਾਦਲ ਦੇ ਖੁਲਾਸਿਆਂ ਤੋਂ ਬਾਅਦ ਆਪਣੀ ਆਮਦਨੀ ਦੇ ਵੇਰਵੇ ਜਨਤਕ ਕਰਨੇ ਚਾਹੀਦੇ ਹਨ। ਸਿਆਸਤ ਵਿਚ ਆਉਣ ਤੋਂ ਪਹਿਲਾਂ ਬਾਦਲ ਪਰਿਵਾਰ ਕੋਲ ਕਿੰਨੀ ਜਾਇਦਾਦ ਸੀ? ਅੱਜ ਦੇਸ਼-ਵਿਦੇਸ਼ ਵਿਚ ਕਿੰਨੇ ਹੋਟਲ, ਟਰਾਂਸਪੋਰਟ, ਕਮਰਸ਼ੀਅਲ ਪ੍ਰਾਪਰਟੀ ਅਤੇ ਵੱਡੀਆਂ ਕੰਪਨੀਆਂ ਵਿਚ ਕਿੰਨੀ ਹਿੱਸੇਦਾਰੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਹੈ? ਇਸ ਬਾਰੇ ਸਮੁੱਚੇ ਵੇਰਵੇ ਜਨਤਕ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਆ ਸਕੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਪ੍ਰਤੀ ਜੋ ਖੁਲਾਸਾ ਹੋਇਆ ਹੈ, ਉਹ ਬਾਦਲ ਪਰਿਵਾਰ ਦੇ ਹੀ ਇਕ ਮੈਂਬਰ ਨੇ ਕੀਤਾ ਹੈ, ਜਿਸ ਵਿਚ ਸਚਾਈ ਦਿਸਦੀ ਹੈ। ਐੱਸ. ਜੀ. ਪੀ. ਸੀ. ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਬਾਦਲ ਪਰਿਵਾਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਮਹੰਤ ਹਰਵਿੰਦਰ ਖਨੌੜਾ ਜਨਰਲ ਸਕੱਤਰ ਪੰਜਾਬ, ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਮੋਹਨੀ ਜੱਸੋਵਾਲ, ਗੁਰਪ੍ਰੀਤ ਸਿੰਘ ਸੰਨੀ ਢੀਂਗੀ ਨਾਭਾ, ਨੇਤਰ ਸਿੰਘ ਕੁੰਡਰ, ਜੱਗੀ ਚਾਸਵਾਲ ਅਤੇ ਦਰਸ਼ਨ ਮਾਂਗੇਵਾਲ ਆਦਿ ਵੀ ਹਾਜ਼ਰ ਸਨ।
ਕਿਸਾਨਾਂ 'ਤੇ ਆਲੂਆਂ ਪਿੱਛੋਂ ਹੁਣ ਪਈ ਟਮਾਟਰਾਂ ਦੀ ਮਾਰ!
NEXT STORY