ਤਰਨਤਾਰਨ, (ਰਮਨ, ਰਾਜੂ)- ਜ਼ਿਲੇ ਦੇ ਇਕ ਵਿਅਕਤੀ ਨੂੰ ਸਵਾਈਨ ਫਲੂ ਦਾ ਸ਼ਿਕਾਰ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕੱਸ ਕੇ ਸਬੰਧਿਤ ਮਰੀਜ਼ ਦੇ ਆਸ-ਪਾਸ ਦੇ ਇਲਾਕਿਆਂ ਵਿਚ ਜਾਗਰੂਕਤਾ ਕੈਂਪ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਪਿੰਡ ਬਾਠ ਦਾ ਵਸਨੀਕ ਹਰਜਿੰਦਰ ਸਿੰਘ ਜੋ ਬੀਤੇ ਦਿਨੀਂ ਕਿਸੇ ਧਾਰਮਿਕ ਸਥਾਨ 'ਤੇ ਗਿਆ ਹੋਇਆ ਸੀ, ਨੂੰ ਪਿਛਲੇ ਕਰੀਬ 10 ਦਿਨ ਪਹਿਲਾਂ ਜ਼ੁਕਾਮ, ਬੁਖਾਰ ਆਦਿ ਦੀ ਸ਼ਿਕਾਇਤ ਹੋਣੀ ਸ਼ੁਰੂ ਹੋਈ। ਇਸ ਤੋਂ ਬਾਅਦ ਉਸ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਐਮਰਜੈਂਸੀ ਦੌਰਾਨ ਬੁੱਧਵਾਰ ਰਾਤ ਨੂੰ ਦਾਖਲ ਕਰਵਾਇਆ ਗਿਆ, ਜਿੱਥੇ ਈ. ਐੱਨ. ਟੀ. ਮਾਹਿਰ ਡਾਕਟਰਾਂ ਨੂੰ ਸਵਾਈਨ ਫਲ਼ੂ ਦੇ ਲੱਛਣ ਸਾਹਮਣੇ ਆਉਣ 'ਤੇ ਉਨ੍ਹਾਂ ਨੇ ਸਿਵਲ ਸਰਜਨ ਨਾਲ ਸੰਪਰਕ ਕੀਤਾ। ਇਸ ਦੌਰਾਨ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਵੱਲੋਂ ਜ਼ਿਲਾ ਐਪੀਡੋਮੋਲੋਜਿਸਟ ਅਫਸਰ ਡਾ. ਆਭਾ ਸ਼ਰਮਾ ਦੀ ਅਗਵਾਈ ਵਿਚ ਬਣਾਈ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ।
ਟੀਮ ਵੱਲੋਂ ਮਰੀਜ਼ ਦਾ ਵੀ. ਟੀ. ਐੱਮ. (ਵਾਇਰਸ ਟਰਾਂਸਫਰ ਮੀਡੀਅਮ) ਕਿੱਟ ਰਾਹੀ ਸੈਂਪਲ ਚੰਡੀਗੜ੍ਹ ਪੀ. ਜੀ. ਆਈ. ਦੇ ਵਾਈਰੋਲੋਜੀ ਵਿਭਾਗ ਵਿਖੇ ਵੀਰਵਾਰ ਨੂੰ ਤੁਰੰਤ ਭੇਜਿਆ ਗਿਆ, ਜਿਸ ਦੀ ਰਿਪੋਰਟ ਸ਼ੁੱਕਰਵਾਰ ਆਉਣ 'ਤੇ ਪਤਾ ਲੱਗਾ ਕਿ ਹਰਜਿੰਦਰ ਸਿੰਘ ਨੂੰ ਸਵਾਈਨ ਫਲ਼ੂ ਪਾਜ਼ੀਟਿਵ ਆਇਆ ਹੈ। ਇਸ ਬੀਮਾਰੀ ਦੇ ਸ਼ਿਕਾਰ ਹੋਏ ਇਸ ਮਰੀਜ਼ ਨੂੰ ਸਾਹ ਦੀ ਜ਼ਿਆਦਾ ਮੁਸ਼ਕਿਲ ਆਉਣ 'ਤੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਟੋਲ ਪਲਾਜ਼ਾ 'ਤੇ ਹੁਣ ਵਾਹਨ ਚਾਲਕਾਂ ਨੂੰ ਲਾਈਨ 'ਚ ਨਹੀਂ ਰੁਕਣਾ ਪਵੇਗਾ
NEXT STORY