ਜਲੰਧਰ, (ਜਸਪ੍ਰੀਤ ਸਿੰਘ)- ਸ਼ਹਿਰ ਦੇ ਵਿਚੋ-ਵਿਚ ਕਰੋੜਾਂ ਦੀ ਲਾਗਤ ਨਾਲ ਬਣਿਆ ਕੰਪਨੀ ਬਾਗ, ਜਿਥੇ ਬਜ਼ੁਰਗ, ਔਰਤਾਂ ਆਪਣੇ ਬੱਚਿਆਂ ਨਾਲ ਸੈਰ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਨੂੰ ਹੁਣ ਜੁਆਰੀਆਂ ਵੱਲੋਂ ਕੱਢੀਆਂ ਜਾਂਦੀਆਂ ਗੰਦੀਆਂ ਗਾਲ੍ਹਾਂ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਕਿਉਂਕਿ ਹੁਣ ਕੰਪਨੀ ਬਾਗ ਵਿਚ ਜੁਆਰੀਆਂ ਦਾ ਕਬਜ਼ਾ ਹੋ ਚੁੱਕਾ ਹੈ। ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਜੁਆਰੀਆਂ ਦਾ ਇਕ ਗਰੁੱਪ ਉਥੇ ਬੈਠਾ ਜੂਆ ਖੇਡਣ ਲੱਗਾ ਰਹਿੰਦਾ ਹੈ ਅਤੇ ਜ਼ੋਰ-ਜ਼ੋਰ ਨਾਲ ਹਸੱਣ ਵੀ ਲੱਗਦੇ ਹਨ। ਕੰਪਨੀ ਬਾਗ ਵਿਚ ਸੈਰ ਕਰਨ ਆਉਣ ਵਾਲੀਆਂ ਲੜਕੀਆਂ ਤੇ ਔਰਤਾਂ ਨੂੰ ਇਨ੍ਹਾਂ ਜੁਆਰੀਆਂ ਤੋਂ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਵੀ ਇਸ ਗੱਲ ਦਾ ਪੂਰਾ ਪਤਾ ਹੈ। ਅੱਜ ਤਾਂ ਹੱਦ ਹੋ ਗਈ ਜਦੋਂ ਇਕ ਪੁਲਸ ਮੁਲਾਜ਼ਮ ਵਾਇਰਲੈਸ ਸੈੱਟ ਫੜ ਕੇ ਆਇਆ, ਉਹ ਉਨ੍ਹਾਂ ਨੂੰ ਰੋਕਣ ਦੀ ਬਜਾਏ ਜੁਆਰੀਆਂ ਤੋਂ ਆਪਣਾ ਹਿੱਸਾ ਲੈ ਕੇ ਚਲਦਾ ਬਣਿਆ। ਜੂਆ ਖੇਡਣ ਵਾਲਿਆਂ ਵਿਚ ਨਿਗਮ ਮੁਲਾਜ਼ਮ ਵੀ ਸ਼ਾਮਲ ਹੁੰਦੇ ਹਨ। 15 ਤੋਂ 20 ਆਦਮੀਆਂ ਦੇ ਇਸ ਗਰੁੱਪ ਵਿਚ ਸ਼ਰੇਆਮ ਜੂਆ ਖੇਡਿਆ ਜਾਂਦਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਆਲੇ-ਦੁਆਲੇ ਤੋਂ ਗੁਜ਼ਰਨ ਵਾਲੇ ਲੋਕਾਂ ਦੀ ਵੀ ਕੋਈ ਪ੍ਰਵਾਹ ਨਹੀਂ ਹੁੰਦੀ। ਇਹ ਲੋਕ ਆਰਾਮ ਨਾਲ ਜੂਏ ਦੇ ਦਾਅ ਲਾਉਂਦੇ ਰਹਿੰਦੇ ਹਨ।
ਜੁਆਰੀਆਂ ਵੱਲੋਂ ਕੱਢੀਆਂ ਜਾਂਦੀਆਂ ਗਾਲ੍ਹਾਂ ਤੋਂ ਲੜਕੀਆਂ ਤੇ ਔਰਤਾਂ ਪ੍ਰੇਸ਼ਾਨ
ਜੂਆ ਖੇਡਣ ਵਾਲੇ ਲੋਕ ਜਦ ਦਾਅ ਲਾਉਂਦੇ ਹਨ ਤਾਂ ਉਚੀ ਆਵਾਜ਼ ਵਿਚ ਗਾਲ੍ਹਾਂ ਵੀ ਕੱਢਦੇ ਹਨ, ਜਿਸ ਤੋਂ ਕੰਪਨੀ ਬਾਗ ਵਿਚ ਸੈਰ ਕਰਨ ਆਉਣ ਵਾਲੀਆਂ ਲੜਕੀਆਂ ਅਤੇ ਔਰਤਾਂ ਪ੍ਰੇਸ਼ਾਨ ਹੁੰਦੀਆਂ ਹਨ ਅਤੇ ਡਰ ਦੇ ਮਾਰੇ ਕੋਈ ਇਨ੍ਹਾਂ ਲੋਕਾਂ ਨੂੰ ਰੋਕਦਾ ਵੀ ਨਹੀਂ। ਇਸ ਨਾਲ ਕੰਪਨੀ ਬਾਗ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਕਾਨੂੰਨ ਦੀਆਂ ਉਡਾਉਂਦੇ ਹਨ ਧੱਜੀਆਂ
ਇਨ੍ਹਾਂ ਜੁਆਰੀਆਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਇਹ ਕਾਨੂੰਨ ਨੂੰ ਕੁਝ ਵੀ ਨਹੀਂ ਸਮਝਦੇ। ਹਾਲਾਂਕਿ ਜੇਕਰ ਇਸ ਕੇਸ ਵਿਚ ਦੇਖਿਆ ਜਾਵੇ ਤਾਂ ਜੁਆਰੀ ਆਪਣੀ ਮਨਮਰਜ਼ੀ ਕਰ ਕੇ ਪ੍ਰਸ਼ਾਸਨ ਨੂੰ ਧੋਖਾ ਦੇ ਰਹੇ ਹਨ।
ਕੀ ਮੇਅਰ ਇਸ ਵੱਲ ਧਿਆਨ ਦੇਣਗੇ?
10 ਸਾਲ ਬਾਅਦ ਸੱਤਾ ਵਿਚ ਆਈ ਕਾਂਗਰਸ ਸਰਕਾਰ ਵੱਲੋਂ ਨਵੇਂ ਬਣੇ ਮੇਅਰ ਜਗਦੀਸ਼ ਰਾਜਾ ਲਈ ਇਹ ਇਕ ਵੱਡੀ ਚੁਣੌਤੀ ਰਹੇਗੀ ਕਿ ਕੰਪਨੀ ਬਾਗ ਵਿਚ ਸੈਰ ਕਰਨ ਵਾਲਿਆਂ ਨੂੰ ਚੰਗਾ ਵਾਤਾਵਰਣ ਕਿਵੇਂ ਦਿੱਤਾ ਜਾਵੇ ਤਾਂ ਜੋ ਉਥੇ ਪਰਿਵਾਰ ਸਮੇਤ ਆਏ ਲੋਕ ਪਾਰਕ ਵਿਚ ਆਪਣਾ ਸਮਾਂ ਗੁਜ਼ਾਰ ਸਕਣ। ਦੇਖਦੇ ਹਾਂ ਕਿ ਮੇਅਰ ਸਾਹਿਬ ਕਦੋਂ ਤੱਕ ਇਨ੍ਹਾਂ ਜੂਆ ਖੇਡਣ ਵਾਲਿਆਂ 'ਤੇ ਕਾਰਵਾਈ ਕਰਵਾਉਂਦੇ ਹਨ।
ਰੇਲਵੇ ਸਟੇਸ਼ਨਾਂ 'ਤੇ ਕੁਲੀਆਂ ਨੇ ਕੀਤੀ ਦੇਸ਼ ਵਿਆਪੀ ਹੜਤਾਲ, ਯਾਤਰੀ ਪ੍ਰੇਸ਼ਾਨ
NEXT STORY