ਕਪੂਰਥਲਾ, (ਭੂਸ਼ਣ)- ਕਪੂਰਥਲਾ ਅਤੇ ਜਲੰਧਰ ਦੇ ਵੱਖ-ਵੱਖ ਪਿੰਡਾਂ ’ਚ ਕਿਸਾਨਾਂ ਦੇ ਖੇਤਾਂ ਤੋਂ ਕਰੀਬ 60 ਮੱਝਾਂ ਚੋਰੀ ਕਰਨ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਚੋਰੀ ਕੀਤੀਅਾਂ ਮੱਝਾਂ ਅਤੇ ਇਕ ਛੋਟੇ ਹਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ, ਜਦਕਿ ਗੈਂਗ ਦੇ ਬਾਕੀ 2 ਫਰਾਰ ਮੈਂਬਰਾਂ ਦੀ ਭਾਲ ’ਚ ਛਾਪੇਮਾਰੀ ਦਾ ਦੌਰ ਜਾਰੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸਰਵਨ ਸਿੰਘ ਬਲ ਨੇ ਪੁਲਸ ਟੀਮ ਨਾਲ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਨਕੋਦਰ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ 16-17 ਅਗਸਤ ਦੀ ਰਾਤ ਨੂੰ ਪਿੰਡ ਰਜਾਪੁਰ ਵਾਸੀ ਰਾਜਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਖੇਤਾਂ ’ਚੋਂ ਚੋਰੀ ਕੀਤੀਅਾਂ ਗਈਅਾਂ 2 ਮੱਝਾਂ, 2 ਬੱਛੀਅਾਂ ਅਤੇ ਇਕ ਬੱਛਾ ਪਿੰਡ ਕੋਹਾਲਾ ਜ਼ਿਲਾ ਜਲੰਧਰ ਵਾਸੀ ਹਰਨੇਕ ਸਿੰਘ ਉਰਫ ਨੇਕਾ ਪੁੱਤਰ ਸਵਰਨ ਸਿੰਘ ਦੇ ਘਰ ’ਚ ਬੰਨ੍ਹੀਅਾਂ ਹੋਈਅਾਂ ਹਨ, ਜਿਸ ’ਤੇ ਜਦੋਂ ਸਦਰ ਪੁਲਸ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਤਾਂ 5 ਪਸ਼ੂ ਬਰਾਮਦ ਕਰ ਲਏ ਗਏ, ਜਿਸ ਸਮੇਂ ਸਦਰ ਪੁਲਸ ਨੇ ਛਾਪੇਮਾਰੀ ਕੀਤੀ, ਉਸ ਸਮੇਂ ਮੁਲਜ਼ਮ ਹਰਨੇਕ ਸਿੰਘ ਨੇਕਾ ਆਪਣੇ ਦੂਜੇ ਸਾਥੀ ਮੁਲਜ਼ਮ ਮੰਗਤ ਰਾਮ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਅਲੀ ਚੱਕ ਨਾਲ ਛੋਟੇ ਹਾਥੀ ’ਚ ਮੱਝਾਂ ਲੱਦ ਕੇ ਵੇਚਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਪੁਲਸ ਨੇ ਮੁਲਜ਼ਮ ਮੰਗਤ ਰਾਮ ਨੂੰ ਵੀ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਬੀਤੇ ਲੰਮੇ ਸਮੇਂ ਤੋਂ ਗੁਰਪ੍ਰੀਤ ਸਿੰਘ ਗੋਪੀ, ਜੋ ਕਿ ਹਰਨੇਕ ਸਿੰਘ ਉਰਫ ਨੇਕਾ ਦਾ ਭਰਾ ਹੈ ਅਤੇ ਲਵਪ੍ਰੀਤ ਉਰਫ ਲਵ ਪੁੱਤਰ ਪਾਲਾ ਦੇ ਨਾਲ ਮਿਲ ਕੇ ਜਲੰਧਰ ਅਤੇ ਕਪੂਰਥਲਾ ਦੇ ਪਿੰਡਾਂ ’ਚ ਉਨ੍ਹਾਂ ਕਿਸਾਨਾਂ ਦੇ ਖੇਤਾਂ ’ਚ ਮੱਝਾਂ ਚੋਰੀ ਕਰਨ ਦੀਆਂ ਵਾਰਦਾਤਾਂ ਕਰਦੇ ਸਨ, ਜਿਨ੍ਹਾਂ ਦੇ ਖੇਤ ਸਡ਼ਕ ਕਿਨਾਰੇ ਹੁੰਦੇ ਸਨ, ਜਿਸ ਦੌਰਾਨ ਉਹ ਹੁਣ ਤੱਕ ਕਰੀਬ 60 ਮੱਝਾਂ ਚੋਰੀ ਕਰ ਕੇ ਪਸ਼ੂ ਮੰਡੀਅਾਂ ’ਚ ਵੇਚ ਚੁੱਕੇ ਹਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਨੇ ਜਿੱਥੇ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ, ਉਥੇ ਮੁਲਜ਼ਮਾਂ ਦੇ ਫਰਾਰ ਸਾਥੀਅਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਕਾਰਾਂ ਚੋਰੀ ਕਰਨ ਦੇ 2 ਮਾਮਲਿਅਾਂ ’ਚ 4 ਕਾਬੂ, 1 ਫਰਾਰ
NEXT STORY