ਬਾਘਾਪੁਰਾਣਾ, (ਚਟਾਨੀ)- ਬਰਾੜ ਦਫਤਰ ਤਿਕੋਣੀ ਦੀ ਨੁੱਕਰ 'ਤੇ ਲੱਗਿਆ ਬੇਤਰਤੀਬਾ ਮੀਟਰ ਬਕਸਾ ਹੁਣ ਤੱਕ ਕਈ ਹਾਦਸਿਆਂ ਨੂੰ ਅੰਜਾਮ ਦੇ ਚੁੱਕਾ ਹੈ ਪਰ ਲੋਕਾਂ ਵੱਲੋਂ ਪਾਵਰ ਕਾਰਪੋਰੇਸ਼ਨ ਦੇ ਸਬੰਧਿਤ ਅਧਿਕਾਰੀਆਂ ਨੂੰ ਇਥੋਂ ਤਬਦੀਲ ਕਰਨ ਲਈ ਕੀਤੀਆਂ ਗਈਆਂ ਬੇਨਤੀਆਂ ਬੇਅਰਥ ਸਾਬਿਤ ਹੋ ਕੇ ਰਹਿ ਗਈਆਂ ਹਨ। ਚੰਡੀਗੜ੍ਹ-ਗੰਗਾਨਗਰ ਦੇ ਭੀੜ-ਭੜੱਕੇ ਵਾਲੇ ਮੁੱਖ ਮਾਰਗ 'ਤੇ ਸ਼ਹਿਰ ਵਾਲੇ ਪਾਸਿਓਂ ਚੜ੍ਹਨ ਲੱਗਿਆਂ ਇਥੇ ਅਕਸਰ ਹੀ ਵਾਹਨ ਹਾਦਸਾਗ੍ਰਸਤ ਹੁੰਦੇ ਰਹਿੰਦੇ ਹਨ। ਮੋਗਾ ਵਾਲੇ ਪਾਸੇ ਤੋਂ ਆਉਂਦੇ ਵਾਹਨ ਇਸ ਮੀਟਰ ਬਕਸੇ ਕਾਰਨ ਕਿਸੇ ਵੀ ਵਾਹਨ ਚਾਲਕ ਨੂੰ ਦਿਖਾਈ ਨਾ ਦਿੰਦੇ ਹੋਣ ਕਰ ਕੇ ਇਕ-ਦੂਜੇ ਨਾਲ ਟਕਰਾਅ ਜਾਂਦੇ ਹਨ। ਅੱਜ ਤੜਕਸਾਰ ਵੀ ਇਸੇ ਬਕਸੇ ਦੀ ਵਜ੍ਹਾ ਕਾਰਨ ਦੋ ਵਾਹਨਾਂ ਦੀ ਸਿੱਧੀ ਟੱਕਰ 'ਚ ਇਕ ਦੋ ਸਾਲਾ ਬੱਚਾ ਵਾਲ-ਵਾਲ ਬਚਿਆ।
ਜ਼ਿਕਰਯੋਗ ਹੈ ਕਿ ਬਿਲਕੁੱਲ ਕੋਨੇ 'ਚ ਲੱਗਾ ਬਕਸਾ ਸੱਜੇ ਹੱਥ ਮੁੜਨ ਵਾਲੇ ਵਾਹਨਾਂ ਲਈ ਵੱਡਾ ਅੜਿੱਕਾ ਬਣਦਾ ਹੈ, ਜਿਸ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੀਟਰ ਬਕਸੇ ਨੂੰ ਇਥੋਂ ਹਟਾ ਦਿੱਤਾ ਜਾਵੇ ਤਾਂ ਬਰਾੜ ਦਫਤਰ ਵਾਲੇ ਪਾਸੇ ਤੋਂ ਆਉਣ-ਜਾਣ ਵਾਲੇ ਵਾਹਨ ਆਸਾਨੀ ਨਾਲ ਮੁੜ ਸਕਦੇ ਹਨ, ਜਿਸ ਨਾਲ ਦੁਰਘਟਨਾਵਾਂ ਦੀ ਦਰ 'ਚ ਮੁਕੰਮਲ ਖੜੋਤ ਵੀ ਆਵੇਗੀ ਅਤੇ ਆਵਾਜਾਈ ਵੀ ਸੁਚਾਰੂ ਢੰੰਗ ਨਾਲ ਚੱਲਦੀ ਰਹੇਗੀ। ਇਸ ਸਬੰਧੀ ਲੋਕਾਂ ਨੇ ਐਕਸੀਅਨ ਅਤੇ ਐੱਸ. ਡੀ. ਓ. ਪਾਵਰਕਾਮ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਇਸ ਮੀਟਰ ਬਕਸੇ ਨੂੰ ਤਬਦੀਲ ਕਰਨ।
22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY