ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਤੋਂ ਬਾਅਦ ਜਿੱਥੇ ਇਹ ਸਰਕਾਰ ਕਈ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਕੇਂਦਰ ਬਣੀ ਹੋਈ ਹੈ, ਉਸ ਦੇ ਨਾਲ ਹੀ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੀ ਇਸ ਵਰ੍ਹੇ ਵਰਕਰਾਂ ਦਾ ਮਨੋਬਲ ਉੱਚਾ ਚੁੱਕਣ ਅਤੇ ਆਪਣੀ ਕਮਜ਼ੋਰ ਹੋਈ ਸਿਆਸੀ ਪੈਠ ਨੂੰ ਮਜ਼ਬੂਤ ਕਰਨ ਲਈ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਕਰ ਸਕੀਆਂ। ਖ਼ਾਸ ਤੌਰ 'ਤੇ ਆਮ ਆਦਮੀ ਪਾਰਟੀ ਚੋਣਾਂ ਤੋਂ ਬਾਅਦ ਹੁਣ ਤੱਕ ਦੇ ਸਮੇਂ ਦੌਰਾਨ ਆਪਣੀ ਹੀ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾਂਦੇ ਸਿਆਸੀ ਵਿਸਫੋਟਾਂ ਦੀ ਲਪੇਟ 'ਚ ਆ ਕੇ ਖੇਰੂੰ-ਖੇਰੂੰ ਹੋਣ ਦੇ ਰਾਹ ਪਈ ਹੋਈ ਹੈ।
ਕਈ ਮਾਮਲਿਆਂ ਨੇ ਕਰਵਾਈ ਸਰਕਾਰ ਦੀ ਕਿਰਕਿਰੀ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ਮੌਕੇ ਸਭ ਤੋਂ ਜ਼ਿਆਦਾ ਦੋਸ਼ ਆਪਣੇ ਵਾਅਦਿਆਂ ਨੂੰ ਅਮਲੀ ਜਾਮਾ ਨਾ ਪਹਿਨਾਉਣ ਸਬੰਧੀ ਲੱਗ ਰਹੇ ਹਨ। ਭਾਵੇਂ ਕਾਂਗਰਸ ਨੇ ਗੁਰਦਾਸਪੁਰ ਜ਼ਿਮਨੀ ਚੋਣ ਜਿੱਤਣ ਤੋਂ ਇਲਾਵਾ ਹੋਰ ਕਈ ਪ੍ਰਾਪਤੀਆਂ ਕੀਤੀਆਂ ਹਨ ਪਰ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ਿਆਂ ਦੇ ਖ਼ਾਤਮੇ ਲਈ ਖਾਧੀ ਸਹੁੰ ਸਰਕਾਰ ਦੀ ਆਲੋਚਨਾ ਦਾ ਕੇਂਦਰ ਬਣੀ ਹੋਈ ਹੈ। ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ 'ਚੰਨ ਤੋਂ ਤਾਰੇ ਤੋੜ ਕੇ ਲਿਆਉਣ' ਵਰਗੇ ਕਈ ਦਿਲ-ਲੁਭਾਵਣੇ ਵਾਅਦੇ ਪੂਰੇ ਨਾ ਕਰ ਸਕਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਰਹੇ ਹਨ, ਉਸ ਦੇ ਨਾਲ ਹੀ ਤਕਰੀਬਨ ਸਾਰਾ ਸਾਲ ਬੰਦ ਪਈਆਂ ਰਹੀਆਂ ਜ਼ਿਆਦਾਤਰ ਭਲਾਈ ਯੋਜਨਾਵਾਂ, ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਲੰਮੀ ਦੇਰੀ, ਰੇਤ ਮਾਫ਼ੀਆ, ਗੁੰਡਾ ਟੈਕਸ, ਕੈਪਟਨ ਦੇ ਸਲਾਹਕਾਰਾਂ ਦੀ ਵੱਡੀ ਫ਼ੌਜ, ਅਫ਼ਸਰਸ਼ਾਹੀ ਦਾ ਦਬਦਬਾ, ਅਧਿਆਪਕਾਂ ਦੀਆਂ ਤਨਖ਼ਾਹਾਂ ਦੀ ਕਟੌਤੀ ਦੀ ਤਜਵੀਜ਼, ਟਿਊਬਵੈੱਲਾਂ 'ਤੇ ਮੀਟਰ ਲਾਉਣ ਦਾ ਮਾਮਲਾ, ਮੰਤਰੀ ਮੰਡਲ ਦਾ ਵਿਸਤਾਰ ਨਾ ਕਰ ਸਕਣ ਸਮੇਤ ਅਨੇਕਾਂ ਮਾਮਲਿਆਂ ਨੇ ਸਰਕਾਰ ਦੀ ਕਿਰਕਿਰੀ ਕਰਵਾਈ ਹੈ। ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਵੀ ਪਹਿਲਾਂ ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਦੂਲੋ ਅਤੇ ਪਾਰਟੀ ਦੇ ਕਈ ਹੋਰ ਆਗੂਆਂ ਵਲੋਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਅਤੇ ਰਵੱਈਏ ਸਬੰਧੀ ਕੀਤੀਆਂ ਗਈਆਂ ਟਿੱਪਣੀਆਂ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀਆਂ ਆ ਰਹੀਆਂ ਹਨ।
ਅਕਾਲੀ ਦਲ ਨੇ ਪਹਿਲੇ ਸਾਲ ਹੀ ਚੁੱਕਿਆ ਸਰਕਾਰ ਖ਼ਿਲਾਫ ਝੰਡਾ
ਵਿਧਾਨ ਸਭਾ ਚੋਣਾਂ ਦੌਰਾਨ ਸਿਰਫ 25.2 ਫੀਸਦੀ ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਿਹਾ ਸ਼੍ਰੋਮਣੀ ਅਕਾਲੀ ਦਲ ਭਾਵੇਂ ਵਿਰੋਧੀ ਧਿਰ ਦਾ ਦਰਜਾ ਵੀ ਹਾਸਲ ਨਹੀਂ ਕਰ ਸਕਿਆ ਪਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਫੇਰਬਦਲ ਕਰਦਿਆਂ ਕਈ ਨੌਜਵਾਨ ਚਿਹਰਿਆਂ ਨੂੰ ਨੁਮਾਇੰਦਗੀ ਦੇਣ ਤੋਂ ਇਲਾਵਾ ਕਈ ਅਜਿਹੇ ਫ਼ੈਸਲੇ ਲੈ ਕੇ ਅਕਾਲੀ ਦਲ ਨੂੰ ਮੁੜ ਪੈਰਾਂ 'ਤੇ ਲਿਆਉਣ ਦਾ ਮੁੱਢ ਬੰਨ੍ਹਿਆ ਹੈ। ਪਹਿਲੇ ਸਾਲ ਹੀ ਕੈਪਟਨ ਸਰਕਾਰ ਨੂੰ ਘੇਰਨ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ਼ੁਰੂ ਕੀਤੀਆਂ 'ਪੋਲ ਖੋਲ੍ਹ' ਰੈਲੀਆਂ ਨੇ ਅਕਾਲੀ ਦਲ 'ਚ ਮੁੜ ਜਾਨ ਪਾਈ ਹੈ। ਹੁਣ ਜਦੋਂ ਕੁਝ ਕਾਂਗਰਸੀ ਆਗੂ ਵੀ ਕੈਪਟਨ ਦੀ ਕਾਰਗੁਜ਼ਾਰੀ 'ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ ਤਾਂ ਇਸ ਨਾਲ ਅਕਾਲੀ ਦਲ 'ਚ ਹੋਰ ਜਾਨ ਪੈ ਰਹੀ ਹੈ। ਸੁਖਬੀਰ ਸਿੰਘ ਬਾਦਲ ਕਈ ਰੈਲੀਆਂ 'ਚ ਇਹ ਦਾਅਵਾ ਕਰ ਕੇ ਵੀ ਵਰਕਰਾਂ 'ਚ ਜਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 2019 'ਚ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਚੋਣਾਂ ਵੀ ਨਾਲ ਹੀ ਹੋ ਸਕਦੀਆਂ ਹਨ। ਕਿਸਾਨ ਮੋਰਚੇ ਤੇ ਐੱਸ. ਸੀ. ਮੋਰਚੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਹੁਣ ਭਾਜਪਾ ਵੱਲੋਂ 18 ਮਾਰਚ ਨੂੰ ਜਲੰਧਰ 'ਚ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਲਈ ਰਾਜ ਪੱਧਰੀ ਰੈਲੀ ਕੀਤੀ ਜਾ ਰਹੀ ਹੈ।
ਸਿਆਸੀ ਧਮਾਕਿਆਂ ਅਤੇ ਗਲਤੀਆਂ 'ਚ ਅਲੋਪ ਹੋ ਰਿਹੈ 'ਆਪ' ਦਾ ਵਜੂਦ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲਾਂ ਸਾਰਾ ਸਾਲ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਵੀ ਪੰਜਾਬ ਵੱਲ ਮੂੰਹ ਨਹੀਂ ਕੀਤਾ ਅਤੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਮਨੀਸ਼ ਸਿਸੋਦੀਆ ਦੀ ਕਾਰਗੁਜ਼ਾਰੀ ਵੀ ਇੱਕਾ-ਦੁੱਕਾ ਮੀਟਿੰਗਾਂ ਤੱਕ ਸੀਮਤ ਰਹੀ ਹੈ ਪਰ ਹੁਣ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਕੋਲੋਂ ਮੰਗੀ ਗਈ ਮੁਆਫ਼ੀ ਨੇ ਇਸ ਪਾਰਟੀ ਦੀ ਹੋਂਦ ਨੂੰ ਹੀ ਖ਼ਤਰੇ 'ਚ ਪਾ ਦਿੱਤਾ ਹੈ। ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਹਲਕਾ ਇੰਚਾਰਜਾਂ ਤੇ ਵਲੰਟੀਅਰਾਂ ਦੀਆਂ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਪਈਆਂ ਹੋਈਆਂ ਸਨ। ਸਿਰਫ਼ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਸਮੇਤ ਕੁਝ ਚੋਣਵੇਂ 'ਆਪ' ਵਿਧਾਇਕਾਂ/ਆਗੂਆਂ ਨੇ ਪੰਜਾਬ 'ਚ ਇਸ ਪਾਰਟੀ ਦੀ ਹੋਂਦ ਨੂੰ ਬਚਾਇਆ ਹੋਇਆ ਸੀ ਪਰ ਹੁਣ ਕੇਜਰੀਵਾਲ ਦੀ ਮੁਆਫ਼ੀ ਉਪਰੰਤ ਭਗਵੰਤ ਮਾਨ ਦੇ ਅਸਤੀਫ਼ੇ ਅਤੇ ਸੁਖਪਾਲ ਖਹਿਰਾ ਦੀ ਨਿਰਾਸ਼ਾ ਅਤੇ ਨਾਰਾਜ਼ਗੀ ਨੇ ਇਸ ਪਾਰਟੀ ਦੇ ਭਵਿੱਖ ਸਬੰਧੀ ਕਈ ਸਵਾਲ ਪੈਦਾ ਕਰ ਦਿੱਤੇ ਹਨ।
ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਦੋਸ਼ 'ਚ 15 'ਤੇ ਪਰਚਾ
NEXT STORY