ਨਾਭਾ,(ਜੈਨ, ਖੁਰਾਣਾ)- ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਤੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਇਥੇ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗਿਆਨ ਸਿੰਘ ਮੂੰਗੋ ਐਡਵੋਕੇਟ ਦੇ ਨਿਵਾਸ ਵਿਖੇ ਭਰਵੀਂ ਪ੍ਰੈੱਸ ਕਾਨਫਰੰਸ ’ਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੇਸ਼ ਦੇ ਲੱਖਾਂ ਕਿਸਾਨਾਂ ਨੇ 3 ਬਾਰਡਰਾਂ ’ਤੇ ਪਿਛਲੇ 90 ਦਿਨਾਂ ਤੋਂ ਸਰਦੀ ਦੌਰਾਨ ਖੁੱਲ੍ਹੇ ਅਸਮਾਨ ਹੇਠ ਰਾਤਾਂ ਗੁਜ਼ਾਰੀਆਂ ਅਤੇ 200 ਤੋਂ ਵੱਧ ਕਿਸਾਨ ਸ਼ਹੀਦ ਹੋਏ ਗਏ ਪਰ ਭਾਜਪਾ ਮੰਤਰੀਆਂ ਨੇ ਅੰਨਦਾਤਾ ਕਿਸਾਨ ਨੂੰ ਖਾਲਿਸਤਾਨੀ ਤੇ ਅੱਤਵਾਦੀ ਕਿਹਾ। ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਸਾਨਾਂ ਦੇ ਰੋਸ ਨੂੰ ਡਰਾਮੇਬਾਜ਼ੀ ਜਾਂ ਬਹਿਕਾਵੇ ’ਚ ਆ ਕੇ ਅੰਦੋਲਨ ਕਰਨ ਦੇ ਬਿਆਨ ਦੇਣ ਵਾਲੇ ਭਾਜਪਾ ਮੰਤਰੀ ਸਿਰਫ 9 ਦਿਨ ਧਰਨਾ ਦੇ ਕੇ ਦਿਖਾਉਣ।
ਇਹ ਵੀ ਪੜ੍ਹੋ:- ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ ਸਪੁਰਦ-ਏ-ਖ਼ਾਕ
ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਨੀਅਤ ਸਾਫ ਨਹੀਂ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ। ਕਿਸਾਨਾਂ ਦੇ ਖੇਤਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਨੂੰ ਵੱਡੇ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂ. ਪੀ. ’ਚ ਯੋਗੀ ਸਰਕਾਰ ਨੇ ਅਜੇ ਤੱਕ ਗੰਨਾ ਉਤਪਾਦਕਾਂ ਨੂੰ ਫਸਲ ਦਾ ਰੇਟ ਨਹੀਂ ਦਿੱਤਾ। ਕਿਸਾਨਾਂ ਨੇ ਸਰਕਾਰ ਪਾਸੋਂ 18 ਹਜ਼ਾਰ ਕਰੋੜ ਰੁਪਏ ਗੰਨੇ ਦੇ ਲੈਣੇ ਹਨ। ਮੋਦੀ ਸਰਕਾਰ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਪ੍ਰਵਾਨਗੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਬਾਰਡਰਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਲਈ ਦਵਾਈਆਂ, ਰਾਸ਼ਨ, ਪੀਣ ਵਾਲੇ ਪਾਣੀ ਤੇ ਹੋਰ ਸੁਵਿਧਾ ਪ੍ਰਦਾਨ ਕੀਤੀ। ਹੁਣ ਕਿਸਾਨਾਂ ਵੱਲੋਂ 28 ਫਰਵਰੀ ਨੂੰ ਮੇਰਠ ’ਚ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ’ਚ ਅਰਵਿੰਦ ਕੇਜਰੀਵਾਲ ਅਤੇ ਅਸੀਂ ਹਿੱਸਾ ਲਵਾਂਗਾ। ਮੋਦੀ ਸਰਕਾਰ ਤੁਰੰਤ ਤਿੰਨੇ ਕਾਲੇ ਕਾਨੂੰਨ ਵਾਪਸ ਲਵੇ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਬੈਂਕਾਂ ’ਚੋਂ 11 ਲੱਖ ਕਰੋੜ ਰੁਪਏ ਕੱਢਵਾ ਕੇ ਮੋਦੀ ਦੇ ਚਮਚੇ (ਨੀਰਵ ਮੋਦੀ ਆਦਿ) ਵਿਦੇਸ਼ਾਂ ’ਚ ਭੱਜ ਗਏ।
ਇਹ ਵੀ ਪੜ੍ਹੋ:- ਜੀ.ਕੇ ਦੀ ਚਿੱਠੀ 'ਤੇ ਗ੍ਰਹਿ ਮੰਤਰਾਲਾ ਦਾ ਜਵਾਬ, 29 ਜਨਵਰੀ ਨੂੰ ਹੋਏ ਘਟਨਾਕ੍ਰਮ ਦੀ ਹੋਵੇਗੀ ਨਿਰਪੱਖ ਜਾਂਚ
ਸੰਜੇ ਸਿੰਘ ਨੇ ਕੈ. ਅਮਰਿੰਦਰ ਸਿੰਘ ਦੀ 4 ਸਾਲਾਂ ਦੀ ਮਾੜੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਤਾਂ ਅੰਤਰਰਾਸ਼ਟਰੀ ਖਿਡਾਰੀ ਤੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਸਮੇਤ ਅਨੇਕ ਕਾਂਗਰਸੀ ਕੈਪਟਨ ਤੇ ਕਾਂਗਰਸ ਦੇ ਸਕੈਂਡਲਾਂ ਦਾ ਪਰਦਾਫਾਸ਼ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਨ 2022 ਚੋਣਾ ਵਿਚ ‘ਆਪ’ ਹੁੰਝਾਫੇਰ ਜਿੱਤ ਪ੍ਰਾਪਤ ਕਰੇਗੀ। ਸਮਾਂ ਆਉਣ ’ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਸੰਭਾਵਿਤ ਸੀ. ਐੱਮ. ਦਾ ਚਿਹਰਾ ਐਲਾਨ ਕਰਨਗੇ।
ਇਸ ਮੌਕੇ ਗਿਆਨ ਸਿੰਘ ਮੂੰਗੋ ਐਡਵੋਕੇਟ, ਜਸਦੀਪ ਸਿੰਘ ਨਿੱਕੂ, ਗੁਰਦੇਵ ਸਿੰਘ ਦੇਵਮਾਨ, ਚੇਤਨ ਸਿੰਘ ਜੋਡ਼ੇਮਾਜਰਾ, ਕਿਰਨਵੀਰ ਸਿੰਘ ਟਿਵਾਣਾ, ਰਾਜੇਸ਼ ਗਰਗ ਡਿੰਪਲ ਤੋਂ ਇਲਾਵਾ ਵੱਡੀ ਗਿਣਤੀ ’ਚ ਵਕੀਲ, ਵਪਾਰੀ ਤੇ ਵਰਕਰ ਹਾਜ਼ਰ ਸਨ।
ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਸਬੰਧੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY