ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)– ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ ਦੇ ਸੂਬਾਈ ਮੀਡੀਆ ਸਲਾਹਕਾਰ ਅਤੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਕਨਫੈੱਡਰੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਅਤੇ ਜ਼ਿਲਾ ਜਨਰਲ ਸਕੱਤਰ ਆਰ. ਐੱਲ. ਪਾਂਧੀ ਨੇ ਬਨਾਸਰ ਬਾਗ ਵਿਖੇ ਪੈਨਸ਼ਨਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਲਈ ਧਾਰੀ ਹੋਈ ਚੁੱਪ ਤਿੱਖੇ ਸੰਘਰਸ਼ ਲਈ ਮਜਬੂਰ ਕਰ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਵਿਚ ਸਰਕਾਰ ਵਿਰੁੱਧ ਰੋਸ ਅਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਸੂਬਾਈ ਪੈਨਸ਼ਨਰ ਆਗੂ ਅਰੋੜਾ ਨੇ ਦੱਸਿਆ ਕਿ ਜਨਵਰੀ 2017, ਜੁਲਾਈ 2017 ਅਤੇ ਜਨਵਰੀ 2018 ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਹੁਣ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਕਿਸ਼ਤਾਂ ਦਾ 22 ਮਹੀਨੇ ਦਾ ਬਕਾਇਆ ਦੇਣ ਬਾਰੇ ਵੀ ਸਰਕਾਰ ਨੇ ਸਾਜ਼ਿਸ਼ੀ ਚੁੱਪ ਵੱਟੀ ਹੋਈ ਹੈ। ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ 6ਵੇਂ ਪੇ-ਕਮਿਸ਼ਨ ਦੀ ਰਿਪੋਰਟ 3 ਮਹੀਨਿਅਾਂ ਵਿਚ ਲਾਗੂ ਕਰ ਦਿੱਤੀ ਜਾਵੇਗੀ ਪਰ ਇਕ ਸਾਲ ਤੋਂ ਜ਼ਿਆਦਆ ਸਮਾਂ ਬੀਤ ਜਾਣ ’ਤੇ ਵੀ ਅਜਿਹਾ ਨਹੀਂ ਕੀਤਾ ਗਿਆ। ਫਿਕਸ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਵਧਾਉਣ ਵੱਲ ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। 5ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਂ ਰਹੀਆਂ ਤਰੁੱਟੀਆਂ ਨੂੰ ਦੂਰ ਕਰਨ ਦਾ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਰੋਸ ਰੈਲੀਆਂ ਅਤੇ ਜਲੂਸ ਕੱਢ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਜਸਵੀਰ ਸਿੰਘ ਖਾਲਸਾ, ਓਮ ਪ੍ਰਕਾਸ਼ ਖਿੱਪਲ, ਮਹਾਸ਼ਾ ਸੁਰਿੰਦਰ ਗੁਪਤਾ, ਅਸ਼ੋਕ ਜੋਸ਼ੀ, ਕੰਵਲਜੀਤ ਸਿੰਘ, ਬਲਦੇਵ ਰਾਜ ਮਦਾਨ, ਕਰਨੈਲ ਸਿੰਘ ਸੇਖੋਂ, ਸੁਰਿੰਦਰ ਸਿੰਘ ਸੋਢੀ, ਆਰ.ਐੱਸ.ਮਦਾਨ, ਓਮ ਪ੍ਰਕਾਸ਼ ਸ਼ਰਮਾ, ਮਾਸਟਰ ਰਾਮ ਸਰੂਪ ਅਲੀਸ਼ੇਰ, ਸੁਰਿੰਦਰ ਸ਼ੋਰੀ, ਡਾ.ਚਰਨਜੀਤ ਸਿੰਘ ਉਡਾਰੀ, ਓ. ਪੀ. ਅਰੋੜਾ, ਵੇਦ ਪ੍ਰਕਾਸ਼ ਸੱਚਦੇਵਾ, ਰਾਜਿੰਦਰ ਸਿੰਘ ਚੰਗਾਲ, ਡਾ ਮਨਮੋਹਨ ਸਿੰਘ, ਮੱਘਰ ਸਿੰਘ ਸੋਹੀ, ਭਾਰਤ ਭੂਸ਼ਨ, ਸ਼ਾਮ ਲਾਲ ਅਰੋੜਾ, ਸੰਜੇ ਸ਼ਰਮਾ, ਮੰਗਤ ਰਾਜ ਅਰੋੜਾ, ਕੇਵਲ ਕ੍ਰਿਸ਼ਨ, ਗੁਰਮੇਲ ਮੰਡੇਰ ਅਤੇ ਜਗਜੀਤ ਇੰਦਰ ਸਿੰਘ ਆਦਿ ਹਾਜ਼ਰ ਸਨ।
ਸਕੂਲੀ ਬੱਚਿਆਂ ਤੇ ਮਾਪਿਆਂ 'ਚ ਡਰ ਤੇ ਸਹਿਮ ਦਾ ਮਾਹੌਲ
NEXT STORY