ਜਲੰਧਰ(ਬੁਲੰਦ)— ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸੋਮਵਾਰ ਜਲੰਧਰ ਦਫਤਰ 'ਚ ਅਧਿਕਾਰੀਆਂ ਅਤੇ ਉਦਯੋਗਪਤੀਆਂ ਨਾਲ ਬੈਠਕ ਕਰਕੇ ਪ੍ਰਦੂਸ਼ਣ ਰੋਕਣ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਰਕਬਾ ਦੇਸ਼ ਦਾ 1.5 ਫੀਸਦੀ ਹੈ ਜਦਕਿ ਇਥੋਂ ਦੀ ਆਬਾਦੀ 2.5 ਫੀਸਦੀ ਹੈ, ਜਿਸ ਕਾਰਨ ਇਥੇ ਪ੍ਰਦੂਸ਼ਣ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਮਿਲ ਕੇ ਪੰਜਾਬ 'ਚ ਸਭ ਤੋਂ ਪਹਿਲਾਂ ਆਵਾਜ਼ ਪ੍ਰਦੂਸ਼ਣ ਦਾ ਹੱਲ ਕੱਢਣ ਦਾ ਫੈਸਲਾ ਕੀਤਾ ਸੀ। ਇਸ ਬਾਰੇ ਬਣਾਈ ਗਈ ਟੀਮ ਤੋਂ ਪਤਾ ਲੱਗਾ ਕਿ ਪੰਜਾਬ 'ਚ ਆਵਾਜ਼ ਪ੍ਰਦੂਸ਼ਣ ਦਾ ਮੁੱਖ ਕਾਰਨ ਪ੍ਰੈੱਸ਼ਰ ਹਾਰਨ ਹੈ ਅਤੇ ਬੁਲੇਟ ਮੋਟਰਸਾਈਕਲਾਂ ਦੇ ਸਲੰਸਰਾਂ ਦੇ ਪਟਾਕੇ ਵਜਾਉਣ ਨਾਲ ਵੀ ਪ੍ਰਦੂਸ਼ਣ ਫੈਲ ਰਿਹਾ ਹੈ। ਪੰਨੂ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੇ ਪਿਛਲੇ 15 ਦਿਨਾਂ ਤੋਂ 3 ਹਜ਼ਾਰ ਟਰੱਕਾਂ, ਬੱਸਾਂ ਦੇ ਚਾਲਾਨ ਕੱਟੇ ਹਨ ਤੇ ਪ੍ਰੈੱਸ਼ਰ ਹਾਰਨ ਬੰਦ ਕਰਵਾਏ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਵਿਭਾਗ ਪੰਜਾਬ 'ਚ ਪ੍ਰੈੱਸ਼ਰ ਹਾਰਨ ਬਣਾਉਣ, ਵਜਾਉਣ ਤੇ ਫਿੱਟ ਕਰਵਾਉਣ 'ਤੇ ਪਾਬੰਦੀ ਲਗਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੁਲੇਟ ਦੇ ਪਟਾਕੇ ਵਜਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਵਲੋਂ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ, ਇਸ਼ਤਿਹਾਰ ਲਗਾਕੇ ਅਤੇ ਬੁਲੇਟ ਸ਼ੋਅਰੂਮਾਂ 'ਚ ਬੈਨਰ ਲਗਾ ਕੇ ਲੋਕਾਂ ਨੂੰ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਯੰਤਰਾਂ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਟੋਜ਼ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਹੱਲ ਕੱਢਣ ਲਈ ਵੀ ਵਿਭਾਗ ਨੇ ਸਰਵੇ ਕਰਵਾਏ ਹਨ ਅਤੇ ਛੇਤੀ ਹੀ 15 ਸਾਲ ਪੁਰਾਣੇ ਸਾਰੇ ਆਟੋਜ਼ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਦੇ ਬਦਲੇ ਆਟੋ ਚਾਲਕਾਂ ਨੂੰ ਘੱਟ ਵਿਆਜ 'ਤੇ ਬੈਂਕਾਂ ਤੋਂ ਨਵੇਂ ਆਟੋ ਰਿਕਸ਼ਾ ਦਿਵਾਉਣ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਵਰਡਲ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਚਾਰ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਕੀਤੇ ਗਏ ਸਨ। ਇਸ ਬਾਰੇ ਪੰਨੂ ਨੇ ਕਿਹਾ ਕਿ ਡਬਲਿਊ. ਐੱਚ. ਓ. ਦੀ ਰਿਪੋਰਟ ਠੀਕ ਨਹੀਂ ਸੀ ਕਿ ਜਿਨ੍ਹਾਂ ਪੈਮਾਨਿਆਂ ਨਾਲ ਉਨ੍ਹਾਂ ਪੰਜਾਬ ਦੇ ਸ਼ਹਿਰਾਂ ਦਾ ਪ੍ਰਦੂਸ਼ਣ ਮਾਪਿਆ ਸੀ ਉਹ ਪੰਜਾਬ 'ਤੇ ਠੀਕ ਨਹੀਂ ਬੈਠਦੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪ੍ਰਦੂਸ਼ਣ ਹੈ ਪਰ ਇੰਨਾ ਨਹੀਂ ਜਿਨ੍ਹਾਂ ਸੰਗਠਨ ਨੇ ਕਿਹਾ ਸੀ।
ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਧ ਪ੍ਰਦੂਸ਼ਣ ਸਾਲਿਡ ਵੇਸਟ ਦਾ ਅਤੇ ਸੀਵਰੇਜ ਦਾ ਹੈ। ਜੇ ਸਾਲਿਡ ਵੇਸਟ ਅਤੇ ਸੀਵਰੇਜ ਦਾ ਹੱਲ ਨਿਕਲ ਜਾਵੇ ਤਾਂ ਪੰਜਾਬ ਦਾ 90 ਫੀਸਦੀ ਪ੍ਰਦੂਸ਼ਣ ਖਤਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਕਾਲਾ ਸੰਘਿਆਂ ਡਰੇਨ 'ਚ ਸੀਵਰ ਦੇ ਪਾਣੀ ਦੇ ਕਾਰਨ ਹੀ ਗੰਦਗੀ ਹੈ ਅਤੇ ਇਸ ਲਈ ਨਵੇਂ ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਲੰਧਰ ਦਾ ਫੈਕਟਰੀਆਂ ਦਾ ਗੰਦਾ ਪਾਣੀ ਇਲੈਕਟ੍ਰੋਪਲੇਟਿੰਗ ਲਈ ਪਹਿਲਾਂ ਲੁਧਿਆਣਾ ਜਾਂਦਾ ਸੀ ਪਰ ਛੇਤੀ ਹੀ ਜਲੰਧਰ 'ਚ ਹੀ ਇਲੈਕਟ੍ਰੋਪਲੇਟਿੰਗ ਟ੍ਰੀਟਮੈਂਟ ਪਲਾਂਟ ਲੱਗੇਗਾ ਜਿੱਥੇ ਜਲੰਧਰ ਅਤੇ ਅੰਮ੍ਰਿਤਸਰ ਦਾ ਗੰਦਾ ਪਾਣੀ ਟ੍ਰੀਟ ਹੋਵੇਗਾ। ਟ੍ਰੀਟ ਹੋਣ ਤੋਂ ਪਾਣੀ ਵੇਸਟ ਨਾ ਹੋਵੇ ਇਸ ਲਈ ਇਸ ਦੇ ਪ੍ਰਯੋਗ ਲਈ ਕਿਸਾਨਾਂ ਅਤੇ ਬਿਲਡਰਾਂ ਨੂੰ ਇਸ ਪਾਣੀ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਾਲਿਡ ਵੇਸਟ ਪਲਾਂਟ ਲਗਾਉਣ ਬਾਰੇ ਲੋਕਲ ਬਾਡੀ ਵਿਭਾਗ ਵਲੋਂ ਯੋਜਨਾਬੰਦੀ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਸਰਕਾਰ ਨੇ ਹੀ ਫੈਸਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਰਿਮੋਟ ਸੈਂਸਿੰਗ ਰਾਹੀਂ ਸੈਟੇਲਾਈਟ ਦੀ ਵਰਤੋਂ ਕਰਕੇ ਵੀ ਪ੍ਰਦੂਸ਼ਣ ਫੈਲਾਉਣ ਵਾਲਿਆਂ 'ਤੇ ਨਜ਼ਰ ਰੱਖ ਰਿਹਾ ਹੈ ਤੇ ਛੇਤੀ ਹੀ ਕੇਂਦਰ ਸਰਕਾਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਲਈ ਇਕ ਕਰੋੜ ਰੁਪਏ ਤਕ ਦਾ ਜੁਰਮਾਨਾ ਕਰਨ ਦਾ ਕਾਨੂੰਨ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਲਿਫਾਫਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਅਧਿਕਾਰੀਆਂ ਵਲੋਂ ਲਿਫਾਫੇ ਉਠਾਉਣ ਵਾਲੇ ਲੋਕਾਂ ਨੂੰ ਇਨ੍ਹਾਂ ਦੀ ਰੀਸਾਈਕਲਿੰਗ ਬਾਰੇ ਜਾਣਕਾਰੀ ਦੇਣ ਬਾਰੇ ਕਿਹਾ ਗਿਆ ਹੈ। ਇਸ ਮੌਕੇ ਇੰਡਸਟਰੀਅਲ ਐਸੋ. ਦੇ ਨੇਤਾਵਾਂ ਨੇ ਵੀ ਕਾਹਨ ਸਿੰਘ ਪੰਨੂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਟਿਊਬਲਾਂ ਦੀਆਂ ਪ੍ਰਮੀਸ਼ਨਾਂ ਬਾਰੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ। ਉਦਯੋਗਪਤੀਆਂ ਨੇ ਹੈਜਟਰਸ ਵੇਸਟ ਦੀ ਸਾਲਾਨਾ ਰਿਟਰਨ ਤੋਂ ਛੋਟ ਦੇਣ ਦੀ ਮੰਗ ਕੀਤੀ। ਘੱਟ ਹੈਜਟਰਸ ਵੇਸਟ ਵਾਲੀ ਅਤੇ 500 ਕੇ. ਵੀ. ਤੋਂ ਘੱਟ ਕੁਨੈਕਸ਼ਨ ਵਾਲੀਆਂ ਫੈਕਟਰੀਆਂ ਨੂੰ ਗ੍ਰੀਨ ਕੈਟੇਗਰੀ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਆਪਣੇ ਵਿਭਾਗੀ ਅਧਿਕਾਰੀਆਂ, ਚੀਫ ਅਧਿਕਾਰੀ ਜੀ. ਐੱਸ. ਮਜੀਠੀਆ ਅਤੇ ਐੱਸ. ਈ. ਸੰਦੀਪ ਬਹਿਲ ਦੀ ਕਾਰਜ ਸ਼ੈਲੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ ਖਿਲਾਫ ਜਾਗਰੂਕਤਾ ਲਿਆਉਣ ਵਿਚ ਤੇਜ਼ੀ ਲਿਆਉਣ ਨੂੰ ਕਿਹਾ।
ਇਸ ਮੌਕੇ ਫੋਕਲ ਪੁਆਇੰਟ ਇੰਡਸਟਰੀਅਲ ਐਸੋ., ਫੈੱਡਰੇਸ਼ਨ ਆਫ ਜਲੰਧਰ ਇੰਜ. ਐਸੋ., ਨਾਰਦਰਨ ਚੈਂਬਰ ਆਫ ਸਮਾਲ ਐਂਡ ਮੀਡੀਅਮ ਇੰਡਸਟਰੀਜ਼, ਉਦਯੋਗ ਉਗਰ ਗਦਈਪੁਰ ਤੇ ਕਰਤਾਰ ਫਾਰਮ ਇੰਡਸਟਰੀਅਲ ਐਸੋ. ਦੇ ਨੇਤਾਵਾਂ ਤੋਂ ਇਲਾਵਾ ਪ੍ਰਮੋਦ ਚੋਪੜਾ, ਤਜਿੰਦਰ ਭਸੀਨ, ਬਲਰਾਮ ਕਪੂਰ, ਸ਼ਾਂਤ ਗੁਪਤਾ, ਨਰੇਸ਼ ਤਿਵਾੜੀ, ਸ਼ਰਦ ਅਗਰਵਾਲ, ਨਿਤਿਨ ਕਪੂਰ, ਅਮਿਤ ਮਲਹੋਤਰਾ ਤੇ ਸੰਜੇ ਗੁਪਤਾ ਵੀ ਮੌਜੂਦ ਸਨ।
ਭਾਰਤ ਦੀ ਨਕਲ 'ਤੇ ਉਤਰਿਆ ਪਾਕਿਸਤਾਨ, ਬਾਰਡਰ 'ਤੇ ਲਹਿਰਾਏਗਾ 450 ਫੁੱਟ ਝੰਡਾ
NEXT STORY