ਹੁਸ਼ਿਆਰਪੁਰ, (ਘੁੰਮਣ)- ਹੁਸ਼ਿਆਰਪੁਰ-ਊਨਾ ਰੋਡ 'ਤੇ ਸਥਿਤ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਕੈਂਪਸ 'ਚ ਅੱਜ ਸਵੇਰੇ ਉਸ ਸਮੇਂ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ, ਜਦੋਂ ਸਵੇਰੇ ਡਿਊਟੀ 'ਤੇ ਪਹੁੰਚੇ ਸਟਾਫ਼ ਨੇ ਦੇਖਿਆ ਕਿ ਕੁਝ ਬਾਹਰੀ ਲੋਕਾਂ ਨੇ ਅੰਦਰੋਂ ਯੂਨੀਵਰਸਿਟੀ ਦੇ ਗੇਟ ਨੂੰ ਤਾਲਾ ਲਾ ਦਿੱਤਾ ਹੈ। ਦੂਜੇ ਪਾਸੇ ਪਏ ਮੋਹਲੇਧਾਰ ਮੀਂਹ 'ਚ ਸੜਕ ਵਿਚਕਾਰ ਖੜ੍ਹੇ ਸਟਾਫ਼ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹ ਸਿਲਸਿਲਾ ਕਰੀਬ ਇਕ ਘੰਟੇ ਤੱਕ ਜਾਰੀ ਰਿਹਾ।
ਕੀ ਹੈ ਮਾਮਲਾ : ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਖੜਕਾਂ ਵਾਸੀ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਸਨ ਕਿ ਜਦੋਂ ਗ੍ਰਾਮ ਪੰਚਾਇਤ ਨੇ 33 ਏਕੜ ਜ਼ਮੀਨ ਯੂਨੀਵਰਸਿਟੀ ਦੇ ਨਾਂ 'ਤੇ ਟਰਾਂਸਫਰ ਕੀਤੀ ਸੀ, ਉਦੋਂ ਇਹ ਐਗਰੀਮੈਂਟ ਹੋਇਆ ਸੀ ਕਿ ਯੂਨੀਵਰਸਿਟੀ 'ਚ ਸਟਾਫ਼ ਦੀ ਰਿਕਰੂਟਮੈਂਟ ਮੌਕੇ ਪਿੰਡ ਦੇ ਲੋਕਾਂ ਨੂੰ ਯੋਗਤਾ ਅਨੁਸਾਰ ਪਹਿਲ ਦਿੱਤੀ ਜਾਵੇਗੀ। ਪਿੰਡ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਅਨੁਸਾਰ ਸਾਲ 2006-08 ਦੌਰਾਨ ਉਸ ਸਮੇਂ ਦੇ ਸਰਪੰਚ ਬਲਦੇਵ ਸਿੰਘ ਨੇ ਪੰਚਾਇਤ ਦੀ 25 ਏਕੜ ਜ਼ਮੀਨ ਯੂਨੀਵਰਸਿਟੀ ਦੇ ਨਾਂ ਟਰਾਂਸਫਰ ਕੀਤੀ ਸੀ। ਇਸ ਤੋਂ ਬਾਅਦ ਸਾਲ 2008-13 ਦੌਰਾਨ ਰਣਧੀਰ ਸਿੰਘ ਨੇ ਪਿੰਡ ਦਾ ਸਰਪੰਚ ਰਹਿੰਦਿਆਂ 8 ਏਕੜ ਹੋਰ ਜ਼ਮੀਨ ਯੂਨੀਵਰਸਿਟੀ ਦੇ ਨਾਂ ਟਰਾਂਸਫਰ ਕਰ ਦਿੱਤੀ।
ਅੱਜ ਦੇ ਵਿਰੋਧ ਦੀ ਅਗਵਾਈ ਰਣਧੀਰ ਸਿੰਘ ਖੁਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ ਸਕਿਓਰਿਟੀ ਗਾਰਡ ਰੱਖੇ ਜਾਣੇ ਹਨ। ਪਿੰਡ ਦੇ ਕਈ ਸਾਬਕਾ ਸੈਨਿਕ ਗਾਰਡ ਦੀ ਨੌਕਰੀ ਦੀ ਯੋਗਤਾ ਰੱਖਦੇ ਹਨ ਪਰ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਭਰਤੀ ਪੈਸਕੋ (ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ) ਰਾਹੀਂ ਕੀਤੀ ਜਾ ਰਹੀ ਹੈ।
ਊਨਾ ਰੋਡ 'ਤੇ ਚੱਕਾ ਜਾਮ ਦੀ ਦਿੱਤੀ ਚਿਤਾਵਨੀ : ਰਣਧੀਰ ਸਿੰਘ ਨੇ ਕਿਹਾ ਕਿ ਜੇਕਰ ਪਿੰਡ ਦੇ ਬੇਰੋਜ਼ਗਾਰਾਂ ਨਾਲ ਧੱਕੇਸ਼ਾਹੀ ਹੋਈ ਤਾਂ ਯੂਨੀਵਰਸਿਟੀ ਗੇਟ 'ਤੇ ਤਾਲਾ ਲਾ ਕੇ ਰੋਡ 'ਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਵੀ. ਸੀ. ਨੇ ਖੁਲ੍ਹਵਾਇਆ ਗੇਟ : ਪਤਾ ਲੱਗਾ ਹੈ ਕਿ 10 ਵਜੇ ਦੇ ਕਰੀਬ ਜਦੋਂ ਵਾਈਸ ਚਾਂਸਲਰ ਪ੍ਰੋ. ਓਮ ਪ੍ਰਕਾਸ਼ ਉਪਾਧਿਆਏ ਯੂਨੀਵਰਸਿਟੀ ਪਹੁੰਚੇ ਤਾਂ ਉਨ੍ਹਾਂ ਵਿਰੋਧ ਕਰ ਰਹੇ ਵਿਅਕਤੀਆਂ ਨੂੰ ਗੱਲਬਾਤ ਲਈ ਰਾਜ਼ੀ ਕੀਤਾ ਅਤੇ ਗੇਟ ਖੁਲ੍ਹਵਾਇਆ, ਜਿਸ ਤੋਂ ਬਾਅਦ ਸਾਰਾ ਸਟਾਫ਼ ਡਿਊਟੀ ਦੇਣ ਲਈ ਅੰਦਰ ਜਾ ਸਕਿਆ।
ਕੀ ਕਹਿੰਦੇ ਹਨ ਰਜਿਸਟਰਾਰ : ਸੰਪਰਕ ਕਰਨ 'ਤੇ ਯੂਨੀਵਰਸਿਟੀ ਦੇ ਰਜਿਸਟਰਾਰ ਜਤਿੰਦਰ ਗਰਗ ਨੇ ਕਿਹਾ ਕਿ ਸਾਰੀਆਂ ਸਰਕਾਰੀ ਸੰਸਥਾਵਾਂ 'ਚ ਪੈਸਕੋ ਰਾਹੀਂ ਹੀ ਸਕਿਓਰਿਟੀ ਗਾਰਡ ਉਪਲੱਬਧ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਦਾ ਗ੍ਰਾਮ ਪੰਚਾਇਤ ਨਾਲ ਕੋਈ ਐਗਰੀਮੈਂਟ ਹੋਇਆ ਹੈ ਤਾਂ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ। ਸਕਿਓਰਿਟੀ ਗਾਰਡਾਂ ਦੀ ਭਰਤੀ ਲਈ ਪੈਸਕੋ ਨਾਲ ਗੱਲ ਕੀਤੀ ਜਾਵੇਗੀ
ਕਿ ਪਿੰਡ ਦੇ ਯੋਗ ਵਿਅਕਤੀਆਂ ਨੂੰ ਭਰਤੀ 'ਚ ਪਹਿਲ ਦਿੱਤੀ ਜਾਵੇ।
ਟ੍ਰੈਕਟਰ ਤੇ ਸਕੂਟਰੀ ਦੀ ਟੱਕਰ; ਪਤੀ-ਪਤਨੀ ਦੀ ਮੌਤ
NEXT STORY