ਮੋਹਾਲੀ (ਨਿਆਮੀਆਂ) - ਇਕ ਅਪਰਾਧਿਕ ਮਾਮਲੇ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਅਦਾਲਤ ਵਲੋਂ ਪੇਸ਼ੀ 'ਤੇ ਬੁਲਾਏ ਜਾਣ ਨੂੰ ਲੈ ਕੇ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਸਿੱਖਾਂ ਨਾਲ ਜੋੜਿਆ ਜਾਣਾ ਮੰਦਭਾਗਾ ਹੈ। ਇਹ ਗੱਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਹੀ। ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਇਸ ਤਰ੍ਹਾਂ ਦੀ ਰੰਗਤ ਦਿੱਤੀ ਜਾ ਰਹੀ ਜਿਵੇਂ ਇਹ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਦਾ ਮਾਮਲਾ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੇ ਜੇਕਰ ਕੋਈ ਅਪਰਾਧ ਕੀਤਾ ਹੈ ਤਾਂ ਦੇਸ਼ ਦਾ ਕਾਨੂੰਨ ਉਸ ਨੂੰ ਦੋਸ਼ੀ ਪਾਏ ਜਾਣ 'ਤੇ ਸਜ਼ਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਸ਼ਿਕਾਇਤਕਰਤਾ ਸਾਧਵੀ ਹੈ ਨਾ ਤਾਂ ਉਹ ਸਿੱਖ ਹੈ ਅਤੇ ਨਾ ਹੀ ਜਿਸ 'ਤੇ ਦੋਸ਼ ਲਗਾਇਆ ਗਿਆ ਹੈ ਉਹ ਸਿੱਖ ਹੈ, ਇਸ ਲਈ ਵਾਰ-ਵਾਰ ਇਹ ਪ੍ਰਚਾਰ ਕਰਨਾ ਕਿ ਇਸ ਮਾਮਲੇ ਨਾਲ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚ ਭੜਕਾਹਟ ਪੈਦਾ ਹੋਵੇਗੀ ਜਾਂ ਦੰਗੇ ਹੋਣਗੇ ਇਹ ਗੱਲ ਬਿਲਕੁਲ ਗਲਤ ਹੈ। ਜੇਕਰ ਡੇਰਾ ਪ੍ਰਮੁੱਖ ਨੂੰ ਅਦਾਲਤ ਦੋਸ਼ੀ ਮੰਨਦੀ ਹੈ ਤਾਂ ਉਸ ਨੂੰ ਸਜ਼ਾ ਦੇਣਾ ਜਾਂ ਨਾ ਦੇਣਾ ਅਦਾਲਤ ਦਾ ਕੰਮ ਹੈ। ਉਨ੍ਹਾਂ ਪੰਜਾਬ ਅਤੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪ ਨੂੰ ਇਸ ਮਾਮਲੇ ਤੋਂ ਦੂਰ ਰੱਖਣ ਤਾਂ ਕਿ ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਰਹੇ।
ਕਾਂਗਰਸੀ ਵਰਕਰ ਪ੍ਰਵੀਨ ਜੈਨ ਨੇ ਕਿਹਾ ਕੌਂਸਲਰ ਮੇਜਰ ਸਿੰਘ ਤੋਂ ਜਾਨ ਦਾ ਖਤਰਾ, ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
NEXT STORY