ਜਲੰਧਰ (ਵਿਸ਼ੇਸ਼) : ਐਤਵਾਰ ਨੂੰ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਭਾਰਤੀ ਜਨਤਾ ਪਾਰਟੀ ਨੇ ਹਿੰਦੀ ਗੜ੍ਹ ਵਾਲੇ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ’ਚ ਜ਼ਬਰਦਸਤ ਵਾਪਸੀ ਕੀਤੀ ਪਰ ਪੰਜਾਬ ’ਚ ਪਾਰਟੀ ਦਾ ਭਵਿੱਖ ਅਜੇ ਵੀ ਲਟਕਦਾ ਨਜ਼ਰ ਆ ਰਿਹਾ ਹੈ ਅਤੇ ਪਾਰਟੀ ਦੀ ਗੱਡੀ ਲੀਹ ’ਤੇ ਨਹੀਂ ਆ ਰਹੀ ।
ਇਹ ਵੀ ਪੜ੍ਹੋ : ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ
ਅਕਾਲੀ ਦਲ ਨਾਲ ਗੱਠਜੋੜ ਤੋੜਨ ਤੋਂ ਬਾਅਦ ਪਾਰਟੀ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ’ਤੇ ਲੜ ਕੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ । ਇਸ ਤੋਂ ਬਾਅਦ ਭਾਜਪਾ ਨੇ ਪੰਜਾਬ ਨੂੰ ‘ਪ੍ਰਯੋਗ ਸੂਬਾ’ ਬਣਾ ਦਿੱਤਾ ਹੈ ਅਤੇ ਇਥੇ ਲਗਾਤਾਰ ਨਵੇਂ ਤਜਰਬੇ ਕੀਤੇ ਜਾ ਰਹੇ ਹਨ ਪਰ ਪਾਰਟੀ ਦੇ ਤਜਰਬੇ ਅਸਫ਼ਲ ਹੁੰਦੇ ਜਾ ਰਹੇੇ ਹਨ । ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਲੀਡਰਸ਼ਿਪ ਦੇ ਵੱਡੇ ਸੰਕਟ ਵਿਚੋਂ ਲੰਘ ਰਹੀ ਹੈ ਅਤੇ ਪਾਰਟੀ ਵਿਚ ਆਉਣ ਵਾਲੇ ਆਗੂਆਂ ਨੂੰ ਸੁਰੱਖਿਆ ਦੇ ਕੇ ਲੁਭਾਉਣ ਲਈ ਗੰਨਮੈਨ ਦੀ ਰਾਜਨੀਤੀ ਹੀ ਹੋ ਰਹੀ ਹੈ। ਸੁਰੱਖਿਆ ਵਾਲੇ ਇਹ ਆਗੂ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਗੰਭੀਰ ਨਹੀਂ ਹਨ, ਜਿਸ ਕਾਰਨ ਪੰਜਾਬ ਵਿਚ ਪਾਰਟੀ ਦਾ ਆਧਾਰ ਨਹੀਂ ਵਧ ਰਿਹਾ ਹੈ । ਪੰਜਾਬ ਵਿਚ ਪਾਰਟੀ ਨੂੰ ਆਪਣੀ ਭਰੋਸੇਯੋਗਤਾ ਮਜ਼ਬੂਤ ਕਰਨ ਲਈ ਮਜ਼ਬੂਤ ਲੀਡਰਸ਼ਿਪ ਤੋਂ ਇਲਾਵਾ ਪਾਰਟੀ ਦੇ ਕੰਮਕਾਜ ਵਿਚ ਵੱਡੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ।
ਪਿਛਲੇ ਸਾਲ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਪਾਰਟੀ ਦੇ ਆਗੂ ਪਿੰਡਾਂ ਵਿਚ ਲੋਕਾਂ ਵਿਚਕਾਰ ਨਹੀਂ ਜਾ ਰਹੇ ਅਤੇ ਭਾਜਪਾ ਲੀਡਰਸ਼ਿਪ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਕਰ ਪਾ ਰਹੀ ਹੈ। ਪੰਜਾਬ ਵਿਚ 12 ਹਜ਼ਾਰ ਤੋਂ ਵੱਧ ਪਿੰਡ ਹਨ ਅਤੇ ਪਾਰਟੀ ਦਾ ਇਥੇ ਕੋਈ ਮਜ਼ਬੂਤ ਆਧਾਰ ਨਹੀਂ ਹੈ । ਪਾਰਟੀ ਦੇ ਕੁਝ ਆਗੂ ਪਿੰਡਾਂ ਵਿਚ ਲੋਕਾਂ ਵਿਚਕਾਰ ਕੰਮ ਕਰਨ ਲਈ ਯਤਨ ਕਰ ਰਹੇ ਹਨ ਪਰ ਕੇਂਦਰੀ ਲੀਡਰਸ਼ਿਪ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਪੰਜਾਬ ਵਿਚ ਭਾਜਪਾ ਕਮਜ਼ੋਰ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਏਡਜ਼ ਦੇ ਹੈਰਾਨ ਕਰਨ ਵਾਲੇ ਅੰਕੜੇ, ਬੇਹੱਦ ਚਿੰਤਾਜਨਕ ਰਿਪੋਰਟ ਆਈ ਸਾਹਮਣੇ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਆਏ ਕੁਝ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਪੰਜਾਬ ਭਾਜਪਾ ਦੇ ਤਤਕਾਲੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਉਨ੍ਹਾਂ ਨੂੰ ਪਾਰਟੀ ਕਲਚਰ ਵਿਚ ਢਾਲ ਕੇ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਸਾਲ ਅਸ਼ਵਨੀ ਸ਼ਰਮਾ ਨੂੰ ਬਦਲ ਦਿੱਤਾ ਗਿਆ। ਭਾਜਪਾ ਦਾ ਪੁਰਾਣਾ ਕਾਡਰ ਨਵੇਂ ਪ੍ਰਧਾਨ ਸੁਨੀਲ ਜਾਖੜ ਨਾਲ ਤਾਲਮੇਲ ਨਹੀਂ ਬਣਾ ਪਾ ਰਿਹਾ ਹੈ । ਹਾਲਾਤ ਇਹ ਬਣ ਗਏ ਹਨ ਕਿ ਜਾਖੜ ਵੱਲੋਂ 26 ਨਵੰਬਰ ਨੂੰ ਬੁਲਾਈ ਗਈ ਪਾਰਟੀ ਮੀਟਿੰਗ ਵਿਚ ਸੂਬੇ ਦੇ 230 ਅਹੁਦੇਦਾਰਾਂ ਵਿਚੋਂ ਸਿਰਫ਼ 90 ਹੀ ਸ਼ਾਮਲ ਹੋਏ। ਭਾਜਪਾ ਅੰਦਰ ਚੱਲ ਰਹੀ ਇਸ ਖਿੱਚੋਤਾਣ ਤੋਂ ਚਿੰਤਤ ਸੰਘ ਨੂੰ ਸੂਬੇ ਦੇ ਹਾਲਾਤ ’ਤੇ ਵਿਚਾਰ ਕਰਨ ਲਈ ਚੰਡੀਗੜ੍ਹ ’ਚ ਮੀਟਿੰਗ ਕਰਨੀ ਪਈ ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ
ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਮੰਨੇ ਜਾਂਦੇ ਕਈ ਵੱਡੇ ਕਾਂਗਰਸੀ ਆਗੂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਪਰ ਕੁਝ ਮਹੀਨਿਆਂ ਵਿਚ ਹੀ ਇਨ੍ਹਾਂ ਆਗੂਆਂ ਦਾ ਭਾਜਪਾ ਤੋਂ ਮੋਹ ਭੰਗ ਹੋ ਗਿਆ ਅਤੇ ਇਹ ਸਾਰੇ ਆਗੂ ਮੁੜ ਕਾਂਗਰਸ ਵਿਚ ਆ ਗਏ ਹਨ । ਇਸ ਲਈ ਪੰਜਾਬ ਵਿਚ ਭਾਜਪਾ ਨੂੰ ਵੱਡੇ ਆਗੂਆਂ ਦੀ ਘਾਟ ਹੈ । ਕਾਂਗਰਸ ਤੋਂ ਆਏ ਆਗੂ ਭਾਜਪਾ ਦੇ ਕਲਚਰ ਅਨੁਸਾਰ ਖੁਦ ਨੂੰ ਢਾਲਣ ਦੇ ਸਮਰੱਥ ਨਹੀਂ ਹਨ । ਕਾਂਗਰਸ ’ਚ ਹੁੰਦਿਆਂ ਇਹ ਆਗੂ ਮੀਡੀਆ ’ਚ ਖੁੱਲ੍ਹ ਕੇ ਆਪਣੇ ਬਿਆਨ ਜਾਰੀ ਕਰਦੇ ਸਨ ਪਰ ਭਾਜਪਾ ’ਚ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਪਾਰਟੀ ਤੋਂ ਮਨਜ਼ੂਰੀ ਲੈਣ ਦਾ ਰਿਵਾਜ ਹੈ, ਜਿਸ ਕਾਰਨ ਨੇਤਾਵਾਂ ਦੇ ਬਿਆਨ ਲੋਕਾਂ ਤੱਕ ਨਹੀਂ ਪਹੁੰਚ ਰਹੇ ਅਤੇ ਇਹ ਆਗੂ ਭਾਜਪਾ ’ਚ ਖੁਦ ਨੂੰ ਅਸਹਿਜ ਮਹਿਸੂਸ ਕਰ ਰਹੇ ਹਨ ।
ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਿੱਖਾਂ ਲਈ ਕਈ ਅਹਿਮ ਫ਼ੈਸਲੇ ਲਏ ਹਨ ਅਤੇ ਇਨ੍ਹਾਂ ਫ਼ੈਸਲਿਆਂ ਦਾ ਅਸਰ ਸਿੱਖ ਵੱਡੀ ਗਿਣਤੀ ਵਾਲੇ ਸੂਬੇ ਪੰਜਾਬ ਦੀਆਂ ਚੋਣਾਂ ਵਿਚ ਦੇਖਣ ਨੂੰ ਮਿਲਣਾ ਚਾਹੀਦਾ ਸੀ ਪਰ ਸਿੱਖ ਕੌਮ ਲਈ ਆਪਣੀ ਹੀ ਸਰਕਾਰ ਵੱਲੋਂ ਕੀਤੇ ਗਏ ਕੰਮ ਪਾਰਟੀ ਦੀ ਲੀਡਰਸ਼ਿਪ ਜ਼ਮੀਨੀ ਪੱਧਰ ਤੱਕ ਨਹੀਂ ਪਹੁੰਚਾ ਸਕੀ ਅਤੇ ਸਿੱਖਾਂ ਦਾ ਭਾਜਪਾ ਨਾਲ ਸੰਪਰਕ ਨਹੀਂ ਬਣ ਸਕਿਆ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰਪੋਰਟ ਵਰਗਾ ਦਿਖਾਈ ਦੇਵੇਗਾ 'ਚੰਡੀਗੜ੍ਹ ਰੇਲਵੇ ਸਟੇਸ਼ਨ', ਯਾਤਰੀਆਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ
NEXT STORY