ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ)- ਮਾਘੀ ਮੇਲਾ ਤਖਤੂਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰੰਸ 'ਚ ਖਾਲਿਸਤਾਨ ਦੇ ਨਾਅਰੇ ਗੂੰਜਦੇ ਰਹੇ। ਪਾਰਟੀ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਦੇ ਅਮਲਾ ਤੋਂ ਬਾਅਦ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤਾ ਗਿਆ 200 ਰੁਪਏ ਦੇ ਨੋਟ ਦਾ ਪੂਰਨ ਰੂਪ 'ਚ ਭਗਵਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ 'ਚ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ ਹਨ, ਇਸ ਲਈ ਘੱਟ ਗਿਣਤੀ ਕੌਮਾਂ ਸਮੇਤ ਸਿੱਖ ਕੌਮ ਨੂੰ ਆਪਣਾ ਵੱਖਰਾ ਰਾਜ ਸਥਾਪਤ ਕਰਨਾ ਪਵੇਗਾ, ਜਿਸ ਲਈ ਅਸੀਂ ਦ੍ਰਿੜ ਹਾਂ ਅਤੇ ਇਸ ਦੀ ਪ੍ਰਾਪਤੀ ਤੱਕ ਸਿੱਖ ਹੱਕਾਂ ਲਈ ਸੰਘਰਸ਼ ਕਰਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਅੱਜ ਦਾ ਪੰਥਕ ਇਕੱਠ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੈਂਟਰ ਦੇ ਅਜੋਕੇ ਹੁਕਮਰਾਨਾਂ ਤੋਂ ਪੁੱਛਣਾ ਚਾਹੇਗਾ ਕਿ ਜਦੋਂ ਇਕ ਡੂੰਘੀ ਸਾਜ਼ਿਸ਼ ਤਹਿਤ ਸਿੱਖ ਕੌਮ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰੀਬ 95 ਵਾਰ ਵੱਖ-ਵੱਖ ਥਾਵਾਂ 'ਤੇ ਅਪਮਾਨਿਤ ਕੀਤੇ ਗਏ ਨਾ ਤਾਂ ਬਾਦਲਾਂ ਨੇ ਆਪਣੀ ਹਕੂਮਤ 'ਚ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਸਟੇਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ, ਨਾਲ ਹੀ ਉਨ੍ਹਾਂ 20-20 ਸਾਲ ਤੋਂ ਜੇਲਾਂ 'ਚ ਬੰਦ ਸਿੱਖ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਫਿਰ ਸਿੱਖ ਨੌਜਵਾਨੀ ਨੂੰ ਡੂੰਘੀ ਸਾਜ਼ਿਸ਼ ਤਹਿਤ ਬਦਨਾਮ ਕਰਨ ਲਈ ਅੱਤਵਾਦੀ, ਵੱਖਵਾਦੀ, ਗਰਮ ਦਲੀਏ ਸ਼ਰਾਰਤੀ ਅਨਸਰ ਅਤੇ ਗੈਂਗਸਟਰ ਨਾਂ ਦੇ ਕੇ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਵੱਲੋਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਗਈ ਸੀ ਅਤੇ ਅੱਜ ਫਿਰ ਸਤਿਕਾਰ ਕਮੇਟੀ ਸਰਕਾਰ ਕਮੇਟੀ ਬਣ ਕੇ ਪੰਥਕ ਆਗੂਆਂ ਦਾ ਵਿਰੋਧ ਕਰ ਰਹੀ ਹੈ। ਸ. ਮਾਨ ਨੇ ਕਿਹਾ ਕਿ ਮੋਗਾ ਜ਼ਿਲੇ 'ਚ ਪੁਲਸ ਵੱਲੋਂ ਸਿੱਖ ਨੌਜਵਾਨਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਪਰ ਸਿੱਖਾਂ ਦੀਆਂ ਵੋਟਾਂ ਠੱਗਣ ਵਾਲੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਨੇ ਨੌਜਵਾਨਾਂ ਦੇ ਹੱਕ 'ਚ ਆਵਾਜ਼ ਉਠਾਉਣੀ ਵੀ ਉੱਚਤ ਨਹੀਂ ਸਮਝੀ, ਜੋ ਕਿ ਸਿੱਖਾਂ ਨਾਲ ਧ੍ਰੋਹ ਹੈ। ਅੰਤ 'ਚ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਸ ਗੱਲ ਤੋਂ ਖਬਰਦਾਰ ਕਰਦੇ ਹਾਂ ਕਿ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੀਆਂ ਤੁਰੰਤ ਜਨਰਲ ਚੋਣਾਂ ਦਾ ਐਲਾਨ ਕੀਤਾ ਜਾਵੇ। ਇਸ ਸਮੇਂ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਭਜਨ ਸਿੰਘ ਕਸ਼ਮੀਰੀ, ਇਕਬਾਲ ਸਿੰਘ ਬਰੀ ਵਾਲਾ, ਜ਼ਿਲਾ ਪ੍ਰਧਾਨ ਹਰਪਾਲ ਸਿੰਘ ਕੁੱਸਾ, ਮਨਜੀਤ ਸਿੰਘ ਮੱਲਾ, ਬਲਰਾਜ ਸਿੰਘ ਖਾਲਸਾ, ਗੁਰਜੰਟ ਸਿੰਘ ਸਮਾਲਸਰ, ਰਮਿੰਦਰਜੀਤ ਸਿੰਘ ਅਮਰੀਕਾ, ਤਰਲੋਕ ਸਿੰਘ ਡੱਲਾ, ਸਤਿਨਾਮ ਸਿੰਘ ਬਿਲਾਸਪੁਰ, ਆਤਮਾ ਸਿੰਘ ਕੁੱਸਾ, ਗੁਰਜੰਟ ਸਿੰਘ ਕੱਟੂ, ਭੁਪਿੰਦਰ ਸਿੰਘ ਬੁੱਧ ਸਿੰਘ ਵਾਲਾ ਆਦਿ ਹਾਜ਼ਰ ਸਨ।
ਥਰਮਲ ਪਲਾਂਟ ਦੇ ਮੇਨ ਗੇਟ ਮੂਹਰੇ ਰੋਸ ਰੈਲੀ
NEXT STORY